ਜਲੰਧਰ (ਬਿਊਰੋ) - ਗਿੱਪੀ ਗਰੇਵਾਲ ਨੇ ਗਾਇਕੀ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਅੱਜ ਉਹ ਸਫ਼ਲ ਗਾਇਕ ਹੋਣ ਦੇ ਨਾਲ-ਨਾਲ ਸਫ਼ਲ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹਨ। ਅੱਜ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਦਾ ਜਨਮਦਿਨ ਹੈ। ਉਸ ਦਾ ਜਨਮ 22 ਸਤੰਬਰ 2006 ਨੂੰ ਕੈਨੇਡਾ 'ਚ ਹੋਇਆ ਸੀ। ਸ਼ਿੰਦਾ ਗਰੇਵਾਲ ਗਿੱਪੀ ਗਰੇਵਾਲ ਦਾ ਦੂਸਰਾ ਪੁੱਤਰ ਹੈ। ਉਹ ਏਕਓਮ ਗਰੇਵਾਲ ਤੋਂ ਛੋਟਾ ਅਤੇ ਗੁਰਬਾਜ਼ ਗਰੇਵਾਲ ਤੋਂ ਵੱਡਾ ਹੈ।
ਸ਼ਿੰਦਾ ਗਰੇਵਾਲ ਆਪਣਾ ਜਨਮਦਿਨ ਲੰਡਨ 'ਚ ਮਨਾ ਰਿਹਾ ਹੈ। ਇਸ ਸਮੇਂ ਉਹ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ। ਇਸ ਫ਼ਿਲਮ 'ਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਸ਼ਿੰਦੇ ਦੇ ਜਨਮਦਿਨ 'ਕੈਰੀ ਆਨ ਜੱਟਾ' ਦੀ ਪੂਰੀ ਟੀਮ ਨੇ ਮਿਲ ਕੇ ਮਨਾਇਆ, ਜਿਸ ਦੀ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਸ਼ਿੰਦੇ ਦੇ ਪਾਪਾ ਗਿੱਪੀ ਗਰੇਵਾਲ ਨੇ ਪਿਆਰ ਭਰੇ ਅੰਦਾਜ਼ 'ਚ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਗਿੱਪੀ ਨੇ ਸ਼ਿੰਦੇ ਦੇ ਜਨਮਦਿਨ ਦੀ ਵੀਡੀਓ ਸ਼ੇਅਰ ਕਰ ਲਿਖਿਆ, "ਹੈੱਪੀ ਬਰਥਡੇ ਸਨ, ਲਵ ਯੂ ਸੋ ਮੱਚ।" ਇਸ ਵੀਡੀਓ 'ਚ ਸ਼ਿੰਦਾ ਆਪਣੇ ਜਨਮਦਿਨ ਦਾ ਜਸ਼ਨ ਮਨਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਭੰਗੜਾ ਪਾਇਆ ਤੇ ਨਾਲ ਹੀ ਕੇਕ ਵੀ ਕੱਟਿਆ।
ਉਥੇ ਹੀ ਸ਼ਿੰਦੇ ਦੀ ਮਾਤਾ ਰਵਨੀਤ ਗਰੇਵਾਲ ਨੇ ਵੀ ਆਪਣੇ ਪੁੱਤਰ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸ਼ਿੰਦੇ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਹੈ, "ਹੈੱਪੀ ਬਰਥਡੇ ਪੁੱਤਰ"। ਦੂਜੇ ਪਾਸੇ, ਸ਼ਿੰਦੇ ਦੇ ਭਰਾਵਾਂ ਏਕਓਮ ਤੇ ਗੁਰਬਾਜ਼ ਨੇ ਵੀ ਭਰਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਕਾਬਿਲੇਗ਼ੌਰ ਹੈ ਕਿ 15 ਸਾਲਾ ਸ਼ਿੰਦਾ ਇੱਕ ਬੇਹਤਰੀਨ ਐਕਟਰ ਤੇ ਤੌਰ ਤੇ ਉੱਭਰਿਆ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ ਪਰ ਪਛਾਣ ਉਸ ਨੂੰ ਫ਼ਿਲਮ 'ਹੌਸਲਾ ਰੱਖ' ਤੋਂ ਮਿਲੀ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹਨ। 'ਕੈਰੀ ਆਨ ਜੱਟਾ' ਦਾ ਦੂਜਾ ਭਾਗ 2018 'ਚ ਆਇਆ ਸੀ। ਇਸ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਇਸ ਵਾਰ ਵੀ ਸਟਾਰ ਕਾਸਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ 'ਕੈਰੀ ਆਨ ਜੱਟਾ' ਦੇ ਪਹਿਲੇ ਦੋ ਭਾਗ ਡਾਇਰੈਕਟ ਕੀਤੇ ਹਨ। 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਤੇ ਹੋਰ ਦੱਖਣੀ ਭਾਸ਼ਾਵਾਂ 'ਚ ਵੀ ਡੱਬ ਕੀਤਾ ਜਾਵੇਗਾ।
ਪੰਜ ਤੱਤਾਂ 'ਚ ਵਿਲੀਨ ਹੋਏ ਰਾਜੂ ਸ਼੍ਰੀਵਾਸਤਵ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
NEXT STORY