ਜਲੰਧਰ (ਵੈੱਬ ਡੈਸਕ) : ਸਾਲ ਦਾ ਆਖਰੀ ਸੂਰਜ ਗ੍ਰਹਿਣ ਅੱਜ ਯਾਨੀ ਮੰਗਲਵਾਰ ਵਾਲੇ ਦਿਨ ਲੱਗ ਰਿਹਾ ਹੈ। ਇਹ ਖੰਡ ਸੂਰਜ ਗ੍ਰਹਿਣ ਹੋਵੇਗਾ, ਜਿਸ ਦਾ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ। ਭਾਰਤੀ ਸਮੇਂ ਮੁਤਾਬਕ ਸੂਰਜ ਗ੍ਰਹਿਣ ਸ਼ਾਮ 4:29 ਵਜੇ ਸ਼ੁਰੂ ਹੋਵੇਗਾ ਅਤੇ 5:34 ਤੱਕ ਜਾਰੀ ਰਹੇਗਾ। ਧਾਰਮਿਕ ਗ੍ਰੰਥਾਂ ਅਨੁਸਾਰ, ਸੂਰਜ ਗ੍ਰਹਿਣ ਦੌਰਾਨ ਕੋਈ ਸ਼ੁੱਭ ਕਾਰਜ ਨਹੀਂ ਕਰਨਾ ਚਾਹੀਦਾ। ਨਾਲ ਹੀ ਅੰਨ-ਜਲ ਗ੍ਰਹਿਣ ਕਰਨ ਦੀ ਵੀ ਮਨਾਹੀ ਹੁੰਦੀ ਹੈ। ਸੂਰਜ ਗ੍ਰਹਿਣ ਵਾਲੇ ਦਿਨ ਪੂਜਾ, ਜੱਪ, ਤਪ ਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਜੋਤਸ਼ੀਆਂ ਦੀ ਮੰਨੀਏ ਤਾਂ ਸੂਰਜ ਗ੍ਰਹਿਣ ਦੌਰਾਨ ਦਾਨ ਕਰਨ ਨਾਲ ਜੀਵਨ 'ਚ ਸੁੱਖ ਤੇ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ। ਨਾਲ ਹੀ ਸਾਰੇ ਦੁੱਖ-ਦਰਦ ਦੂਰ ਹੋ ਜਾਂਦੇ ਹਨ।
ਗਰਭਵਤੀ ਜਨਾਨੀਆਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
1. ਸੂਰਜ ਗ੍ਰਹਿਣ ਦੇ ਸਮੇਂ ਗਰਭਵਤੀ ਜਨਾਨੀਆਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਗ੍ਰਹਿਣ ਦੀ ਰੌਸ਼ਨੀ ਬੱਚੇ ਦੀ ਸਿਹਤ ਲਈ ਠੀਕ ਨਹੀਂ ਹੁੰਦੀ।
2. ਗ੍ਰਹਿਣ ਦੌਰਾਨ ਗਰਭਵਤੀ ਜਨਾਨੀਆਂ ਨੂੰ ਸੂਈ-ਧਾਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕੁੱਝ ਕੱਟਣਾ ਚਾਹੀਦਾ ਹੈ।
3. ਗਰਭਵਤੀ ਜਨਾਨੀਆਂ ਨੂੰ ਆਰਾਮ ਕਰਨਾ ਚਾਹੀਦਾ ਹੈ।
4. ਗ੍ਰਹਿਣ ਦੌਰਾਨ ਗਰਭਵਤੀ ਜਨਾਨੀਆਂ ਨੂੰ ਸੌਣਾ ਨਹੀਂ ਚਾਹੀਦਾ ਸਗੋਂ ਪ੍ਰਮਾਤਮਾ ਦੇ ਨਾਂ ’ਚ ਧਿਆਨ ਲਗਾਉਣਾ ਚਾਹੀਦਾ ਹੈ।
5. ਗ੍ਰਹਿਣ ਤੋਂ ਪਹਿਲਾਂ ਗਰਭਵਤੀ ਜਨਾਨੀਆਂ ਖਾਣਾ ਖਾ ਸਕਦੀਆਂ ਹਨ ਤੇ ਗ੍ਰਹਿਣ ਖ਼ਤਮ ਹੋਣ ’ਤੇ ਨਹਾ ਕੇ ਹੀ ਭੋਜਨ ਦਾ ਸੇਵਨ ਕਰਨ। ਖਾਣ ਵਾਲੀਆਂ ਚੀਜ਼ਾਂ ’ਚ ਪਹਿਲਾਂ ਹੀ ਤੁਲਸੀ ਦੇ ਪੱਤੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਪਹਿਲਾਂ ਤੋਂ ਪਿਆ ਭੋਜਨ ਨੂੰ ਸੁੱਟਣਾ ਨਾ ਪਵੇ।
6. ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਾ ਦੇਖੋ। ਇਸ ਨੂੰ ਦੂਰਬੀਨ ਜਾਂ ਐਨਕਾਂ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ।
7. ਗ੍ਰਹਿਣ ਦੌਰਾਨ ਭੋਜਨ ਨਾ ਕਰੋ। ਜੇਕਰ ਕੋਈ ਵਿਕਲਪ ਨਹੀਂ ਹੈ ਤਾਂ ਤੁਲਸੀ ਦੀਆਂ ਪੱਤੀਆਂ ਨੂੰ ਖਾਣੇ ’ਚ ਪਾ ਦਿਓ।
8. ਗ੍ਰਹਿਣ ਤੋਂ ਬਾਅਦ ਭੋਜਨ ਤੇ ਕੱਪੜੇ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਕੀ ਕਰਨਾ ਚਾਹੀਦਾ ਹੈ ਗ੍ਰਹਿਣ ਦੌਰਾਨ
ਗ੍ਰਹਿਣ ਸਮੇਂ ਮੰਤਰ ਜਾਪ ਕਰਨਾ ਚਾਹੀਦਾ ਹੈ ਪਰ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਗ੍ਰਹਿਣ ਖ਼ਤਮ ਹੋਣ ’ਤੇ ਘਰ ਦੀ ਸਫ਼ਾਈ ਕਰਨੀ ਚਾਹੀਦੀ ਹੈ। ਗ੍ਰਹਿਣ ਤੋਂ ਪਹਿਲਾਂ ਖਾਣ-ਪੀਣ ਵਾਲੀਆਂ ਚੀਜ਼ਾਂ ’ਚ ਤੁਲਸੀ ਦੇ ਪੱਤੇ ਪਾ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਖਾਣੇ ’ਤੇ ਗ੍ਰਹਿਣ ਦੀ ਨਾਕਾਰਤਮਕ ਕਿਰਣਾਂ ਦਾ ਪ੍ਰਭਾਵ ਨਹੀਂ ਪੈਂਦਾ।
ਅੱਜ ਲੱਗੇਗਾ ਸਾਲ ਦਾ ਆਖ਼ਰੀ ‘ਸੂਰਜ ਗ੍ਰਹਿਣ’, ਜਾਣੋ ਭਾਰਤ ’ਚ ਕਦੋਂ ਅਤੇ ਕਿਥੇ ਦੇਵੇਗਾ ਵਿਖਾਈ
NEXT STORY