ਸਦੀਆਂ ਤੋਂ ਮੱਸਿਆ ਦੀ ਕਾਲੀ ਰਾਤ ਵਿਚ ਸਾਡੇ ਸਾਰਿਆਂ ਦੇ ਦਿਲਾਂ ਦੀ স ਦਹਿਲੀਜ਼ 'ਤੇ ਮਿੱਟੀ ਦਾ ਦੀਵਾ ਟਿਮਟਿਮਾਉਂਦਾ ਆ ਰਿਹਾ ਹੈ। ਦੀਵਾਲੀ ਦਾ ਤਿਉਹਾਰ ਸਿਰਫ਼ ਹਨੇਰੇ ਅਤੇ ਰੌਸ਼ਨੀ ਦੇ ਰਿਸ਼ਤੇ 'ਤੇ ਆਧਾਰਿਤ ਇਕ ਪ੍ਰੰਪਰਾ ਹੀ ਨਹੀਂ, ਸਗੋਂ ਇਸ ਤਿਉਹਾਰ 'ਤੇ ਜਗਣ ਵਾਲਾ ਹਰ ਦੀਵਾ ਉਮੀਦ ਦੀ ਇਕ ਨਵੀਂ ਕਿਰਨ ਵੀ ਫੈਲਾਉਂਦਾ ਹੈ। ਭਾਰਤੀ ਸਮਾਜਿਕ ਜੀਵਨ ਵਿਚ ਦੀਪ ਉਤਸਵ ਝੂਠ ਅਤੇ ਅਗਿਆਨਤਾ ਰੂਪੀ ਹਨੇਰੇ 'ਤੇ ਸੱਚ ਅਤੇ ਗਿਆਨ ਰੂਪੀ ਚਾਨਣ ਦੀ ਸਥਾਪਨਾ ਦਾ ਤਿਉਹਾਰ ਵੀ ਹੈ। ਹਰ ਦੀਵੇ ਦਾ ਚਾਨਣ ਸਾਨੂੰ ਇਕ ਸਹਿਜ ਸੰਦੇਸ਼ ਦਿੰਦਾ ਹੈ- 'ਅੱਪ ਦੀਪੋ ਭਵ' ਭਾਵ ਆਪਣਾ ਦੀਵਾ ਖੁਦ ਬਣੋ। ਜਾਣੇ, ਪੰਜ ਦਿਨਾਂ ਦੇ ਇਸ ਤਿਉਹਾਰ 'ਤੇ ਪੰਜ ਦੀਵੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਨ.
ਦੀਵਾਲੀ 'ਤੇ ਧਨ ਅਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਲਕਸ਼ਮੀ-ਗਣੇਸ਼ ਦੀ ਪੂਜਾ ਕਰਨ ਦੀ ਅਟੁੱਟ ਪ੍ਰੰਪਰਾ ਤਾਂ ਹੈ ਹੀ, ਨਾਲ ਹੀ ਧਨ ਦੇ ਨਾਲ ਅੰਨ ਦੇ ਰੂਪ ਵਿਚ ਭਗਵਤੀ ਅੰਨਪੂਰਨਾ ਦੀ ਵੀ ਅਰਾਧਨਾ ਕੀਤੀ ਜਾਂਦੀ ਹੈ। ਇਨ੍ਹਾਂ ਪ੍ਰੰਪਰਾਵਾਂ ਦੇ ਨਾਲ-ਨਾਲ ਦੀਵਾਲੀ ਦਾ ਦੀਵਾ ਮਨੁੱਖੀ ਜੀਵਨ ਵਿਚ ਪ੍ਰਤੀਕਾਂ ਅਤੇ ਸੰਦੇਸ਼ਾਂ ਦਾ ਵਾਹਕ ਵੀ ਹੈ। ਇਸ ਦੇ ਹਰ ਪਹਿਲੂ ਵਿਚ ਲੋਕ ਭਲਾਈ ਦੀ ਭਾਵਨਾ ਪ੍ਰਮੁੱਖਤਾ ਨਾਲ ਦਿਖਾਈ ਦਿੰਦੀ ਹੈ। ਇਹੀ ਕਾਰਨ ਹੈ ਕਿ ਦੀਵਾਲੀ ਅੰਨ, ਧਨ ਅਤੇ ਲੋਕਾਂ ਨਾਲ ਰੌਸ਼ਨ ਜੀਵਨ ਦਾ ਸੰਦੇਸ਼ ਦਿੰਦੀ ਹੈ।
ਇਸੇ ਲਈ ਹਰਿਵੰਸ਼ ਰਾਏ ਬੱਚਨ ਨੇ ਲਿਖਿਆ ਹੈ।
'ਮਿੱਟੀ ਕਾ ਤਨ, ਮਸਤੀ ਕਾ ਮਨ, ਛਣ ਭਰ ਜੀਵਨ ਮੇਰਾ ਪਰਿਚਯ ।"
ਪਹਿਲਾ ਦੀਵਾ- ਗਿਆਨ ਦੀ ਜੋਤ ਬਣੋ
ਦੀਵਾਲੀ ਦਾ ਦੀਵਾ ਆਪਣੇ ਜੀਵਨ ਵਿਚ ਸਮਝ ਅਤੇ ਗਿਆਨ ਦੀ ਜੋਤ ਜਗਾਉਣ ਦਾ ਸੱਦਾ ਦਿੰਦਾ ਹੈ। ਸਾਡੇ ਸਾਰਿਆਂ ਦੇ ਜੀਵਨ ਵਿਚ ਗਿਆਨ ਦੀ ਜੋਤ ਸਾਨੂੰ ਹਰ ਤਰ੍ਹਾਂ ਦੀ ਗਰੀਬੀ ਅਤੇ ਚੁਣੌਤੀਆਂ ਵਿਚੋਂ ਬਾਹਰ ਕੱਢ ਸਕਦੀ ਹੈ। ਗਿਆਨ ਦੇ ਚਾਨਣ ਦੀ ਇਹ ਪ੍ਰੰਪਰਾ ਸਾਨੂੰ ਇਹ ਸਬਕ ਸਿਖਾਉਂਦੀ ਹੈ ਕਿ ਅਸੀਂ ਸਾਰੇ ਆਪਣੇ ਵਿਅਕਤੀਤਵ ਨੂੰ ਹੋਰ ਨਿਖਾਰ ਸਕਦੇ ਹਾਂ ਅਤੇ ਜੀਵਨ ਨੂੰ ਰੋਸ਼ਨ ਬਣਾ ਸਕਦੇ ਹਾਂ। ਦੀਵਾਲੀ ਦੇ ਦੀਵੇ ਦਾ ਪਹਿਲਾ ਸੰਦੇਸ਼ ਗਿਆਨ ਦੀ ਸਿਰਜਣਾ ਦਾ ਹੀ ਹੈ।
ਤਾਂ ਹੀ ਤਾਂ ਕਿਹਾ ਗਿਆ ਹੈ- "ਮੋਮਬੱਤੀਆਂ ਮੈਂ ਜਲਾ, ਪਿਛਲੇ ਦਿਨੋਂ ਕਾ ਥੋਕ...
ਦੀਪਾਵਲੀ ਸਹੇਜਤੀ ਹੈ, ਅੰਤਰਗਿਆਨ ਕਾ ਆਲੋਕ...।"
ਦੂਜਾ ਦੀਵਾ- ਪਿਆਰ ਅਤੇ ਸਹਾਰੇ ਦੀ ਭਾਵਨਾ ਪੈਦਾ ਕਰੋ
ਪਿਆਰ ਮਨੁੱਖੀ ਜੀਵਨ ਦਾ ਉਹ ਪਵਿੱਤਰ ਰਿਸ਼ਤਾ ਹੈ, ਜੋ ਛੋਟੀਆਂ-ਮੋਟੀਆਂ ਸ਼ਿਕਾਇਤਾਂ ਤੋਂ ਉੱਪਰ ਉੱਠ ਕੇ ਸਾਡੇ ਸਾਰਿਆਂ ਦੇ ਜੀਵਨ ਨੂੰ ਰੌਸ਼ਨ ਕਰਦਾ ਹੈ। ਇਹ ਆਪਣੇ ਪਰਿਵਾਰ, ਸਮਾਜ ਅਤੇ ਸਾਰਿਆਂ ਨੂੰ ਆਪਸ ਵਿਚ ਜੋੜਨ ਦਾ ਸੰਦੇਸ਼ ਦਿੰਦਾ ਹੈ। ਇਸੇ ਲਈ ਇਸ ਦਿਨ ਅਸੀਂ ਸਿਰਫ਼ ਆਪਣੇ ਘਰਾਂ ਨੂੰ ਹੀ ਨਹੀਂ ਸਜਾਉਂਦੇ, ਸਗੋਂ ਜਿਸ ਘਰ ਵਿਚ ਵੀ ਹਨੇਰਾ ਦੇਖਦੇ ਹਾਂ, ਉਥੇ ਇਕ ਦੀਵਾ ਜ਼ਰੂਰ ਜਗਾ ਦਿੰਦੇ ਹਾਂ। ਭਾਵ ਅਸੀਂ ਆਪਣੇ ਨਾਲ-ਨਾਲ ਦੂਜਿਆਂ ਦੇ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਵੀ ਕਰਦੇ ਹਾਂ, ਤਾਂ ਜੋ ਕਿਸੇ ਵੀ ਵਿਹੜੇ ਵਿਚ ਹਨੇਰਾ ਨਾ ਰਹੇ। ਦੀਵਾਲੀ ਦੇ ਦੀਵੇ ਦਾ ਦੂਜਾ ਸੰਦੇਸ਼ ਪਿਆਰ ਅਤੇ ਸਹਾਰੇ ਦੀ ਭਾਵਨਾ ਪੈਦਾ ਕਰਨਾ ਵੀ ਹੈ। ਮਹਾਦੇਵੀ ਵਰਮਾ ਲਿਖਦੀ ਹੈ-
"ਮੇਰਾ ਅਸਤਿਤਵ ਮਿਟੇ ਕਛਣ-ਕਛਣ, ਪਰ ਸਨੇਹ ਨਾ ਮੁਝਸੇ ਦੂਰ ਹੂਆ.... ਮੈਂ ਦੀਪਤੀ ਬਨੂੰ ਇਸ ਪਥ ਕੀ, ਜੋ ਅੰਧਕਾਰ ਮੇਂ ਚੂਰ ਹੂਆ !"
ਤੀਜਾ ਦੀਵਾ- ਹੌਸਲਾ ਨਾ ਹਾਰੋ, ਕਮੀਆਂ ਦੂਰ ਕਰੋ
ਦੁੱਖ-ਤਕਲੀਫ਼ਾਂ ਦਾ ਸਾਡੇ ਸਾਰਿਆਂ ਦੇ ਜੀਵਨ ਵਿਚ ਆਉਣਾ ਮੱਸਿਆ ਦੇ ਹਨੇਰੇ ਵਾਂਗ ਹੁੰਦਾ ਹੈ, ਜਦੋਂ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਆਪਣੀ ਹੋਂਦ ਨਹੀਂ ਲੱਭ ਸਕਦੀਆਂ। ਦੀਵਾਲੀ ਦਾ ਦੀਵਾ ਹਵਾ ਦੇ ਸਾਰੇ ਬੁੱਲਿਆਂ ਨੂੰ ਸਹਿੰਦਾ ਹੋਇਆ ਖੁਦ ਨੂੰ ਰੌਸ਼ਨ ਰੱਖਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ।
ਦੀਵਾਲੀ ਦੇ ਦੀਵੇ ਦੀ ਤੀਜੀ ਸਿੱਖਿਆ ਦੱਸਦੀ ਹੈ ਕਿ ਜੀਵਨ ਦੇ ਸੰਘਰਸ਼ ਭਰੇ ਰਾਹ 'ਤੇ ਚੱਲਦਿਆਂ ਜੇ ਅਸਫਲਤਾਵਾਂ ਮਿਲਣ ਤਾਂ ਉਨ੍ਹਾਂ ਤੋਂ ਨਿਰਾਸ਼ ਨਾ ਹੋਵੋ | ਆਪਣਾ ਸਬਰ ਨਾ ਗੁਆਓ। ਆਪਣੀਆਂ ਕਮੀਆਂ ਦੂਰ ਕਰ ਕੇ ਹੀ ਅਸੀਂ ਸਫਲ ਹੋ ਸਕਦੇ ਹਾਂ।
ਤਾਂ ਹੀ ਤਾਂ ਮਹਾਦੇਵੀ ਵਰਮਾ ਆਪਣੇ ਪਿਆਰੇ ਪ੍ਰਤੀਕ ਦੀਵੇ ਨੂੰ ਕਹਿੰਦੀ ਹੈ
'ਉਰ ਤਿਮਿਰਮਯ, ਘਰ ਤਿਮਿਰਮਯ, ਚਲ ਸਜਨੀ ਦੀਪਕ ਬਾਰ ਲੇ !"
ਚੌਥਾ ਦੀਵਾ- ਅੱਖੇ ਸੰਘਰਸ਼ ਤੋਂ ਪਿੱਛੇ ਨਾ ਹਟੋ
ਤੁਹਾਡੇ ਸਮਾਜਿਕ ਜੀਵਨ ਵਿਚ ਸੰਘਰਸ਼ ਭਾਵੇਂ ਕਿੰਨਾ ਵੀ ਡੂੰਘਾ, ਅੱਖਾ ਜਾਂ ਸਖ਼ਤ ਕਿਉਂ ਨਾ ਹੋਵੇ, ਉਹ ਜ਼ਿਆਦਾ ਦਿਨਾਂ ਤੱਕ ਨਹੀਂ ਟਿਕ ਸਕਦਾ, ਕਿਉਂਕਿ ਜੀਵਨ ਦੇ ਰਾਹ ਵਿਚ ਹਨੇਰਾ ਭਾਵੇਂ ਕਿੰਨਾ ਵੀ ਸੰਘਣਾ ਕਿਉਂ ਨਾ ਹੋਵੇ, ਰੌਸ਼ਨੀ ਦੇ ਸਾਹਮਣੇ ਆਉਂਦਿਆਂ ਹੀ ਆਪਣੀ ਹੋਂਦ ਗੁਆ ਬੈਠਦਾ ਹੈ। ਅਸਲ ਵਿਚ ਦੀਵਾ ਮਨੁੱਖੀ ਸੰਘਰਸ਼ ਅਤੇ ਸਾਧਨਾ ਦਾ ਪ੍ਰਤੀਕ ਵੀ ਹੈ| ਅਸੀਂ ਜਿੰਨਾ ਅੱਖਾ ਸੰਘਰਸ਼ ਕਰਾਂਗੇ, ਸਾਡੀ ਸਾਧਨਾ ਉਨੀ ਹੀ ਡੂੰਘੀ ਹੋਵੇਗੀ ਅਤੇ ਸਾਡਾ ਜੀਵਨ ਓਨਾ ਹੀ ਗਤੀਸ਼ੀਲ ਬਣ ਸਕੇਗਾ।
ਆਰਥਿਕ ਖੁਸ਼ਹਾਲੀ ਤੋਂ ਮਿਲਣ ਵਾਲੀ ਗਤੀਸ਼ੀਲਤਾ ਹੀ ਜੀਵਨ ਵਿਚ ਸੁੱਖ ਤੇ ਖੁਸਹਾਲੀ ਨੂੰ ਨਵਾਂ ਪਸਾਰ ਦੇਵੇਗੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਘਰ ਦੀ ਦਹਿਲੀਜ਼ 'ਤੇ ਜਗਦਾ ਹੋਇਆ ਦੀਵਾ ਸਾਡੀ ਖੁਸ਼ੀ ਅਤੇ ਉਤਸ਼ਾਹ ਨੂੰ ਵੀ ਰੌਸ਼ਨ ਕਰਦਾ ਹੈ। ਤਾਂ ਹੀ ਤਾਂ ਅਸ਼ੋਕ ਚੱਕਰਧਰ ਨੇ ਕਿਹਾ ਹੈ
'ਮਾਟੀ ਕੇ ਤਨ ਪਰ ਹੁਈ, ਯਹ ਰੋਸ਼ਨੀ ਕਮੀਜ...
ਦੀਏ ਪਹਿਨਕਰ ਹੰਸ ਰਹੇ, ਹਰ ਆਂਗਨ ਦਹਿਲੀਜ਼।”
ਪੰਜਵਾਂ ਦੀਵਾ- ਚੇਤਨਾ ਨੂੰ ਜਗਾਓ
ਦੀਵਾ ਰੌਸ਼ਨੀ ਦਾ ਪ੍ਰਤੀਕ ਹੈ, ਜੋ ਹਨੇਰੇ ਨੂੰ ਦੂਰ ਕਰਦਾ ਹੈ। ਇਹੀ ਦੀਵਾ ਸਾਡੇ ਜੀਵਨ ਨੂੰ ਚਲਾਉਣ ਦਾ ਸਾਧਨ ਵੀ ਹੈ। ਦੀਵਾ ਭਾਵੇਂ ਮਿੱਟੀ ਦਾ ਹੋਵੇ, ਪਰ ਉਹ ਸਾਡੇ ਜਿਊਣ ਦਾ ਆਦਰਸ਼ ਹੈ, ਸਾਡੇ ਜੀਵਨ ਦੀ ਦਿਸ਼ਾ ਹੈ, ਸੰਸਕਾਰਾਂ ਦੀ ਸਿੱਖਿਆ ਹੈ, ਸੰਕਲਪ ਦੀ ਪ੍ਰੇਰਣਾ ਹੈ ਅਤੇ ਮੰਜ਼ਿਲ ਤੱਕ ਪਹੁੰਚਣ ਦਾ ਸਾਧਨ ਵੀ ਹੈ।
ਦੀਵਾਲੀ ਮਨਾਉਣ ਦੀ ਸਾਰਥਕਤਾ ਤਾਂ ਹੀ ਹੈ, ਜਦੋਂ ਸਾਡੇ ਅੰਦਰਲਾ ਹਨੇਰਾ ਦੂਰ ਹੋਵੇ। ਹਨੇਰਾ ਜੀਵਨ ਦੀ ਸਮੱਸਿਆ ਹੈ ਅਤੇ ਰੌਸ਼ਨੀ ਉਸ ਦਾ ਹੱਲ। ਸ਼ੁਰੂ ਤੋਂ ਹੀ ਮਨੁੱਖ ਦੀ ਖੋਜ ਰੌਸ਼ਨੀ ਪ੍ਰਾਪਤ ਕਰਨ ਦੀ ਰਹੀ ਹੈ।
ਦੀਵਾਲੀ ਇਕ ਤਿਉਹਾਰ ਹੈ, ਪਰ ਇਸ ਦੇ ਕਈ ਅਰਥ ਅਤੇ ਰੂਪ ਹਨ। ਹਰ ਭਾਰਤੀ ਇਸ ਤਿਉਹਾਰ ਦਾ ਖੁਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕਰਦਾ ਹੈ। ਨਾ ਸਿਰਫ਼ ਧਾਰਮਿਕ ਨਜ਼ਰੀਏ ਤੋਂ, ਸਗੋਂ ਅਧਿਆਤਮਿਕ, ਸੱਭਿਆਚਾਰਕ ਅਤੇ ਭੌਤਿਕ ਪੱਖੋਂ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਰੇਕ ਵਿਅਕਤੀ ਦੇ ਅੰਦਰ ਇਕ ਅਖੰਡ ਜੋਤ ਜਗ ਰਹੀ ਹੈ। ਇਸ ਦੀ ਲਾਟ ਕਦੇ-ਕਦਾਈਂ ਮੱਧਮ ਜ਼ਰੂਰ ਹੋ ਜਾਂਦੀ ਹੈ, ਪਰ ਬੁਝਦੀ ਨਹੀਂ। ਇਸ ਦਾ ਚਾਨਣ ਸਦੀਵੀ ਹੈ। ਇਹ ਆਪਣੇ ਆਪ ਵਿਚ ਬਹੁਤ ਹੀ ਚਮਕਦਾਰ ਅਤੇ ਪ੍ਰਕਾਸ਼ਮਾਨ ਹੈ।
ਇਸੇ ਸੰਦਰਭ ਵਿਚ ਸੰਤ ਕਬੀਰ ਦਾਸ ਜੀ ਨੇ ਕਿਹਾ ਸੀ-
“ਬਾਹਰ ਸੇ ਕੁਛ ਨ ਦੀਸੇ, ਭੀਤਰ ਜਲ ਰਹੀ ਜੋਤ।"
ਭਾਵ ਇਹ ਆਤਮ-ਸਾਕਸ਼ਾਤਕਾਰ ਦਾ ਤਿਉਹਾਰ ਹੈ। ਇਸ ਲਈ ਦੀਵਾਲੀ 'ਤੇ ਜਗਣ ਵਾਲਾ ਦੀਵਾ ਸਾਨੂੰ ਆਪਣੇ ਅੰਦਰ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਦਾ ਸੰਦੇਸ਼ ਵੀ ਦਿੰਦਾ ਹੈ।
-ਪ੍ਰਤਿਊਸ਼ ਪ੍ਰਸ਼ਾਂਤ
Diwali 2026: ਅੱਜ ਇਸ ਸ਼ੁਭ ਮਹੂਰਤ 'ਚ ਕਰੋ ਲਕਸ਼ਮੀ ਪੂਜਾ! ਘਰ 'ਚ ਆਵੇਗੀ ਖੁਸ਼ਹਾਲੀ, ਜਾਣੋ ਪੂਜਾ ਵਿਧੀ
NEXT STORY