ਜਲੰਧਰ (ਬਿਊਰੋ)– ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਐਕਸ਼ਨ ਫ੍ਰੈਂਚਾਇਜ਼ੀ ਦੀ ਨਵੀਂ ਫਿਲਮ ‘ਡਾਕੂਆਂ ਦਾ ਮੁੰਡਾ 3’ ਦਾ ਧਮਾਕੇਦਾਰ ਟਰੇਲਰ ਅਧਿਕਾਰਤ ਤੌਰ ’ਤੇ ਰਿਲੀਜ਼ ਹੋ ਗਿਆ ਹੈ, ਜਿਸ ਨਾਲ ਪ੍ਰਸ਼ੰਸਕਾਂ ਤੇ ਇੰਡਸਟਰੀ ਦੇ ਅੰਦਰੂਨੀ ਲੋਕਾਂ ’ਚ ਬਹੁਤ ਉਤਸ਼ਾਹ ਪੈਦਾ ਹੋ ਗਿਆ ਹੈ। ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੇ ਬੈਨਰ ਹੇਠ ਬਣਾਈ ਗਈ ਤੇ ਹੈਪੀ ਰੋਡੇ ਵੱਲੋਂ ਨਿਰਦੇਸ਼ਿਤ ਇਹ ਫਿਲਮ ਮਸ਼ਹੂਰ ਅਦਾਕਾਰ ਦੇਵ ਖਰੌੜ ਦੀ ਸ਼ਕਤੀਸ਼ਾਲੀ ਵਾਪਸੀ ਨੂੰ ਦਰਸਾਉਂਦੀ ਹੈ।
ਦੇਵ ਖਰੌੜ ਫਿਲਮ ’ਚ ਇਕ ਯੋਧੇ ਦੀ ਭੂਮਿਕਾ ਨਿਭਾਅ ਰਹੇ ਹਨ- ਇਕ ਪ੍ਰਤਿਭਾਸ਼ਾਲੀ ਨੌਜਵਾਨ ਮੁੱਕੇਬਾਜ਼, ਜੋ ਇਕ ਅਪਰਾਧੀ ਪਰਿਵਾਰ ’ਚ ਪੈਦਾ ਹੋਇਆ ਸੀ ਤੇ ਇਕ ਅਨਾਥ ਆਸ਼ਰਮ ’ਚ ਵੱਡਾ ਹੋਇਆ। ਸਮਾਜਿਕ ਭ੍ਰਿਸ਼ਟਾਚਾਰ ਤੇ ਸਿਸਟਮ ਦੇ ਬੇਇਨਸਾਫ਼ੀ ਵਾਲੇ ਢਾਂਚੇ ਵਿਰੁੱਧ ਲੜਦਿਆਂ ਸਮਾਜ ਦੀ ਬਿਹਤਰੀ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਖ਼ੁਦ ਉਸ ਸਿਸਟਮ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਨਾਲ ਉਹ ਟਕਰਾਉਂਦਾ ਹੈ। ਇਹ ਫਿਲਮ ਇਸ ਸੰਘਰਸ਼ ਦੀ ਕਹਾਣੀ ਹੈ-ਵਿਰੋਧ ਤੇ ਬਦਲੇ ਦੀ ਇਕ ਦਿਲਚਸਪ ਗਾਥਾ।
ਨਰਿੰਦਰ ਅੰਬਰਸਰੀਆ ਵੱਲੋਂ ਲਿਖੀ ਗਈ ‘ਡਾਕੂਆਂ ਦਾ ਮੁੰਡਾ 3’ ਭ੍ਰਿਸ਼ਟਾਚਾਰ, ਬੇਇਨਸਾਫ਼ੀ ਤੇ ਸੱਚ ਤੇ ਨਿਆਂ ਲਈ ਲੜਾਈ ਵਰਗੇ ਗੰਭੀਰ ਵਿਸ਼ਿਆਂ ਨੂੰ ਡੂੰਘਾਈ ਨਾਲ ਛੂੰਹਦੀ ਹੈ। ਫਿਲਮ ਦੀ ਕਹਾਣੀ ਉਦੋਂ ਹੋਰ ਵੀ ਤੀਬਰ ਹੋ ਜਾਂਦੀ ਹੈ, ਜਦੋਂ ਯੋਧਾ ਇਕ ਭ੍ਰਿਸ਼ਟ ਚਿੱਟੇ ਕਾਲਰ ਪੁਲਸ ਅਧਿਕਾਰੀ ਦੇ ਸਾਹਮਣੇ ਆਉਂਦਾ ਹੈ, ਜੋ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ। ਫਿਲਮ ਦਾ ਕਲਾਈਮੈਕਸ ਉੱਤਰਾਖੰਡ ਦੇ ਸੁੰਦਰ ਜੰਗਲਾਂ ’ਚ ਫ਼ਿਲਮਾਇਆ ਗਿਆ ਹੈ, ਜਿਥੇ ਇਕ ਰੋਮਾਂਚਕ ਟਕਰਾਅ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਨਾਲ ਚਿਪਕਾ ਕੇ ਰੱਖੇਗਾ।
ਦੇਵ ਖਰੌੜ, ਬਾਣੀ ਸੰਧੂ, ਕਬੀਰ ਦੁਹਨ ਸਿੰਘ, ਦ੍ਰਿਸ਼ਟੀ ਤਲਵਾੜ, ਨਵੀ ਭੰਗੂ, ਕਵੀ ਸਿੰਘ, ਸਤਿੰਦਰ ਕੱਸੋਆਣਾ, ਲੱਖਾ ਲਹਿਰੀ, ਰਾਜ ਧਾਲੀਵਾਲ, ਆਰੀਆ ਨਾਗਪਾਲ, ਸੁੱਖੀ ਖਿਆਲਾ, ਫਤਿਹ ਸਿਆਣ ਤੇ ਬਲਵਿੰਦਰ ਧਾਲੀਵਾਲ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਜ਼ੀ ਸਟੂਡੀਓਜ਼ ਰਾਹੀਂ 13 ਜੂਨ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ ਕਿ ਸਿਰ ਸਜ ਗਿਆ ਤਾਜ
NEXT STORY