ਨਿਊਯਾਰਕ : ਹਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ 'ਗੌਡਜ਼ਿਲਾ ਵਰਸਿਜ਼ ਕੌਂਗ' ਅਤੇ 'ਗੌਡਜ਼ਿਲਾ ਐਕਸ ਕੌਂਗ: ਦ ਨਿਊ ਐਂਪਾਇਰ' ਵਿੱਚ 'ਜੀਆ' ਦਾ ਯਾਦਗਾਰ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੇਲੀ ਹੌਟਲ (Kaylee Hottle) ਦਾ 18 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੇਲੀ ਦੀ ਮੌਤ ਅਮਰੀਕਾ ਦੇ ਮੈਰੀਲੈਂਡ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਹੋਈ।
ਕੇਲੀ ਦੇ ਪਿਤਾ ਜੋਸ਼ੂਆ ਹੌਟਲ ਨੇ ਅਮਰੀਕਨ ਸਾਈਨ ਲੈਂਗੂਏਜ ਵਿੱਚ ਫੇਸਬੁੱਕ ਲਾਈਵ ਰਾਹੀਂ ਆਪਣੀ ਧੀ ਦੀ ਮੌਤ ਦੀ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕੇਲੀ 'ਟੈਕਸਾਸ ਸਕੂਲ ਫਾਰ ਦ ਡੈਫ' ਦੀ ਸੀਨੀਅਰ ਵਿਦਿਆਰਥਣ ਸੀ। ਸਕੂਲ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਮੈਰੀਲੈਂਡ ਦੇ ਫ੍ਰੇਡਰਿਕ ਵਿੱਚ ਹੋਈ ਇਸ ਕਾਰ ਦੁਰਘਟਨਾ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੀਆਂ ਹਮਦਰਦੀਆਂ ਪਰਿਵਾਰ ਤੇ ਦੋਸਤਾਂ ਦੇ ਨਾਲ ਹਨ। ਸਕੂਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਾਦਸੇ ਬਾਰੇ ਅਫਵਾਹਾਂ ਨਾ ਫੈਲਾਉਣ ਅਤੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ।
ਕੇਲੀ ਹੌਟਲ ਨੇ ਸਾਲ 2021 ਦੀ ਫਿਲਮ 'Godzilla vs. Kong' ਵਿੱਚ ਇੱਕ ਮੂਕ-ਬਧਿਰ ਅਨਾਥ ਬੱਚੀ 'ਜੀਆ' ਦਾ ਕਿਰਦਾਰ ਨਿਭਾਇਆ ਸੀ, ਜਿਸਦਾ ਕਿੰਗ ਕੌਂਗ ਨਾਲ ਇੱਕ ਬਹੁਤ ਹੀ ਖ਼ਾਸ ਰਿਸ਼ਤਾ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਉਹ 2024 ਵਿੱਚ ਆਈ ਫਿਲਮ 'Godzilla x Kong: The New Empire' ਵਿੱਚ ਵੀ ਇਸੇ ਭੂਮਿਕਾ ਵਿੱਚ ਨਜ਼ਰ ਆਈ ਸੀ। ਉਸ ਦੀ ਸ਼ਾਨਦਾਰ ਅਦਾਕਾਰੀ ਲਈ ਉਸਨੂੰ ਸੈਟਰਨ ਅਵਾਰਡ (Saturn Award) ਵਿੱਚ ਸਰਵੋਤਮ ਨੌਜਵਾਨ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦਗੀ ਵੀ ਮਿਲੀ ਸੀ।
ਕੇਲੀ ਨੇ ਇੱਕ ਵਾਰ ਦੱਸਿਆ ਸੀ ਕਿ ਉਸ ਲਈ ਸਭ ਤੋਂ ਵੱਡੀ ਚੁਣੌਤੀ ਸੰਵਾਦਾਂ ਨੂੰ ਅਮਰੀਕਨ ਸਾਈਨ ਲੈਂਗੂਏਜ (ASL) ਦੇ ਅਨੁਸਾਰ ਢਾਲਣਾ ਸੀ। ਉਸ ਅਨੁਸਾਰ, ਕਈ ਵਾਰ ਨਿਰਦੇਸ਼ਕ ਸਕ੍ਰਿਪਟ ਦੇ ਸ਼ਬਦਾਂ ਮੁਤਾਬਕ ਸਾਈਨ ਕਰਵਾਉਣਾ ਚਾਹੁੰਦੇ ਸਨ, ਪਰ ASL ਵਿੱਚ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਕੇਲੀ ਦੀ ਮੌਤ ਦੀ ਖ਼ਬਰ ਨਾਲ ਹਾਲੀਵੁੱਡ ਅਤੇ ਉਸਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਇੰਨੀ ਛੋਟੀ ਉਮਰ ਵਿੱਚ ਉਸਨੇ ਆਪਣੀ ਪ੍ਰਤਿਭਾ ਨਾਲ ਦੁਨੀਆ ਭਰ ਵਿੱਚ ਨਾਮ ਕਮਾਇਆ ਸੀ।
ਮੁੜ ਚਰਚਾ 'ਚ ਆਈ ਇਹ ਮਾਡਲ, ਪਹਿਲਾਂ ਫਲਾਈਟ 'ਚ ਚੜ੍ਹਨ ਤੋਂ ਰੋਕਿਆ ਗਿਆ, ਹੁਣ ਜਿਮ ਨੇ ਕਰ 'ਤਾ ਬੈਨ
NEXT STORY