ਮੁੰਬਈ- ਗੁਰਮੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਫਿਲਮ ‘ਮਿਰਜ਼ਾਪੁਰ ਦਿ ਮੂਵੀ’ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤੀ ਹੈ। ਦਰਸ਼ਕਾਂ ਨੂੰ ਫਿਲਮ ਬੇਹੱਦ ਪਸੰਦ ਆ ਰਹੀ ਹੈ ਅਤੇ ਲੋਕ ਬਹੁਤ ਪ੍ਰਸ਼ੰਸਾ ਵੀ ਕਰ ਰਹੇ ਹਨ। ਫਿਲਮ ਦੀ ਕਹਾਣੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬੰਨ੍ਹੀ ਰੱਖਦੀ ਹੈ। ਹਰ ਸੀਨ ਨੂੰ ਬੇਹੱਦ ਸਹਿਜ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਫਿਲਮ ਦੀ ਸਟਾਰਕਾਸਟ ਵੀ ਕਾਫੀ ਦਮਦਾਰ ਹੈ। ਇਸ ਫਿਲਮ ਬਾਰੇ ਡਾਇਰੈਕਟਰ ਗੁਰਮੀਤ ਸਿੰਘ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
Q. ‘ਮਿਰਜ਼ਾਪੁਰ’ ਨੂੰ ਵੱਡੇ ਪਰਦੇ ’ਤੇ ਲਿਆਉਣ ਦਾ ਵਿਚਾਰ ਕਿਵੇਂ ਆਇਆ?
-ਇਹ ਵਿਚਾਰ ਪਹਿਲੇ ਸੀਜ਼ਨ ਦੀ ਰਿਲੀਜ਼ ਤੋਂ ਪਹਿਲਾਂ ਹੀ ਆਇਆ ਸੀ। ਮਾਮੀ ਫਿਲਮ ਫੈਸਟੀਵਲ ਵਿਚ ਇਸ ਦੀ ਸਕ੍ਰੀਨਿੰਗ ਦੌਰਾਨ ਥੀਏਟਰ ’ਚ 400-500 ਦਰਸ਼ਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਮਿਲੀ। ਸੀਟੀਆਂ, ਤਾੜੀਆਂ ਅਤੇ ਹਰ ਸੀਨ ’ਤੇ ਉਤਸ਼ਾਹ ਦੇਖ ਕੇ ਲੱਗਿਆ ਕਿ ‘ਮਿਰਜ਼ਾਪੁਰ’ ਨੂੰ ਥੀਏਟਰ ਵਿਚ ਇਕੱਠੇ ਦੇਖਣ ਦਾ ਅਲੱਗ ਤਜਰਬਾ ਹੋ ਸਕਦਾ ਹੈ। ਸ਼ੋਅ ਦੇ ਪੌਪ ਕਲਚਰ ਦਾ ਹਿੱਸਾ ਬਣਨ ਤੋਂ ਬਾਅਦ ਨਿਰਮਾਤਾ ਰਿਤੇਸ਼ ਸਿਧਵਾਨੀ ਵੀ ਫਿਲਮ ਦੀ ਗੱਲ ਕਰਦੇ ਰਹੇ। 2024 ਵਿਚ ਪੁਨੀਤ ਕ੍ਰਿਸ਼ਨਾ ਕੋਲ ਇਸ ਨੂੰ ਇਕ ਸੁਤੰਤਰ ਫਿਲਮ ਦੇ ਰੂਪ ’ਚ ਪੇਸ਼ ਕਰਨ ਦਾ ਵਿਚਾਰ ਆਇਆ, ਜੋ ਸਭ ਨੂੰ ਪਸੰਦ ਆਇਆ ਅਤੇ ਇਸੇ ਦੇ ਨਾਲ ‘ਮਿਰਜ਼ਾਪੁਰ : ਦਿ ਮੂਵੀ’ ਦਾ ਸਫ਼ਰ ਸ਼ੁਰੂ ਹੋਇਆ।
Q. ਰਵੀ ਕਿਸ਼ਨ ਨੂੰ ਨਵੇਂ ਕਿਰਦਾਰ ਲਈ ਚੁਣਨ ਦਾ ਫੈਸਲਾ ਕਿਵੇਂ ਹੋਇਆ?
-ਪੁਨੀਤ ਕ੍ਰਿਸ਼ਨਾ ਦੇ ਕਿਰਦਾਰ ਬਹੁਤ ਬਾਰੀਕੀ ਨਾਲ ਲਿਖੇ ਹੁੰਦੇ ਹਨ। ਸਾਨੂੰ ਅਜਿਹਾ ਕਿਰਦਾਰ ਚਾਹੀਦਾ ਸੀ ਜੋ ਪੁਰਾਣੇ ਕਿਰਦਾਰਾਂ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹਾ ਹੋਵੇ ਅਤੇ ਉਸ ’ਚ ਹਾਸਾ, ਖੌਫ਼, ਦੇਸੀਪਨ ਅਤੇ ਦਮਦਾਰ ਸ਼ਖ਼ਸੀਅਤ ਦਾ ਮੇਲ ਹੋਵੇ। ਕਾਸਟਿੰਗ ਟੀਮ ਨੇ ਰਵੀ ਕਿਸ਼ਨ ਜੀ ਦਾ ਨਾਂ ਸੁਝਾਇਆ। ਉਨ੍ਹਾਂ ਨਾਲ ਮੁਲਾਕਾਤ 20 ਮਿੰਟ ਤੋਂ ਵੀ ਘੱਟ ਚੱਲੀ। ਕਹਾਣੀ ਸੁਣਦੇ ਹੀ ਉਨ੍ਹਾਂ ਨੇ ਹਾਮੀ ਭਰ ਦਿੱਤੀ। ਇਸ ਭੂਮਿਕਾ ਲਈ ਉਨ੍ਹਾਂ ਤੋਂ ਬਿਹਤਰ ਚੋਣ ਸ਼ਾਇਦ ਨਹੀਂ ਹੋ ਸਕਦੀ ਸੀ।
ਨਵੇਂ ਕਿਰਦਾਰ, ਨਵਾਂ ਰੋਮਾਂਚ ਅਤੇ ਦਮਦਾਰ ਸੰਗੀਤ
Q. ਮੋਹਿਤ ਮਲਿਕ ਨੂੰ ‘ਮਿਰਜ਼ਾਪੁਰ’ ’ਚ ਸ਼ਾਮਲ ਕਰਨ ਦਾ ਵਿਚਾਰ ਕਿਵੇਂ ਆਇਆ?
-ਮੈਂ ਪਿਛਲੇ ਚਾਰ-ਪੰਜ ਸਾਲਾਂ ਤੋਂ ਮੋਹਿਤ ਨੂੰ ਕਾਸਟ ਕਰਨਾ ਚਾਹੁੰਦਾ ਸੀ ਪਰ ਰੁਝੇਵਿਆਂ ਕਾਰਨ ਗੱਲ ਨਹੀਂ ਬਣ ਸਕੀ। ਫਿਲਮ ਤੋਂ ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਨੇ ਖੁਦ ਸੰਪਰਕ ਕਰ ਕੇ ‘ਮਿਰਜ਼ਾਪੁਰ’ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟਾਈ। ਉਸ ਸਮੇਂ ਕਹਾਣੀ ਲਿਖੀ ਜਾ ਰਹੀ ਸੀ। ਉਨ੍ਹਾਂ ਨੇ ਬਿਨਾਂ ਕਿਰਦਾਰ ਜਾਣੇ ਹੀ ਦਾੜ੍ਹੀ-ਵਾਲ ਵਧਾਉਣੇ ਅਤੇ ਸਰੀਰਕ ਤਿਆਰੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਟੈਸਟ ਤੋਂ ਬਾਅਦ ਲੱਗਿਆ ਕਿ ਉਹ ਬਿਰਜੂ ਲੋਹਾਰ ਦੇ ਕਿਰਦਾਰ ਲਈ ਬਿਲਕੁਲ ਸਹੀ ਹਨ। ਸੰਵਾਦ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਖਾਮੋਸ਼ੀ ਅਤੇ ਭਾਵਨਾਵਾਂ ਨਾਲ ਕਿਰਦਾਰ ਨੂੰ ਮਜ਼ਬੂਤ ਬਣਾਇਆ।
Q . ਰਸਿਕਾ ਦੁੱਗਲ ਦੇ ਸੰਵਾਦ ਅਤੇ ਕਲਾਈਮੈਕਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ?
-ਇਸ ਦਾ ਸਿਹਰਾ ਪੁਨੀਤ ਕ੍ਰਿਸ਼ਨਾ ਨੂੰ ਜਾਂਦਾ ਹੈ। ਉਨ੍ਹਾਂ ਦੇ ਸੰਵਾਦ ਸਰਲ ਹੋਣ ਦੇ ਨਾਲ-ਨਾਲ ਡੂੰਘੇ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। ਰਸਿਕਾ ਦੁੱਗਲ ਨੇ ਉਨ੍ਹਾਂ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਇਆ। ਖਾਸ ਕਰ ਕੇ ਕਲਾਈਮੈਕਸ ਵਿਚ ਚਾਰੇ ਕਲਾਕਾਰਾਂ ਨੇ ਭਾਵਨਾਵਾਂ ਨੂੰ ਬੇਹੱਦ ਵਿਸ਼ਵਾਸਯੋਗ ਬਣਾਇਆ। ਰਸਿਕਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਅਦਾਕਾਰੀ ਸਾਬਤ ਕੀਤੀ ਹੈ।
Q. ਢਾਂਡਾ ਨਿਓਲੀਵਾਲਾ ਨੂੰ ਫਿਲਮ ਦੇ ਸੰਗੀਤ ਨਾਲ ਜੋੜਨ ਦਾ ਵਿਚਾਰ ਕਿਵੇਂ ਆਇਆ?
-‘ਮਿਰਜ਼ਾਪੁਰ’ ਦੇ ਨਾਲ ਕਈ ਚੀਜ਼ਾਂ ਸਹੀ ਸਮੇਂ ’ਤੇ ਜੁੜਦੀਆਂ ਗਈਆਂ। ਯੂਨੀਵਰਸਲ ਅਤੇ ਐਕਸਲ ਮਿਊਜ਼ਿਕ ਦੇ ਸਹਿਯੋਗ ਨਾਲ ਢਾਂਡਾ ਨਿਓਲੀਵਾਲਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਖੁਦ ‘ਮਿਰਜ਼ਾਪੁਰ’ ਦੇ ਪ੍ਰਸ਼ੰਸਕ ਹਨ ਅਤੇ ਫਿਲਮ ਦੇਖਣ ਤੋਂ ਬਾਅਦ ਕਾਫੀ ਉਤਸ਼ਾਹਿਤ ਸਨ। ਉਨ੍ਹਾਂ ਨੇ ਫਿਲਮ ਲਈ ‘ਦੋ ਨੰਬਰੀ’ ਗੀਤ ਲਿਖਿਆ, ਜਿਸ ਨੂੰ ਪ੍ਰਚਾਰ ਵਿਚ ਵੀ ਇਸਤੇਮਾਲ ਕੀਤਾ ਗਿਆ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ।
ਮਿਰਜ਼ਾਪੁਰ’ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ, ਸੀਟੀਆਂ ਤੇ ਤਾੜੀਆਂ ਨਾਲ ਗੂੰਜੇ ਸਿਨੇਮਾਘਰ
Q. ਫਿਲਮ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੀ ਪ੍ਰਤੀਕਿਰਿਆ ਕਿਹੋ ਜਿਹੀ ਮਿਲ ਰਹੀ ਹੈ?
-ਅਜੇ ਫਿਲਮ ਨੂੰ ਰਿਲੀਜ਼ ਹੋਏ ਸਿਰਫ਼ ਦੋ ਦਿਨ ਹੋਏ ਹਨ ਇਸ ਲਈ ਅਸੀਂ ਫਿਲਹਾਲ ਦਰਸ਼ਕਾਂ ਦੇ ਪਿਆਰ ਨੂੰ ਮਹਿਸੂਸ ਕਰ ਰਹੇ ਹਾਂ ਅਤੇ ਬਹੁਤ ਖ਼ੁਸ਼ ਹਾਂ ਕਿ ਲੋਕਾਂ ਨੂੰ ਫਿਲਮ ਪਸੰਦ ਆ ਰਹੀ ਹੈ। ਜਿਸ ਤਰ੍ਹਾਂ ਲੋਕ ਸਾਨੂੰ ਸੰਦੇਸ਼ ਭੇਜ ਰਹੇ ਹਨ, ਸੰਵਾਦਾਂ ’ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਸਿਨੇਮਾਘਰਾਂ ’ਚ ਸੀਟੀਆਂ ਅਤੇ ਤਾੜੀਆਂ ਵਜਾ ਰਹੇ ਹਨ ਉਹ ਬਹੁਤ ਖ਼ਾਸ ਹੈ। ਖ਼ਾਸ ਗੱਲ ਇਹ ਹੈ ਕਿ ਦਰਸ਼ਕ ਹਰ ਕਿਰਦਾਰ ਲਈ ਪ੍ਰਤੀਕਿਰਿਆ ਦੇ ਰਹੇ ਹਨ। ਸਾਡੇ ਲਈ ਫਿਲਹਾਲ ਅੰਕੜਿਆਂ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਲੋਕਾਂ ਨੂੰ ਫਿਲਮ ਪਸੰਦ ਆ ਰਹੀ ਹੈ ਜਾਂ ਨਹੀਂ ਅਤੇ ਉਹ ਇਸ ਨੂੰ ਕਿੰਨਾ ਪਿਆਰ ਦੇ ਰਹੇ ਹਨ। ‘ਮਿਰਜ਼ਾਪੁਰ’ ਦੇ ਪ੍ਰਸ਼ੰਸਕਾਂ ਨੇ ਇਸ ਫਿਲਮ ਨੂੰ ਵੀ ਜਿਸ ਤਰ੍ਹਾਂ ਅਪਣਾਇਆ ਹੈ ਉਸ ਲਈ ਅਸੀਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।
Q. ਕੀ ‘ਮਿਰਜ਼ਾਪੁਰ’ ਦਾ ਅਗਲਾ ਸੀਜ਼ਨ ਜਾਂ ਫਿਲਮ ਅੱਗੇ ਵੀ ਦੇਖਣ ਨੂੰ ਮਿਲੇਗੀ?
-‘ਮਿਰਜ਼ਾਪੁਰ’ ਦੀ ਦੁਨੀਆ ਅੱਗੇ ਵੀ ਪਰਤਦੀ ਰਹੇਗੀ। ਫਿਲਹਾਲ ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਇਹ ਸਫ਼ਰ ਜਾਰੀ ਰਹੇਗਾ ਅਤੇ ਪ੍ਰਸ਼ੰਸਕਾਂ ਨੂੰ ਅੱਗੇ ਵੀ ਉਤਸ਼ਾਹਿਤ ਕਰਦਾ ਰਹੇਗਾ। ਇਹ ਕਿਸ ਰੂਪ ਵਿਚ ਵਾਪਸ ਆਵੇਗਾ, ਉਸ ’ਤੇ ਅਜੇ ਗੱਲ ਕਰਨੀ ਸਹੀ ਨਹੀਂ ਹੋਵੇਗੀ। ਮੈਨੂੰ ਲੱਗਦਾ ਹੈ ਕਿ ਥੋੜ੍ਹੀ ਉਤਸੁਕਤਾ ਬਣੀ ਰਹਿਣ ਦੇਣਾ ਵੀ ਜ਼ਰੂਰੀ ਹੈ। ਅਜੇ ਦਰਸ਼ਕ ਚਰਚਾ ਕਰਨ ਕਿ ਉਨ੍ਹਾਂ ਨੂੰ ਅਗਲਾ ਸੀਜ਼ਨ ਚਾਹੀਦਾ ਹੈ ਜਾਂ ਅਗਲੀ ਫਿਲਮ, ਇਹ ਵੀ ਇਸ ਸਫ਼ਰ ਦਾ ਮਜ਼ੇਦਾਰ ਹਿੱਸਾ ਹੈ।
‘ਸਿੰਘ ਵਰਸਿਜ਼ ਕੌਰ-2’ ’ਚ ਗਿੱਪੀ-ਸ਼ਹਿਨਾਜ਼ ਦੀ ਜੋੜੀ ਨੇ ਜਿੱਤਿਆ ਦਿਲ
NEXT STORY