ਗੜ੍ਹਸ਼ੰਕਰ (ਵੈੱਬ ਡੈਸਕ)- ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਵਿਕਾਸ ਦੇ ਦਾਅਵਿਆਂ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੌਣੇ ਪੰਜ ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਗੜ੍ਹਸ਼ੰਕਰ ਹਲਕੇ 'ਚ ਕੋਈ ਵੀ ਵੱਡਾ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਨਿਮਿਸ਼ਾ ਮਹਿਤਾ ਨੇ ਵਿਧਾਇਕ ਰੌੜੀ ਨੂੰ ਸਵਾਲ ਕਰਦੇ ਕਿਹਾ ਕਿ ਉਹ ਇਲਾਕੇ ਲਈ ਕਿਹੜਾ ਵੱਡਾ ਪ੍ਰਾਜੈਕਟ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਮੰਡੀਕਰਨ ਬੋਰਡ ਦੇ ਨਿਯਮਾਂ ਮੁਤਾਬਕ ਪੰਜ ਸਾਲ ਬਾਅਦ ਬਣੀਆਂ ਹੋਈਆਂ ਸੜਕਾਂ 'ਤੇ ਮੁੜ ਲੁੱਕ ਪਾਉਣਾ ਇਕ ਰੁਟੀਨ ਸਰਕਾਰੀ ਕੰਮ ਹੈ, ਜਿਸ ਨੂੰ ਸਰਕਾਰ ਆਪਣੇ ਵੱਡੇ ਵਿਕਾਸ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੜ੍ਹਸ਼ੰਕਰ ਬਾਈਪਾਸ ਦਾ ਪ੍ਰਾਜੈਕਟ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਇਸ ਤੋਂ ਇਲਾਵਾ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਦੀ ਫੋਰ-ਲੇਨਿੰਗ ਅਤੇ ਖੁਰਾਲਗੜ ਸਾਹਿਬ ਨੂੰ ਜਾਂਦੇ ਰਸਤੇ ਨੂੰ ਫੋਰ-ਲੇਨ ਕਰਨ ਦਾ ਕੰਮ ਵੀ ਨਹੀਂ ਕਰਵਾਇਆ ਗਿਆ, ਜਦਕਿ ਉਸ ਰਸਤੇ 'ਤੇ 30 ਤੋਂ ਵੱਧ ਸ਼ਰਧਾਲੂ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਲਾਕੇ ਦੇ ਹਸਪਤਾਲਾਂ ਦੀ ਅਪਗ੍ਰੇਡੇਸ਼ਨ ਬਹੁਤ ਜ਼ਰੂਰੀ ਹੈ ਪਰ ਉਥੇ ਲੋੜੀਂਦਾ ਸਟਾਫ਼ ਤੱਕ ਮੌਜੂਦ ਨਹੀਂ ਹੈ, ਜਿਸ ਕਾਰਨ ਇਹ ਹਸਪਤਾਲ ਅਜੇ ਵੀ ਰੈਫ਼ਰਲ ਸੈਂਟਰ ਬਣੇ ਹੋਏ ਹਨ ਅਤੇ ਮਰੀਜ਼ਾਂ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਜਾਂਦਾ ਹੈ। ਸ਼ਹਿਰ 'ਚ ਪਾਏ ਗਏ ਸੀਵਰੇਜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਘਰਾਂ ਨਾਲ ਕਨੈਕਟੀਵਿਟੀ ਹੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ 45 ਲੱਖ ਰੁਪਏ ਖ਼ਰਚ ਕੇ ਸ਼ਹਿਰ 'ਚ ਲਗਾਏ ਗਏ ਸੀ. ਸੀ. ਟੀ. ਵੀ. ਕੈਮਰੇ ਵੀ ਫੇਲ੍ਹ ਸਾਬਤ ਹੋਏ ਹਨ, ਕਿਉਂਕਿ ਦੁਕਾਨਾਂ 'ਚ 100 ਤੋਂ ਜ਼ਿਆਦਾ ਚੋਰੀਆਂ ਹੋਣ ਦੇ ਬਾਵਜੂਦ ਕੋਈ ਵੀ ਚੋਰ ਕੈਮਰਿਆਂ 'ਚ ਕੈਪਚਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 45 ਲੱਖ ਦੀ ਲਾਗਤ ਨਾਲ ਲੱਗੇ ਵੀਡੀਓ ਕੈਮਰੇ ਚੋਰ ਦੀ ਇਕ ਵੀ ਤਸਵੀਰ ਰਿਕਾਰਡ ਨਹੀਂ ਕਰ ਸਕੇ, ਇਹ ਕੈਮਰਿਆਂ ਦਾ ਘਪਲਾ ਨਹੀਂ ਤਾਂ ਹੋਰ ਕੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਲਾਕੇ 'ਚ ਕੋਈ ਫੈਕਟਰੀ, ਰੋਜ਼ਗਾਰ ਦਾ ਸਾਧਨ, ਵਿੱਦਿਅਕ ਅਦਾਰਾ ਜਾਂ ਟਰੇਨਿੰਗ ਇੰਸਟੀਚਿਊਟ ਨਹੀਂ ਲਿਆਂਦਾ ਗਿਆ, ਜਿਸ ਨਾਲ ਨੌਜਵਾਨਾਂ ਨੂੰ ਕੋਈ ਫਾਇਦਾ ਮਿਲ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ ਨਾਲ ਟਾਇਲਟਾਂ ਦੀ ਰਿਪੇਅਰ ਕਰਵਾ ਕੇ 'ਆਪ' ਆਗੂ ਆਪਣੇ ਉਦਘਾਟਨ ਕਰ ਰਹੇ ਹਨ। ਇਸੇ ਤਰ੍ਹਾਂ 'ਲਾਲ ਲਕੀਰ' ਅਧੀਨ ਪ੍ਰਾਪਰਟੀ ਦੀ ਮੈਪਿੰਗ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਡਰੋਨ ਅਤੇ ਯੋਜਨਾ ਮੁਹੱਈਆ ਕਰਵਾਈ ਹੈ ਪਰ 'ਆਪ' ਵਿਧਾਇਕ ਰੌੜੀ ਇਸ ਦਾ ਝੂਠਾ ਸਿਹਰਾ ਲੈ ਰਹੀ ਹੈ। ਉਨ੍ਹਾਂ ਸਰਕਾਰੀ ਤੀਰਥ ਯਾਤਰਾਵਾਂ ਨੂੰ ਵੀ ਲੋਕਾਂ ਦੇ ਟੈਕਸ ਦੇ ਪੈਸੇ ਦੀ ਵਰਤੋਂ ਦੱਸਿਆ ਤੇ ਕਿਹਾ ਕਿ ਲੋਕਾਂ ਦੇ ਹੀ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਘੁਮਾ ਕੇ ਲੋਕਾਂ 'ਤੇ ਅਹਿਸਾਨ ਦੱਸਿਆ ਜਾ ਰਿਹਾ ਹੈ ਜਦਕਿ ਵਿਧਾਇਕ ਰੌੜੀ ਨੇ ਇਕ ਪੰਝੀ ਵੀ ਇਸ ਯਾਤਰਾ 'ਤੇ ਨਹੀਂ ਖ਼ਰਚ ਕੀਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਮੌਤ! ਪਰਿਵਾਰ ਨੇ ਪੁਲਸ 'ਤੇ ਲਾਏ ਗੰਭੀਰ ਦੋਸ਼
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਇਲਾਕੇ 'ਚ ਕੋਈ ਢੁੱਕਵੀਂ ਮੈਡੀਕਲ ਫੈਸੀਲਿਟੀ ਜਾਂ ਐਂਬੂਲੈਂਸ ਤੱਕ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 2016 'ਚ ਅਤੇ ਉਸ ਤੋਂ ਬਾਅਦ ਵੀ ਇਲਾਕੇ ਨੂੰ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਸਨ। ਇਲਾਕੇ 'ਚ 24 ਘੰਟੇ ਪਾਣੀ ਦੀ ਸਪਲਾਈ ਤਾਂ ਦੂਰ ਬੁਨਿਆਦੀ ਪੀਣ ਵਾਲਾ ਪਾਣੀ ਵੀ ਪੂਰਾ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਜੋ ਟਿਊਬਵੈੱਲ ਉਨ੍ਹਾਂ ਨੇ ਮਨਜ਼ੂਰ ਕਰਵਾਏ ਸਨ (ਜਿਵੇਂ ਕਿ ਵਿਧਾਇਕ ਦੇ ਆਪਣੇ ਸਹੁਰੇ ਪਿੰਡ ਹਾਜੀਪੁਰ 'ਚ) ਉਹ ਵੀ ਸਰਕਾਰ ਚਾਲੂ ਨਹੀਂ ਕਰਵਾ ਸਕੀ। ਨਿਮਿਸ਼ਾ ਮਹਿਤਾ ਨੇ ਲੋਕਾਂ ਨੂੰ ਸੁਚੇਤ ਹੁੰਦਿਆਂ ਚੋਣਾਂ ਦੌਰਾਨ ਸਹੀ ਫ਼ੈਸਲਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ ਅਤੇ ਉਹ ਗੜ੍ਹਸ਼ੰਕਰ ਦੇ ਲੋਕਾਂ ਨਾਲ ਇਕ ਭੈਣ ਅਤੇ ਧੀ ਬਣ ਕੇ ਬਰਾਬਰ ਖੜ੍ਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਨਾਗਰਿਕ 'ਤੇ ਕੋਈ ਦਬਾਅ ਜਾਂ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ।
ਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
NEXT STORY