ਜਲੰਧਰ (ਚੋਪੜਾ)- ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਵਿਚ ਅਲਾਟੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਬਿਨਾਂ ਕਾਗਜ਼ਾਂ ਵਿਚ ਕਬਜ਼ਾ ਦੇਣ ਅਤੇ ਬਾਅਦ ਵਿਚ ਵਿਵਾਦਾਂ ਵਿਚ ਘਿਰਨ ਦੇ ਮਾਮਲਿਆਂ ਦਾ ਖਮਿਆਜ਼ਾ ਹੁਣ ਟਰੱਸਟ ਨੂੰ ਲਗਾਤਾਰ ਭੁਗਤਣਾ ਪੈ ਰਿਹਾ ਹੈ। ਲੋਕਲ ਡਿਸਪਲੇਸਡ ਪਰਸਨ (ਐੱਲ. ਡੀ. ਪੀ.) ਕੋਟੇ ਦੇ ਕਰੋੜਾਂ ਰੁਪਏ ਦੇ ਪਲਾਟਾਂ ਦੀ ਅਲਾਟਮੈਂਟ ਵਿਚ ਕਥਿਤ ਧਾਂਦਲੀਆਂ, ਟਰੱਸਟ ਦੀਆਂ ਸਕੀਮਾਂ ਵਿਚ ਸਹੂਲਤਾਂ ਦੀ ਘਾਟ ਅਤੇ ਅਲਾਟੀਆਂ ਨਾਲ ਹੋਏ ਵਿਵਾਦਾਂ ਨੂੰ ਲੈ ਕੇ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਮਾਮਲਿਆਂ ਦੇ ਫੈਸਲੇ ਟਰੱਸਟ ਦੇ ਖ਼ਿਲਾਫ਼ ਆਉਣ ਨਾਲ ਉਸ ਦੀਆਂ ਵਿੱਤੀ ਦੇਣਦਾਰੀਆਂ ਲਗਾਤਾਰ ਵਧ ਰਹੀਆਂ ਹਨ। ਇਸੇ ਕੜੀ 'ਚ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਨੇ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਦੀ 13.96 ਏਕੜ ਸਕੀਮ ਨਾਲ ਸਬੰਧਤ ਚਾਰ ਵੱਖ-ਵੱਖ ਮਾਮਲਿਆਂ ਵਿਚ ਅਲਾਟੀਆਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਟਰੱਸਟ ਨੂੰ ਕਰੀਬ 61 ਲੱਖ ਰੁਪਏ ਦੀ ਵਾਧੂ ਵਿੱਤੀ ਦੇਣਦਾਰੀ ਦਾ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ: 2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
ਕਮਿਸ਼ਨ ਨੇ ਆਪਣੇ 30 ਅਕਤੂਬਰ 2026 ਦੇ ਫ਼ੈਸਲਿਆਂ ਵਿਚ ਟਰੱਸਟ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਬੰਧਤ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਗਈ ਪੂਰੀ ਮੂਲ ਰਾਸ਼ੀ ਤੈਅ ਵਿਆਜ ਸਮੇਤ ਵਾਪਸ ਕਰੇ। ਇਸ ਤੋਂ ਇਲਾਵਾ ਹਰੇਕ ਅਲਾਟੀ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦਾ ਖਰਚਾ ਵੀ ਅਦਾ ਕਰਨਾ ਹੋਵੇਗਾ। ਕਮਿਸ਼ਨ ਨੇ ਭੁਗਤਾਨ ਲਈ 45 ਦਿਨਾਂ ਦੀ ਸਮਾਂਹੱਦ ਤੈਅ ਕੀਤੀ ਹੈ। ਜੇਕਰ ਟਰੱਸਟ ਤੈਅ ਸਮੇਂ ਵਿਚ ਭੁਗਤਾਨ ਨਹੀਂ ਕਰਦਾ ਤਾਂ ਵਿਆਜ ਦਰ 9 ਤੋਂ ਵਧਾ ਕੇ 12 ਫ਼ੀਸਦੀ ਕਰ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਕਾਰਨ ਟਰੱਸਟ ’ਤੇ ਇਕ ਵਾਰ ਫਿਰ ਲੱਖਾਂ ਰੁਪਏ ਦਾ ਵਾਧੂ ਆਰਥਿਕ ਬੋਝ ਪੈਣਾ ਤੈਅ ਹੈ।
ਬਿਨਾਂ ਸਹੂਲਤਾਂ ਦੇ ਕਾਗਜ਼ਾਂ 'ਚ ਦੇ ਦਿੱਤਾ ਕਬਜ਼ਾ
ਇਨ੍ਹਾਂ ਚਾਰਾਂ ਮਾਮਲਿਆਂ 'ਚ ਇਕ ਮਹੱਤਵਪੂਰਨ ਸਮਾਨਤਾ ਸਾਹਮਣੇ ਆਈ ਹੈ। ਟਰੱਸਟ ਨੇ ਅਲਾਟੀਆਂ ਨੂੰ ਫਲੈਟਾਂ ਦਾ ਕਬਜ਼ਾ ਕਾਗਜ਼ਾਂ ਵਿਚ ਤਾਂ ਦੇ ਦਿੱਤਾ ਪਰ ਉਸ ਸਮੇਂ ਸਕੀਮ ਵਿਚ ਬਿਜਲੀ ਅਤੇ ਹੋਰ ਜ਼ਰੂਰੀ ਬੁਨਿਆਦੀ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਨਹੀਂ ਸੀ। ਅਲਾਟੀਆਂ ਦੀ ਸ਼ਿਕਾਇਤ ਅਨੁਸਾਰ ਉਨ੍ਹਾਂ ਨੂੰ ਬਿਨਾਂ ਬੁਨਿਆਦੀ ਸਹੂਲਤਾਂ ਦੇ ਕਬਜ਼ਾ ਲੈਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ, ਕਬਜ਼ਾ ਨਾ ਲੈਣ ਦੀ ਸਥਿਤੀ ਵਿਚ ਉਨ੍ਹਾਂ ਤੋਂ 1,000 ਰੁਪਏ ਪ੍ਰਤੀ ਮਹੀਨਾ ਚੌਕੀਦਾਰਾ ਵਸੂਲਣ ਦੀ ਚਿਤਾਵਨੀ ਵੀ ਦਿੱਤੀ ਗਈ। ਸਾਲਾਂ ਤੱਕ ਇਨਸਾਫ਼ ਨਾ ਮਿਲਦਾ ਦੇਖ ਆਖਿਰਕਾਰ ਅਲਾਟੀਆਂ ਨੇ ਜ਼ਿਲਾ ਖਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਇਨ੍ਹਾਂ ਚਾਰ ਮਾਮਲਿਆਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ...
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
(ਕੇਸ ਨੰ.-1)
ਰਜਨੀ ਬਡਿਆਲ, ਜਲੰਧਰ ਨੂੰ ਟਰੱਸਟ ਨੇ ਐੱਲ. ਆਈ. ਜੀ. ਫਲੈਟ ਨੰਬਰ 189, ਪੰਜਵੀਂ ਮੰਜ਼ਿਲ ਦੀ ਅਲਾਟਮੈਂਟ 4 ਸਤੰਬਰ 2006 ਨੂੰ ਕੀਤੀ ਸੀ। ਅਲਾਟੀ ਨੇ ਕੁੱਲ੍ਹ 3,90,222 ਰੁਪਏ ਟਰੱਸਟ ਨੂੰ ਜਮ੍ਹਾ ਕਰਵਾਏ। ਟਰੱਸਟ ਨੇ 12 ਅਕਤੂਬਰ 2009 ਨੂੰ ਬਿਨਾਂ ਬੁਨਿਆਦੀ ਸਹੂਲਤਾਂ ਦੇ ਕਾਗਜ਼ੀ ਕਬਜ਼ਾ ਦਿੱਤਾ। 22 ਅਪ੍ਰੈਲ 2024 ਨੂੰ ਕੇਸ ਦਾਇਰ ਕੀਤਾ ਗਿਆ, ਜਿਸ ਦਾ ਫੈਸਲਾ 30 ਅਕਤੂਬਰ 2026 ਨੂੰ ਅਲਾਟੀ ਦੇ ਹੱਕ ਵਿਚ ਆਇਆ। ਹੁਣ ਹੁਕਮਾਂ ਮੁਤਾਬਕ ਟਰੱਸਟ ਨੂੰ ਕਰੀਬ 15 ਲੱਖ ਰੁਪਏ ਵਾਪਸ ਕਰਨੇ ਹੋਣਗੇ।
(ਕੇਸ ਨੰ.-2)
ਵਿਸ਼ਾਲ ਆਹੂਜਾ, ਜਲੰਧਰ ਨੂੰ ਇੰਪਰੂਵਮੈਂਟ ਟਰੱਸਟ ਨੇ ਐੱਲ. ਆਈ. ਜੀ. ਫਲੈਟ ਨੰਬਰ 170, ਪੰਜਵੀਂ ਮੰਜ਼ਿਲ ਦੀ ਅਲਾਟਮੈਂਟ 4 ਸਤੰਬਰ 2006 ਨੂੰ ਕੀਤੀ ਸੀ। ਅਲਾਟੀ ਨੇ ਟਰੱਸਟ ਨੂੰ 4,30,266 ਰੁਪਏ ਜਮ੍ਹਾ ਕਰਵਾਏ। ਟਰੱਸਟ ਨੇ 11 ਜੂਨ 2010 ਨੂੰ ਕਾਗਜ਼ੀ ਕਬਜ਼ਾ ਤਾਂ ਦਿੱਤਾ ਜਦਕਿ ਬਿਜਲੀ ਦੀ ਸਪਲਾਈ 1 ਫਰਵਰੀ 2013 ਨੂੰ ਸ਼ੁਰੂ ਹੋਈ। ਅਲਾਟੀ ਨੇ 22 ਅਪ੍ਰੈਲ 2024 ਨੂੰ ਟਰੱਸਟ ਖਿਲਾਫ਼ ਕੇਸ ਦਾਇਰ ਕੀਤਾ, ਜਿਸ ਦਾ ਫੈਸਲਾ ਅਲਾਟੀ ਦੇ ਹੱਕ ਵਿਚ ਆਇਆ। ਹੁਣ ਟਰੱਸਟ ਨੂੰ ਲਗਭਗ 16 ਲੱਖ ਰੁਪਏ ਵਾਪਸ ਕਰਨੇ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ
(ਕੇਸ ਨੰ.-3)
ਇੰਪਰੂਵਮੈਂਟ ਟਰੱਸਟ ਨੇ ਹੇਮੰਤ ਕੁਮਾਰ ਵਾਸੀ ਜਲੰਧਰ ਨੂੰ ਐੱਲ. ਆਈ. ਜੀ. ਫਲੈਟ ਨੰਬਰ 226-ਏ, ਦੂਜੀ ਮੰਜ਼ਿਲ ਦੀ ਅਲਾਟਮੈਂਟ 4 ਨਵੰਬਰ 2008 ਨੂੰ ਕੀਤੀ, ਜਿਸ ਬਦਲੇ ਅਲਾਟੀ ਨੇ ਟਰੱਸਟ ਨੂੰ 4,10,200 ਰੁਪਏ ਜਮ੍ਹਾ ਕਰਵਾਏ। ਇਸ ਕੇਸ ਵਿਚ ਵੀ ਟਰੱਸਟ ਨੇ ਅਲਾਟੀ ਨੂੰ 13 ਅਕਤੂਬਰ 2009 ਨੂੰ ਬਿਨਾਂ ਬੁਨਿਆਦੀ ਸਹੂਲਤਾਂ ਦੇ ਕਾਗਜ਼ੀ ਕਬਜ਼ਾ ਦਿੱਤਾ ਸੀ। ਆਪਣੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਅਲਾਟੀ ਨੇ 24 ਮਈ 2023 ਨੂੰ ਟਰੱਸਟ ਖ਼ਿਲਾਫ਼ ਕੇਸ ਦਾਇਰ ਕੀਤਾ, ਜਿਸ ਦਾ ਫ਼ੈਸਲਾ 30 ਅਕਤੂਬਰ ਨੂੰ ਟਰੱਸਟ ਦੇ ਖਿਲਾਫ਼ ਆਇਆ, ਜਿਸ ਨੂੰ ਲੈ ਕੇ ਹੁਣ ਟਰੱਸਟ ਨੂੰ ਕਰੀਬ 15 ਲੱਖ ਰੁਪਏ ਵਾਪਸ ਕਰਨੇ ਹੋਣਗੇ।
(ਕੇਸ ਨੰ.-4)
ਅਜੀਤ ਕੁਮਾਰ ਸ਼ਰਮਾ ਵਾਸੀ ਟਾਂਡਾ ਨੂੰ ਇੰਪਰੂਵਮੈਂਟ ਟਰੱਸਟ ਨੇ ਐੱਲ. ਆਈ. ਜੀ. ਫਲੈਟ ਨੰਬਰ 176-ਏ, ਗਰਾਊਂਡ ਫਲੋਰ ਦੀ ਅਲਾਟਮੈਂਟ 4 ਨਵੰਬਰ 2008 ਨੂੰ ਕੀਤੀ। ਅਲਾਟੀ ਨੇ ਫਲੈਟ ਦੇ ਬਦਲੇ ਟਰੱਸਟ ਨੂੰ 3,91,000 ਰੁਪਏ ਜਮ੍ਹਾ ਕਰਵਾਏ ਸਨ। ਟਰੱਸਟ ਅਧਿਕਾਰੀਆਂ ਨੇ ਅਲਾਟੀ ਨੂੰ 9 ਅਕਤੂਬਰ 2009 ਨੂੰ ਕਾਗਜ਼ਾਂ ਵਿਚ ਕਬਜ਼ਾ ਦਿੱਤਾ। ਇਸ ਅਲਾਟੀ ਨੇ ਵੀ ਸਾਲਾਂ ਤੱਕ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਹੁੰਦੀ ਦੇਖ ਖਪਤਕਾਰ ਕਮਿਸ਼ਨ ਵਿਚ 15 ਨਵੰਬਰ 2023 ਨੂੰ ਕੇਸ ਦਾਇਰ ਕੀਤਾ, ਜਿਸ ਦਾ ਫੈਸਲਾ ਵੀ 30 ਅਕਤੂਬਰ 2026 ਨੂੰ ਅਲਾਟੀ ਦੇ ਹੱਕ ਵਿਚ ਆਇਆ। ਜ਼ਿਕਰਯੋਗ ਹੈ ਕਿ ਇਸੇ ਦੌਰਾਨ ਅਜੀਤ ਕੁਮਾਰ ਸ਼ਰਮਾ ਦਾ ਦਿਹਾਂਤ ਹੋ ਚੁੱਕਾ ਹੈ। ਹੁਣ ਟਰੱਸਟ ਨੂੰ ਅਲਾਟੀ ਨੂੰ ਕਰੀਬ 15 ਲੱਖ ਰੁਪਏ ਵਾਪਸ ਕਰਨੇ ਹੋਣਗੇ।
ਇਹ ਵੀ ਪੜ੍ਹੋ: ਪੰਜਾਬ: ਖ਼ਤਰੇ ਦੀ ਘੰਟੀ! ਨਹਿਰ ਦੀ ਹਾਲਤ ਨੇ ਵਧਾਈ ਚਿੰਤਾ, ਵੱਡੇ ਹਾਦਸੇ ਦਾ ਖ਼ਦਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
NEXT STORY