ਨਵੀਂ ਦਿੱਲੀ, (ਇੰਟ.)-ਬ੍ਰਿਟਾਨੀਆ ਦੇ ਬ੍ਰੈੱਡ ਦੇ ਪੈਕਟ ’ਤੇ ਦਾਅਵਾ ਸੀ ‘100 ਫੀਸਦੀ ਹੋਲ ਵੀਟ’ ਭਾਵ 100 ਫੀਸਦੀ ਕਣਕ ਦਾ ਆਟਾ ਪਰ ਇਸ ਦੀ ਸਮੱਗਰੀ ’ਚ ਪਾਣੀ, ਖਮੀਰ, ਕਣਕ ਦਾ ਛਾਣ ਅਤੇ ਦੂਜੀਆਂ ਚੀਜ਼ਾਂ ਵੀ ਸ਼ਾਮਲ ਸਨ। ਕਣਕ ਦੇ ਆਟੇ ਨੂੰ ਲੈ ਕੇ ਕੀਤੇ ਇਸ ਪ੍ਰਚਾਰ ਨੂੰ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ. ਸੀ. ਪੀ. ਏ.) ਨੇ ਗੁੰਮਰਾਹਕੁੰਨ ਮੰਨਿਆ ਹੈ। ਅਥਾਰਟੀ ਨੇ ਬ੍ਰਿਟਾਨੀਆ ਇੰਡਸਟਰੀਜ਼ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਸਬੰਧਤ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਥਾਰਟੀ ਨੇ ਕੰਪਨੀ ਨੂੰ ਹੁਕਮ ਦੇ 15 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਜਮ੍ਹਾ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਹੈ। ਇਸ ਕਾਰਵਾਈ ਨੇ ਪੈਕਟਬੰਦ ਖੁਰਾਕੀ ਪਦਾਰਥਾਂ ’ਤੇ ਕੀਤੇ ਜਾਣ ਵਾਲੇ ਸਿਹਤ ਅਤੇ ਗੁਣਵੱਤਾ ਸਬੰਧੀ ਦਾਅਵਿਆਂ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
75 ਫੀਸਦੀ ਦੀ ਸ਼ਰਤ ਵੀ ਬਣੀ ਵਿਵਾਦ ਦੀ ਵਜ੍ਹਾ
ਰਿਪੋਰਟ ਮੁਤਾਬਕ ਖੁਰਾਕੀ ਉਤਪਾਦਾਂ ਦੇ ਨਾਂ ਅਤੇ ਉਨ੍ਹਾਂ ਦੀ ਬਣਤਰ ਨਾਲ ਜੁੜੇ ਨਿਯਮਾਂ ਤਹਿਤ ‘ਹੋਲ ਵੀਟ ਬ੍ਰੈੱਡ’ ਕਹਾਉਣ ਲਈ ਘੱਟੋ-ਘੱਟ 75 ਫੀਸਦੀ ਸਾਬਤ ਕਣਕ ਦਾ ਆਟਾ ਹੋਣਾ ਜ਼ਰੂਰੀ ਹੈ। ਕੰਪਨੀ ਨੇ ਆਪਣਾ ਪੱਖ ਰੱਖਦੇ ਹੋਏ ਦਲੀਲ ਦਿੱਤੀ ਕਿ ‘100 ਫੀਸਦੀ’ ਦਾ ਅਰਥ ਇਹ ਹੈ ਕਿ ਬ੍ਰੈੱਡ ’ਚ ਵਰਤਿਆ ਆਟਾ ਪੂਰੀ ਤਰ੍ਹਾਂ ਕਣਕ ਤੋਂ ਬਣਿਆ ਹੈ ਅਤੇ ਇਸ ’ਚ ਮੈਦਾ ਨਹੀਂ ਮਿਲਾਇਆ ਗਿਆ ਹੈ। ਹਾਲਾਂਕਿ ਸੀ. ਸੀ. ਪੀ. ਏ. ਨੇ ਇਸ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ। ਅਥਾਰਟੀ ਦਾ ਕਹਿਣਾ ਸੀ ਕਿ ‘100 ਫੀਸਦੀ’ ਦਾ ਦਾਅਵਾ ਉਤਪਾਦ ਦੀ ਸਮੁੱਚੀ ਬਣਤਰ ਬਾਰੇ ਸਪੱਸ਼ਟ ਸੰਦੇਸ਼ ਦਿੰਦਾ ਹੈ, ਨਾ ਕਿ ਸਿਰਫ ਉਸ ’ਚ ਵਰਤੇ ਜਾਣ ਵਾਲੇ ਆਟੇ ਦੇ ਸਰੋਤ ਬਾਰੇ।
ਬ੍ਰੈੱਡ ’ਚ 62 ਫੀਸਦੀ ਆਟਾ, ਫਿਰ ‘100 ਫੀਸਦੀ’ ਦਾ ਦਾਅਵਾ ਕਿਉਂ?
ਸੀ. ਸੀ. ਪੀ. ਏ. ਦੀ ਜਾਂਚ ’ਚ ਸਾਹਮਣੇ ਆਇਆ ਕਿ ਜਿਸ ਬ੍ਰੈੱਡ ਨੂੰ ਕੰਪਨੀ ‘100 ਫੀਸਦੀ ਹੋਲ ਵੀਟ ਬ੍ਰੈੱਡ’ ਦੇ ਨਾਮ ਨਾਲ ਪ੍ਰਚਾਰਿਤ ਕਰ ਰਹੀ ਸੀ, ਉਸ ’ਚ ਕਣਕ ਦੇ ਆਟੇ ਦੀ ਮਾਤਰਾ ਲੱਗਭਗ 62 ਫੀਸਦੀ ਸੀ। ਬਾਕੀ 38 ਫੀਸਦੀ ਹਿੱਸੇ ’ਚ ਪਾਣੀ, ਖਮੀਰ, ਕਣਕ ਦਾ ਛਾਣ ਅਤੇ ਹੋਰ ਸਮੱਗਰੀ ਸ਼ਾਮਲ ਸੀ। ਅਥਾਰਟੀ ਅਨੁਸਾਰ ਉਤਪਾਦ ’ਤੇ ਪ੍ਰਮੁੱਖਤਾ ਨਾਲ ‘100 ਫੀਸਦੀ’ ਲਿਖਣ ਨਾਲ ਆਮ ਖਪਤਕਾਰ ਨੂੰ ਇਹ ਲੱਗ ਸਕਦਾ ਹੈ ਕਿ ਬ੍ਰੈੱਡ ਪੂਰੀ ਤਰ੍ਹਾਂ ਕਣਕ ਦੇ ਸਾਬਤ ਆਟੇ ਤੋਂ ਬਣੀ ਹੈ। ਜਦੋਂਕਿ ਉਤਪਾਦ ਦੀ ਅਸਲ ਬਣਤਰ ਇਸ ਦਾਅਵੇ ਨਾਲ ਮੇਲ ਨਹੀਂ ਖਾਂਦੀ।
ਛੋਟੇ ਅੱਖਰਾਂ ’ਚ ਜਾਣਕਾਰੀ ਦੇਣਾ ਕਾਫੀ ਨਹੀਂ
ਅਥਾਰਟੀ ਨੇ ਪੈਕੇਟ ’ਤੇ ਛੋਟੇ ਅੱਖਰਾਂ ’ਚ ਦਿੱਤੀ ਇਸ ਜਾਣਕਾਰੀ ਨੂੰ ਵੀ ਕਾਫੀ ਨਹੀਂ ਮੰਨਿਆ ਕਿ ਉਤਪਾਦ ’ਚ ਵਰਤਿਆ ਆਟਾ 100 ਫੀਸਦੀ ਸਾਬਤ ਕਣਕ ਤੋਂ ਬਣਿਆ ਹੈ। ਉਸ ਦਾ ਕਹਿਣਾ ਸੀ ਕਿ ਜਦੋਂ ਪੈਕੇਟ ’ਤੇ ਵੱਡਾ ਅਤੇ ਪ੍ਰਮੁੱਖ ਦਾਅਵਾ ਖਪਤਕਾਰ ਨੂੰ ਗਲਤ ਧਾਰਨਾ ਦੇ ਸਕਦਾ ਹੈ, ਤਾਂ ਛੋਟੇ ਅੱਖਰਾਂ ’ਚ ਦਿੱਤੀ ਸਫਾਈ ਉਸ ਪ੍ਰਭਾਵ ਨੂੰ ਖਤਮ ਨਹੀਂ ਕਰਦੀ। ਸੀ. ਸੀ. ਪੀ. ਏ. ਨੇ ਬ੍ਰੈੱਡ ਦੇ ਸਿਹਤਮੰਦ ਖੁਰਾਕ ਲਈ ਢੁੱਕਵੇਂ ਹੋਣ ਅਤੇ 3 ਸਲਾਈਸ ’ਚ ਇਕ ਰੋਟੀ ਦੇ ਬਰਾਬਰ ਫਾਈਬਰ ਹੋਣ ਵਰਗੇ ਦਾਅਵਿਆਂ ਨੂੰ ਵੀ ਸਮੁੱਚੇ ਰੂਪ ’ਚ ਪਰਖਿਆ।
ਖੁਰਾਕੀ ਕੰਪਨੀਆਂ ਲਈ ਸਖਤ ਸੰਦੇਸ਼
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਵੀ ਮਈ 2025 ’ਚ ਖੁਰਾਕੀ ਉਤਪਾਦਾਂ ਦੇ ਲੇਬਲ, ਪੈਕੇਟ ਅਤੇ ਪ੍ਰਚਾਰ ਸਮੱਗਰੀ ’ਚ ‘100 ਫੀਸਦੀ’ ਸ਼ਬਦ ਦੀ ਵਰਤੋਂ ਨੂੰ ਲੈ ਕੇ ਖੁਰਾਕ ਕਾਰੋਬਾਰੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ। ਸੀ. ਸੀ. ਪੀ. ਏ. ਦੀ ਕਾਰਵਾਈ ਖਪਤਕਾਰ ਸੁਰੱਖਿਆ ਐਕਟ, 2019 ਤਹਿਤ ਗੁੰਮਰਾਹਕੁੰਨ ਇਸ਼ਤਿਹਾਰ ਅਤੇ ਅਣ-ਉਚਿਤ ਵਪਾਰਕ ਵਿਵਹਾਰ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਅਹਿਮ ਮੰਨੀ ਜਾ ਰਹੀ ਹੈ। ਇਸ ਨਾਲ ਖੁਰਾਕੀ ਕੰਪਨੀਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ‘100 ਫੀਸਦੀ’, ‘ਸ਼ੁੱਧ’ ਅਤੇ ‘ਕੁਦਰਤੀ’ ਵਰਗੇ ਸ਼ਬਦ ਸਿਰਫ ਪ੍ਰਚਾਰ ਦਾ ਮਾਧਿਅਮ ਨਹੀਂ ਹੋ ਸਕਦੇ। ਅਜਿਹੇ ਦਾਅਵਿਆਂ ਦੇ ਪਿੱਛੇ ਠੋਸ ਆਧਾਰ ਅਤੇ ਸਹੀ ਜਾਣਕਾਰੀ ਹੋਣਾ ਜ਼ਰੂਰੀ ਹੈ, ਤਾਂ ਜੋ ਖਪਤਕਾਰ ਉਤਪਾਦ ਦੀ ਗੁਣਵੱਤਾ ਅਤੇ ਬਣਤਰ ਸਮਝ ਕੇ ਖਰੀਦਦਾਰੀ ਦਾ ਫੈਸਲਾ ਕਰ ਸਕਣ।
ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਹੋਇਆ ਬੰਦ, ਸੈਂਸੈਕਸ 482 ਅੰਕਾਂ ਦੀ ਛਾਲ, ਨਿਫਟੀ 22,753 'ਤੇ
NEXT STORY