ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਸਵੇਰ ਤੋਂ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਇਲਾਕੇ ਵਿਚ ਜਲ-ਥਲ ਹੋ ਗਿਆ ਉਥੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਲਗਾਤਾਰ ਪੈ ਰਹੇ ਮੀਂਹ ਕਾਰਨ ਕੌਮੀ ਮਾਰਗ 21(205) ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਮਾਰਗ ’ਤੇ ਪਿੰਡ ਕਲਿਆਣਪੁਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਉਪਰ ਬਣੇ ਪੁਲ ਨੂੰ ਵੱਡਾ ਖਤਰਾ ਬਣ ਗਿਆ ਹੈ। ਪੁਲ ਦੇ ਦੋਵੇਂ ਪਾਸੇ ਸਡ਼ਕ ਦੀਆਂ ਸਾਈਡਾਂ ਉੱਚੀਆਂ ਹੋਣ ਕਾਰਨ ਅਤੇ ਬਾਬਾ ਗੁਰਦਿੱਤਾ ਜੀ ਲਿੰਕ ਸਡ਼ਕ ਤੇ ਦਰਗਾਹ ਬਾਬਾ ਬੁੱਢਣ ਸ਼ਾਹ ਨੂੰ ਜਾਂਦੀ ਲਿੰਕ ਸਡ਼ਕ ਦਾ ਪਾਣੀ ਇਕੱਠਾ ਹੋ ਕਿ ਇਸ ਪੁਲ ਉਪਰ ਜਮ੍ਹਾ ਹੋ ਰਿਹਾ ਹੈ। ਪੁਲ ਉਪਰ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬਰਸਾਤੀ ਪਾਣੀ ਪੁਲ ਦੀਆਂ ਸਾਈਡਾਂ ਦੇ ਉਪਰੋਂ ਨਹਿਰ ਵਿਚ ਡਿੱਗ ਰਿਹਾ ਹੈ। ਪਾਣੀ ਦੀ ਨਿਕਾਸੀ ਲਈ ਪੁਲ ਵਿਚ ਰੱਖੇ ਸੁਰਾਗ ਵੀ ਮਿੱਟੀ ਕਾਰਨ ਬੰਦ ਹੋ ਗਏ ਹਨ।
ਇੱਥੇ ਦੱਸਣਯੋਗ ਹੈ ਕਿ ਇਸ ਪੁਲ ਦੇ ਉਪਰੋਂ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਵਿਚ ਭਾਰੀ ਤੇ ਛੋਟੇ-ਵੱਡੇ ਵਾਹਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਉਂਦੇ-ਜਾਂਦੇ ਹਨ। ਇਸ ਪੁਲ ਦੀ ਪਿਛਲੇ ਕਾਫੀ ਸਮੇਂ ਤੋਂ ਦੇਖ ਭਾਲ ਨਾ ਹੋਣ ਕਾਰਨ ਇਸ ਵਿਚ ਵੱਡੇ-ਵੱਡੇ ਟੋਏ ਵੀ ਪੈ ਚੁੱਕੇ ਹਨ। ਇਸ ਪੁਲ ਦੀ ਖਸਤਾ ਹਾਲਤ ਅਤੇ ਖਡ਼੍ਹਦੇ ਬਰਸਾਤੀ ਪਾਣੀ ਦੀਆਂ ਕਈ ਵਾਰ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜੋ ਕਿ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਹਨੇਰ ਚੌਕ ਤੱਕ ਕੌਮੀ ਮਾਰਗ ਦਾ ਨਿਰਮਾਣ ਕਰ ਰਹੀ ਕੰਪਨੀ ਵੀ ਇਸ ਪੁਲ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਇਸ ਦੀ ਮੁਰੰਮਤ ਕਰਵਾ ਰਹੀ ਹੈ। ਇਲਾਕੇ ਦੇ ਮੋਹਤਬਰਾਂ ਨੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪੁਲ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਅਤੇ ਇਸ ਪੁਲ ਉਪਰ ਆਲੇ-ਦੁਆਲੇ ਤੋਂ ਆ ਕੇ ਇਕੱਠੇ ਹੁੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਪੁਲ ਤੋਂ ਲੰਘਣ ਵਾਲੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਹੋ ਸਕੇ।
ਰੂਪਨਗਰ ਦੇ 95 ਜ਼ੋਨਾਂ 'ਚੋਂ 75 'ਤੇ ਕਾਂਗਰਸ ਨੇ ਮਾਰੀ ਮੱਲ
NEXT STORY