ਐਂਟਰਟੇਨਮੈਂਟ ਡੈਸਕ- ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਆਪਣੀ ਪਛਾਣ ਆਪਣੇ ਜਨਮ ਅਸਥਾਨ ਤੋਂ ਨਹੀਂ, ਸਗੋਂ ਆਪਣੀ ਕਰਮਭੂਮੀ ਤੋਂ ਬਣਾਉਂਦਾ ਹੈ। ਜੇਕਰ ਇਰਾਦੇ ਬੁਲੰਦ ਹੋਣ ਅਤੇ ਅੰਦਰ ਕੁਝ ਕਰ ਗੁਜ਼ਰਨ ਦਾ ਜਨੂੰਨ ਹੋਵੇ ਤਾਂ ਔਖੇ ਤੋਂ ਔਖੇ ਰਸਤੇ ਵੀ ਮੰਜ਼ਿਲ ਤੱਕ ਪਹੁੰਚਣ ਦਾ ਜ਼ਰੀਆ ਬਣ ਜਾਂਦੇ ਹਨ। ਪੰਜਾਬ ਦੇ ਕੰਢੀ ਖੇਤਰ ਦੇ ਇਕ ਪੱਛੜੇ ਪਿੰਡ ’ਚੋਂ ਨਿਕਲ ਕੇ ਯੂ. ਪੀ. ਐੱਸ. ਸੀ. ’ਚ ਸਫਲਤਾ ਹਾਸਲ ਕਰਨ ਅਤੇ ਫਿਰ ਪ੍ਰਸ਼ਾਸਨਿਕ ਸੇਵਾ ਦੇ ਨਾਲ-ਨਾਲ ਸੰਗੀਤ ਦੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ‘ਸ਼ਾਇਰਮੀਤ’ ਨਾਂ ਦੇ ਇਸ ਨੌਜਵਾਨ ਦੀ ਜ਼ਿੰਦਗੀ ਇਸੇ ਕਹਾਵਤ ਨੂੰ ਸੱਚ ਸਾਬਿਤ ਕਰਦੀ ਹੈ।
ਇਕ ਪਾਸੇ ਆਈ. ਆਈ. ਐੱਸ. ਅਧਿਕਾਰੀ ਵਜੋਂ ਜ਼ਿੰਮੇਵਾਰੀਆਂ, ਦੂਜੇ ਪਾਸੇ ਗੀਤਕਾਰ ਵਜੋਂ ਹਜ਼ਾਰਾਂ ਦਿਲਾਂ ਤੱਕ ਪਹੁੰਚਦੇ ਸ਼ਬਦ, ਸ਼ਾਇਰਮੀਤ ਦੀ ਕਹਾਣੀ ਪ੍ਰਤਿਭਾ, ਸੰਘਰਸ਼, ਸਬਰ ਅਤੇ ਜਨੂੰਨ ਦਾ ਅਜਿਹਾ ਸੰਗਮ ਹੈ, ਜੋ ਨੌਜਵਾਨਾਂ ਲਈ ਪ੍ਰੇਰਨਾ ਬਣ ਰਿਹਾ ਹੈ। ਸ਼ਾਇਰਮੀਤ ਭਾਵੇਂ ਉਨ੍ਹਾਂ ਦਾ ਅਸਲ ਨਾਂ ਨਾ ਹੋਵੇ ਪਰ ਅੱਜ ਇਹ ਨਾਂ ਗੀਤ-ਸੰਗੀਤ ਦੇ ਚਾਹੁਣ ਵਾਲਿਆਂ ’ਚ ਆਪਣੀ ਪਛਾਣ ਬਣਾ ਚੁੱਕਾ ਹੈ। ਸਾਲ 2011 ਬੈਚ ਦੇ ਆਈ. ਆਈ. ਐੱਸ. ਅਧਿਕਾਰੀ ਸ਼ਾਇਰਮੀਤ ਹੁਣ ਹਿੰਦੀ ਸਿਨੇਮਾ ’ਚ ਵੀ ਆਪਣੀ ਲੇਖਣੀ ਦਾ ਪ੍ਰਭਾਵ ਦਿਖਾਉਣ ਜਾ ਰਹੇ ਹਨ। ਉਨ੍ਹਾਂ ਦੇ ਲਿਖੇ ਗੀਤ ਨੂੰ ਸਲਮਾਨ ਖ਼ਾਨ ਦੀ ਫਿਲਮ ‘ਮਾਤ੍ਰਭੂਮੀ’ ’ਚ ਥੀਮ ਸੌਂਗ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਉਨ੍ਹਾਂ ਦੇ ਗੀਤਕਾਰ ਵਜੋਂ ਸਫ਼ਰ ਦਾ ਹਿੰਦੀ ਸਿਨੇਮਾ ’ਚ ਇਕ ਅਹਿਮ ਪੜਾਅ ਹੈ, ਜਿੱਥੇ ਪ੍ਰਸ਼ਾਸਨਿਕ ਸੇਵਾ ਦੀ ਦੁਨੀਆ ’ਚੋਂ ਨਿਕਲ ਕੇ ਉਨ੍ਹਾਂ ਦੇ ਸ਼ਬਦ ਸਿਲਵਰ ਸਕ੍ਰੀਨ ’ਤੇ ਆਪਣੀ ਜਗ੍ਹਾ ਬਣਾਉਣ ਜਾ ਰਹੇ ਹਨ।
ਟਰੱਕ ’ਚ ਸਵਾਰ ਹੋ ਕੇ ਪ੍ਰੀਖਿਆ ਦੇਣ ਗਏ ਸਨ
ਜ਼ਿਕਰਯੋਗ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਨੇੜੇ ਕੰਢੀ ਖੇਤਰ ਦੇ ਪਿੰਡ ਬੈਹਬੇਦੀਆ ਵਿਖੇ 11 ਮਈ 1982 ਨੂੰ ਬੈਂਕ ਮੁਲਾਜ਼ਮ ਸਵ. ਨਾਨਕਚੰਦ ਦੇ ਘਰ ਜਨਮੇ ਸ਼ਾਇਰਮੀਤ ਦਾ ਸ਼ੁਰੂਆਤੀ ਜੀਵਨ ਚੁਣੌਤੀਆਂ ਵਿਚਕਾਰ ਬੀਤਿਆ। ਉਨ੍ਹਾਂ ਦਾ ਪਿੰਡ ਉਸ ਖੇਤਰ ’ਚ ਸਥਿਤ ਹੈ, ਜਿੱਥੇ ਸਿੱਖਿਆ ਅਤੇ ਸਾਧਨਾਂ ਦੀ ਉਪਲਬਧਤਾ ਸੀਮਤ ਮੰਨੀ ਜਾਂਦੀ ਸੀ ਪਰ ਉਨ੍ਹਾਂ ਦੇ ਪਿਤਾ ਨੇ ਪੁੱਤਰ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਅੱਗੇ ਵਧਾਉਣ ਦਾ ਸੁਪਨਾ ਦੇਖਿਆ। ਦਸਵੀਂ ਜਮਾਤ ’ਚ ਮੈਰਿਟ ਹਾਸਲ ਕਰਨ ਤੋਂ ਬਾਅਦ ਸ਼ਾਇਰਮੀਤ ਨੂੰ ਇੰਜੀਨੀਅਰਿੰਗ ਨਾਲ ਸਬੰਧਤ ਦਾਖ਼ਲਾ ਪ੍ਰੀਖਿਆ ਦਿਵਾਉਣ ਦਾ ਸੁਝਾਅ ਉਨ੍ਹਾਂ ਦੇ ਪਿਤਾ ਦੇ ਦੋਸਤ ਨੇ ਦਿੱਤਾ।
ਪਿਤਾ ਨਾਨਕਚੰਦ ਆਪਣੇ ਵੱਡੇ ਪੁੱਤਰ ਨੂੰ ਪ੍ਰੀਖਿਆ ਦਿਵਾਉਣ ਲਈ ਟਰੱਕ ’ਚ ਸਵਾਰ ਹੋ ਕੇ ਕਰੀਬ 250 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਚੰਡੀਗੜ੍ਹ ਪਹੁੰਚੇ। ਪਿਤਾ-ਪੁੱਤਰ ਦੋਵਾਂ ਲਈ ਇਹ ਪ੍ਰੀਖਿਆ ਇਕ ਨਵੀਂ ਦੁਨੀਆ ਦਾ ਦਰਵਾਜ਼ਾ ਸੀ ਕਿਉਂਕਿ ਉਨ੍ਹਾਂ ਨੂੰ ਇਸ ਪ੍ਰਕਿਰਿਆ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਸ਼ਾਇਰਮੀਤ ਨੇ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਠਿੰਡਾ ਸਥਿਤ ਗਿਆਨੀ ਜ਼ੈਲ ਸਿੰਘ ਬਹੁ-ਤਕਨੀਕੀ ਸੰਸਥਾਨ ’ਚ ਦਾਖ਼ਲਾ ਹਾਸਲ ਕਰ ਲਿਆ।
ਪਹਿਲੀ ਵਿਆਹੁਤਾ ਔਰਤ ਜੈਨੀਫਰ ਬੈਰੇਟੋ ਦੇ ਸਿਰ ਸੱਜਿਆ Miss Universe 2026 ਦਾ ਖਿਤਾਬ
NEXT STORY