ਐਂਟਰਟੇਨਮੈਂਟ ਡੈਸਕ - ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਅਦਾਕਾਰ ਟਾਈਗਰ ਸ਼ਰਾਫ਼ ’ਤੇ ਹਮਲੇ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਜੁਵੇਨਾਈਲ ਜਸਟਿਸ ਬੋਰਡ (ਜੇ. ਜੇ. ਬੀ.) ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਜਾਂਚ 'ਚ ਮੁਲਜ਼ਮ ਦੀ ਉਮਰ 17 ਸਾਲ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਮੁਲਜ਼ਮ ਉਨ੍ਹਾਂ 2 ਹਮਲਾਵਰਾਂ 'ਚੋਂ ਇਕ ਹੈ, ਜਿਨ੍ਹਾਂ ਨੇ ਗੋਲੀਬਾਰੀ ਕੀਤੀ ਸੀ। ਉਸ ਨੂੰ ਜੇਲ ਭੇਜਣ ਦੀ ਬਜਾਏ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਬਾਲ ਸੁਧਾਰ ਘਰ ਭੇਜਿਆ ਜਾਵੇਗਾ।
ਇਸ ਮਹੀਨੇ ਦੇ ਸ਼ੁਰੂ ਵਿਚ ਲੜਕੇ ਦੇ ਪਿਤਾ ਨੇ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਨਾਬਾਲਗ ਹੈ ਅਤੇ ਇਸ ਲਈ ਉਸ ਨੂੰ ਨਿਯਮਿਤ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਪੁਲਸ ਨੂੰ ਉਸ ਦੀ ਉਮਰ ਸਬੰਧੀ ਦਾਅਵਿਆਂ ਦੀ ਪੁਸ਼ਟੀ ਕਰਨ ਦੇ ਹੁਕਮ ਦਿੱਤੇ ਸਨ।
ਮੁੰਬਈ ਪੁਲਸ ਨੇ ਲੜਕੇ ਦੇ ਸਕੂਲ ਦੇ ਰਿਕਾਰਡ ਦੀ ਜਾਂਚ ਲਈ ਹਰਿਆਣਾ ਵਿਚ ਇਕ ਟੀਮ ਭੇਜੀ ਸੀ। ਬੁੱਧਵਾਰ ਨੂੰ ਸਰਕਾਰੀ ਵਕੀਲ ਨੇ ਅਦਾਲਤ ਵਿਚ ਉਸ ਦੇ ਦਸਤਾਵੇਜ਼ ਪੇਸ਼ ਕੀਤੇ। ਇਨ੍ਹਾਂ ਵਿਚ ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਜਨਮ ਸਰਟੀਫਿਕੇਟ ਸ਼ਾਮਲ ਸਨ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ, ਲੜਕੇ ਦਾ ਜਨਮ 30 ਨਵੰਬਰ, 2008 ਨੂੰ ਹੋਇਆ ਸੀ। ਅਦਾਕਾਰ ’ਤੇ ਹਮਲੇ ਸਮੇਂ ਉਸ ਦੀ ਉਮਰ 17 ਸਾਲ, 10 ਮਹੀਨੇ ਅਤੇ 18 ਦਿਨ ਸੀ। ਇਸ ਤਰ੍ਹਾਂ ਉਹ ਘਟਨਾ ਸਮੇਂ ਨਾਬਾਲਗ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ। ਵਿਸ਼ੇਸ਼ ਜੱਜ ਐੱਸ. ਆਰ. ਨਵੰਦਰ ਨੇ ਕਿਹਾ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਘਟਨਾ ਦੀ ਤਰੀਕ ਨੂੰ ਮੁਲਜ਼ਮ ਇਕ ‘ਬਾਲਕ’ ਸੀ। ਇਸ ਲਈ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ।
26/11 ਹਮਲੇ ਦੀ ਬਰਸੀ ’ਤੇ ਮੁੰਬਈ ’ਚ 4 ਥਾਵਾਂ ਨੂੰ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ
NEXT STORY