ਨਵੀਂ ਦਿੱਲੀ : ਵਾਹਨ ਨਿਰਮਾਤਾ ਕੰਪਨੀ ਐਂਪੀਅਰ (Ampere) ਨੇ ਆਪਣੇ ਪ੍ਰਸਿੱਧ ਇਲੈਕਟ੍ਰਿਕ ਸਕੂਟਰ ਮੈਗਨਸ ਜੀ ਮੈਕਸ (Magnus G Max) ਨੂੰ ਨਵੇਂ ਅਤੇ ਬਿਹਤਰ ਅਪਡੇਟਸ ਦੇ ਨਾਲ ਲਾਂਚ ਕਰ ਦਿੱਤਾ ਹੈ। ਕੰਪਨੀ ਮੁਤਾਬਕ, ਇਹ ਨਵਾਂ ਸਕੂਟਰ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਕਨੈਕਟਡ ਫੀਚਰਸ ਨਾਲ ਲੈਸ ਹੈ ਅਤੇ ਇਸ ਵਿੱਚ ਸਵਾਰੀ ਨੂੰ ਹੋਰ ਸੁਖਾਲਾ ਬਣਾਉਣ ਲਈ ਕਈ ਆਧੁਨਿਕ ਤਕਨੀਕਾਂ ਜੋੜੀਆਂ ਗਈਆਂ ਹਨ।
ਇਹ ਸਕੂਟਰ ਹੁਣ 'NxG.io' ਸਾਫਟਵੇਅਰ ਪਲੇਟਫਾਰਮ 'ਤੇ ਅਪਗ੍ਰੇਡ ਹੋ ਚੁੱਕਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਅਪਡੇਟ ਤੋਂ ਬਾਅਦ ਸਕੂਟਰ ਵਿੱਚ 30 ਤੋਂ ਵੱਧ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ। ਸਕੂਟਰ ਵਿੱਚ 5 ਇੰਚ ਦੀ ਸਕ੍ਰੀਨ (ਡਿਸਪਲੇਅ) ਦਿੱਤੀ ਗਈ ਹੈ, ਜੋ 'ਟਰਨ-ਬਾਏ-ਟਰਨ' ਨੇਵੀਗੇਸ਼ਨ (turn-by-turn navigation) ਦੀ ਸਹੂਲਤ ਪ੍ਰਦਾਨ ਕਰਦੀ ਹੈ।
ਇਸ ਤੋਂ ਇਲਾਵਾ, ਫੋਨ ਐਪ ਰਾਹੀਂ ਵਰਤੇ ਜਾਣ ਵਾਲੇ 'ਫਾਈਂਡ ਯੂਅਰ ਸਕੂਟਰ' ਜਾਂ 'ਪਿੰਗ ਸਕੂਟਰ' ਫੀਚਰ ਨਾਲ ਪਾਰਕਿੰਗ ਵਿੱਚ ਸਕੂਟਰ ਲੱਭਣਾ ਬਹੁਤ ਆਸਾਨ ਹੋ ਜਾਵੇਗਾ। ਸਕੂਟਰ ਵਿੱਚ ਰੀਅਲ-ਟਾਈਮ ਚਾਰਜਿੰਗ ਸਟੇਟਸ, ਲਾਈਵ ਟ੍ਰੈਕਿੰਗ, ਜੀਓ ਫੈਂਸਿੰਗ, ਚੋਰੀ (theft) ਅਤੇ ਟੋਅ (tow) ਅਲਰਟ ਵਰਗੇ ਸਮਾਰਟ ਫੀਚਰਸ ਵੀ ਮਿਲਣਗੇ। ਇਨ੍ਹਾਂ ਸਾਰੇ ਫੀਚਰਾਂ ਨੂੰ 'Ampere Connect' ਐਪ ਰਾਹੀਂ ਚਲਾਇਆ ਜਾ ਸਕਦਾ ਹੈ। ਇਸ ਵਿੱਚ ਰਿਮੋਟ ਡਾਇਗਨੋਸਟਿਕ, ਸਰਵਿਸ ਬੁਕਿੰਗ, ਚਾਰਜਿੰਗ ਹਿਸਟਰੀ ਅਤੇ ਓਵਰ-ਦ-ਏਅਰ (OTA) ਅਪਡੇਟਸ ਦੀ ਸਹੂਲਤ ਵੀ ਸ਼ਾਮਲ ਹੈ।
ਸਕੂਟਰ ਵਿੱਚ ਸਭ ਤੋਂ ਵੱਡਾ ਬਦਲਾਅ 'ਕਰੂਜ਼ ਕੰਟਰੋਲ' ਅਤੇ 'ਹਿੱਲ ਹੋਲਡ ਅਸਿਸਟ' ਦਾ ਜੋੜਿਆ ਜਾਣਾ ਹੈ। 'ਹਿੱਲ ਹੋਲਡ' ਫੀਚਰ ਕਾਰਨ ਸਕੂਟਰ ਕਿਸੇ ਵੀ ਚੜ੍ਹਾਈ 'ਤੇ ਪਿੱਛੇ ਨਹੀਂ ਖਿਸਕੇਗਾ, ਜੋ ਕਿ ਚੜ੍ਹਾਈ ਵੇਲੇ ਚਾਲਕ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਹਾਲਾਂਕਿ, ਕੰਪਨੀ ਨੇ ਸਕੂਟਰ ਦੇ ਮਕੈਨੀਕਲ ਹਿੱਸਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਨਵੇਂ ਮੈਗਨਸ ਜੀ ਮੈਕਸ ਵਿੱਚ 3kWh ਦੀ LFP ਬੈਟਰੀ ਦਿੱਤੀ ਗਈ ਹੈ, ਜੋ ਕਿ 2.4kW ਦੀ ਪੀਕ ਹੱਬ ਮਾਊਂਟਡ ਮੋਟਰ ਨਾਲ ਲੈਸ ਹੈ। ਇਹ ਸਕੂਟਰ 65 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਫੜ ਸਕਦਾ ਹੈ। ਇੱਕ ਵਾਰ ਪੂਰਾ ਚਾਰਜ ਹੋਣ 'ਤੇ ਇਹ 142 ਕਿਲੋਮੀਟਰ ਦੀ ਰੇਂਜ (IDC claimed range) ਦੇਣ ਦਾ ਦਾਅਵਾ ਕਰਦਾ ਹੈ। ਕੰਪਨੀ ਵੱਲੋਂ ਇਸ ਸਕੂਟਰ 'ਤੇ 5 ਸਾਲ ਜਾਂ 75,000 ਕਿਲੋਮੀਟਰ ਤੱਕ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਇਹ ਸਕੂਟਰ ਦੋਹਰੇ ਰੰਗਾਂ ਵਿੱਚ ਉਪਲਬਧ ਹੋਵੇਗਾ।
ਕੰਪਨੀ ਮੁਤਾਬਕ, 3kWh ਦੀ ਇਸ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਲਈ ਲਗਭਗ 3 ਤੋਂ 3.5 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਜੇਕਰ ਔਸਤਨ 8 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਵੀ ਹਿਸਾਬ ਲਗਾਇਆ ਜਾਵੇ, ਤਾਂ ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਵਿੱਚ ਲਗਭਗ 30 ਰੁਪਏ ਦਾ ਖਰਚਾ ਆਵੇਗਾ। ਯਾਨੀ ਕਿ ਸਿਰਫ਼ 30 ਰੁਪਏ ਦੇ ਖਰਚੇ ਵਿੱਚ ਤੁਸੀਂ 142 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੇ ਹੋ।
ਕੀਮਤਾਂ ਦੀ ਗੱਲ ਕਰੀਏ ਤਾਂ ਇਸ ਸਕੂਟਰ ਦੀ ਸ਼ੁਰੂਆਤੀ ਕੀਮਤ 1,02,999 ਰੁਪਏ ਹੈ। ਜਦੋਂ ਕਿ ਇਸ ਦੇ IoT ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 1,09,999 ਰੁਪਏ ਰੱਖੀ ਗਈ ਹੈ।
ਗੂਗਲ ਨੇ ਭਾਰਤ 'ਚ ਲਾਂਚ ਕੀਤੀ ਨਵੀਂ Pixel 11 ਸੀਰੀਜ਼, ਜਾਣੋ ਕੀਮਤਾਂ ਤੇ ਸ਼ਾਨਦਾਰ ਫੀਚਰਸ
NEXT STORY