ਵੈੱਬ ਡੈਸਕ- ਅਹੋਈ ਅਸ਼ਟਮੀ ਹਿੰਦੂ ਧਰਮ ਦਾ ਇਕ ਮਹੱਤਵਪੂਰਨ ਤਿਉਹਾਰ ਹੈ, ਜੋ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਵਰਤ ਖ਼ਾਸ ਤੌਰ 'ਤੇ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਕਰਦੀਆਂ ਹਨ। ਇਸ ਨੂੰ “ਸੰਤਾਨ ਸੁਰੱਖਿਆ ਵਰਤ” ਵੀ ਕਿਹਾ ਜਾਂਦਾ ਹੈ।
ਤਾਰਿਆਂ ਦੇ ਨਿਕਲਣ ਦਾ ਸਮਾਂ ਤੇ ਪੂਜਾ ਮੁਹੂਰਤ
ਇਸ ਸਾਲ ਕਾਰਤਿਕ ਕ੍ਰਿਸ਼ਨ ਅਸ਼ਟਮੀ 13 ਅਕਤੂਬਰ ਦੁਪਹਿਰ 12:24 ਤੋਂ 14 ਅਕਤੂਬਰ ਸਵੇਰੇ 11:09 ਵਜੇ ਤੱਕ ਰਹੇਗੀ। ਅਹੋਈ ਅਸ਼ਟਮੀ ਦੀ ਪੂਜਾ ਦਾ ਸ਼ੁੱਭ ਸਮਾਂ ਸ਼ਾਮ 5:53 ਤੋਂ 7:08 ਵਜੇ ਤੱਕ ਰਹੇਗਾ। ਪੰਚਾਂਗ ਅਨੁਸਾਰ, ਅੱਜ ਸ਼ਾਮ ਤਾਰੇ 7:32 ਵਜੇ ਨਿਕਲਣਗੇ, ਜਿਨ੍ਹਾਂ ਨੂੰ ਅਰਘ ਦੇਣ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।
ਅਹੋਈ ਅਸ਼ਟਮੀ ਦਾ ਮਹੱਤਵ
ਇਸ ਦਿਨ ਮਾਵਾਂ ਅਹੋਈ ਮਾਤਾ ਦੀ ਪੂਜਾ ਕਰਦੀਆਂ ਹਨ ਅਤੇ ਆਪਣੀ ਸੰਤਾਨ ਦੀ ਲੰਬੀ ਉਮਰ, ਸੁਖ ਅਤੇ ਸਮ੍ਰਿੱਧੀ ਦੀ ਕਾਮਨਾ ਕਰਦੀਆਂ ਹਨ। ਜਿਹੜੀਆਂ ਔਰਤਾਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੀਆਂ ਹਨ, ਉਹ ਵੀ ਇਹ ਵਰਤ ਕਰਦੀਆਂ ਹਨ। ਪਹਿਲਾਂ ਇਹ ਵਰਤ ਪੁੱਤਰਾਂ ਦੀ ਸੁਰੱਖਿਆ ਲਈ ਰੱਖਿਆ ਜਾਂਦਾ ਸੀ, ਪਰ ਹੁਣ ਇਹ ਸਭ ਬੱਚਿਆਂ ਦੀ ਭਲਾਈ ਲਈ ਕੀਤਾ ਜਾਂਦਾ ਹੈ, ਚਾਹੇ ਪੁੱਤਰ ਹੋਣ ਜਾਂ ਪੁਤਰੀਆਂ।
ਪੂਜਾ ਵਿਧੀ
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਵਰਤ ਰੱਖਣ ਵਾਲੀਆਂ ਔਰਤਾਂ ਸੁੱਚੇ ਕੱਪੜੇ ਪਹਿਨ ਕੇ ਸੰਕਲਪ ਲੈਂਦੀਆਂ ਹਨ ਕਿ ਉਹ ਸੰਤਾਨ ਦੀ ਖੁਸ਼ਹਾਲੀ ਲਈ ਇਹ ਵਰਤ ਕਰਨਗੀਆਂ। ਅਹੋਈ ਮਾਤਾ ਦੀ ਤਸਵੀਰ ਜਾਂ ਮੂਰਤੀ ਨੂੰ ਸਾਫ਼ ਸਥਾਨ 'ਤੇ ਰੱਖ ਕੇ ਪੂਜਾ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਮਾਵਾਂ ਦੀਵਾਰ 'ਤੇ ਅਹੋਈ ਮਾਤਾ ਅਤੇ ਸਿਆਹੂ (ਸਾਹੀ) ਦੀ ਤਸਵੀਰ ਬਣਾਉਂਦੀਆਂ ਹਨ ਜਾਂ ਛਪੇ ਹੋਏ ਚਿੱਤਰ ਵਰਤਦੀਆਂ ਹਨ। ਪੂਜਾ ਲਈ ਰੋਲੀ, ਚੌਲ, ਦੁੱਧ, ਜਲ, ਫੁੱਲ, ਮਠਿਆਈ, ਫਲ, ਧੂਪ ਤੇ ਦੀਵਾ ਵਰਤੇ ਜਾਂਦੇ ਹਨ। ਚਾਂਦੀ ਦੀ ਅਹੋਈ ਦੀ ਖ਼ਾਸ ਮਹੱਤਤਾ ਹੁੰਦੀ ਹੈ, ਪਰ ਇਸ ਦੀ ਥਾਂ ਮਿੱਟੀ ਨਾਲ ਵੀ ਅਹੋਈ ਮਾਤਾ ਦੀ ਮੂਰਤੀ ਬਣਾਈ ਜਾ ਸਕਦੀ ਹੈ।
ਅਹੋਈ ਅਸ਼ਟਮੀ ਦੀ ਕਥਾ
ਪੁਰਾਣੀਆਂ ਕਥਾਵਾਂ ਅਨੁਸਾਰ, ਇਕ ਵਾਰ ਇਕ ਔਰਤ ਆਪਣੇ ਬੱਚਿਆਂ ਲਈ ਜੰਗਲ ਤੋਂ ਮਿੱਟੀ ਲੈਣ ਗਈ ਸੀ। ਖੋਦਾਈ ਦੌਰਾਨ ਉਸ ਦੀ ਕਹੀ ਨਾਲ ਗਲਤੀ ਨਾਲ ਇਕ ਸਾਹੀ ਦੇ ਬੱਚੇ ਦੀ ਮੌਤ ਹੋ ਗਈ। ਇਸ ਕਾਰਨ ਉਹ ਔਰਤ ਬੇਹੱਦ ਦੁਖੀ ਹੋ ਗਈ ਅਤੇ ਉਸ 'ਤੇ ਪਾਪ ਦਾ ਬੋਝ ਮਹਿਸੂਸ ਕਰਨ ਲੱਗੀ। ਬਾਅਦ 'ਚ ਉਸ ਇਸ ਪਾਪ ਦਾ ਪ੍ਰਾਯਸ਼ਚਿਤ ਕਰਨ ਲਈ ਅਹੋਈ ਮਾਤਾ ਦੀ ਭਗਤੀ ਨਾਲ ਪੂਜਾ ਕੀਤੀ। ਮਾਤਾ ਅਹੋਈ ਨੇ ਉਸ ਦੀ ਭਗਤੀ ਤੋਂ ਖੁਸ਼ ਹੋ ਕੇ ਉਸ ਨੂੰ ਮੁਆਫ਼ ਕੀਤਾ ਅਤੇ ਉਸ ਦੀ ਸੰਤਾਨ ਦੀ ਰੱਖਿਆ ਦਾ ਵਚਨ ਦਿੱਤਾ। ਉਦੋਂ ਤੋਂ ਅਹੋਈ ਅਸ਼ਟਮੀ ਦਾ ਵਰਤ ਸੰਤਾਨ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਘਰ 'ਚੋਂ ਕੱਢ ਦਿਓ ਇਹ 6 ਅਸ਼ੁੱਭ ਚੀਜ਼ਾਂ, ਨਹੀਂ ਤਾਂ ਚਲੀ ਜਾਵੇਗੀ ਘਰ ਦੀ ਲਕਸ਼ਮੀ
NEXT STORY