ਇਟਲੀ (ਦਲਵੀਰ ਸਿੰਘ ਕੈਂਥ)- ਭਾਰਤ ਦੇ ਸਮਾਜਿਕ ਅਤੇ ਰਾਜਨੀਤਿਕ ਇਤਿਹਾਸ ਵਿੱਚ ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਉਹ ਇੱਕ ਵਿਅਕਤੀ ਨਹੀਂ, ਸਗੋਂ ਇੱਕ ਵਿਚਾਰਧਾਰਾ, ਇੱਕ ਅੰਦੋਲਨ ਅਤੇ ਸਮਾਜਿਕ ਪਰਿਵਰਤਨ ਦੀ ਅਜਿਹੀ ਕ੍ਰਾਂਤੀ ਦਾ ਨਾਂ ਸਨ, ਜਿਸ ਨੇ ਸਦੀਆਂ ਤੋਂ ਸਮਾਜਿਕ ਵਿਤਕਰੇ, ਜਾਤੀਵਾਦ ਅਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਬਹੁਜਨ ਸਮਾਜ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦਾ ਸਮੁੱਚਾ ਜੀਵਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਰਾਜਨੀਤਿਕ ਤਾਕਤ ਦਿਵਾਉਣ ਲਈ ਸਮਰਪਿਤ ਰਿਹਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਦੇ ਪ੍ਰਧਾਨ ਕੈਲਾਸ਼ ਬੰਗੜ ਤੇ ਸਮੂਹ ਮੈਂਬਰਾਨ ਨੇ ਮਾਨਯਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ 20ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਪ੍ਰੈੱਸ ਨਾਲ ਕੀਤਾ।
ਪ੍ਰਧਾਨ ਕੈਲਾਸ਼ ਬੰਗੜ ਤੇ ਸਮੂਹ ਮੈਂਬਰਾਨ ਨੇ ਕਿਹਾ ਕਿ ਮਾਨਯਵਰ ਕਾਂਸ਼ੀ ਰਾਮ ਜੀ ਨੇ ਇਹ ਸਮਝ ਲਿਆ ਸੀ ਕਿ ਸਮਾਜਿਕ ਬਰਾਬਰੀ ਦਾ ਸੁਪਨਾ ਸਿਰਫ਼ ਭਾਸ਼ਣਾਂ ਅਤੇ ਨਾਅਰਿਆਂ ਨਾਲ ਸਾਕਾਰ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਨੇ ਬਹੁਜਨ ਸਮਾਜ ਨੂੰ ਸਿੱਖਿਅਤ, ਸੰਗਠਿਤ ਅਤੇ ਰਾਜਨੀਤਿਕ ਤੌਰ 'ਤੇ ਸ਼ਕਤੀਸ਼ਾਲੀ ਬਣਾਉਣ ਦਾ ਬੀੜਾ ਚੁੱਕਿਆ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਿਹੜੇ ਲੋਕ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਹਨ, ਜੇਕਰ ਉਹ ਆਪਣੀ ਸਮਾਜਿਕ ਤਾਕਤ ਨੂੰ ਪਛਾਣ ਲੈਣ ਅਤੇ ਸੰਗਠਿਤ ਹੋ ਜਾਣ, ਤਾਂ ਉਹ ਦੇਸ਼ ਦੀ ਰਾਜਨੀਤੀ ਅਤੇ ਸਮਾਜਿਕ ਵਿਵਸਥਾ ਵਿੱਚ ਇਤਿਹਾਸਕ ਤਬਦੀਲੀ ਲਿਆ ਸਕਦੇ ਹਨ।
ਇਸ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਨੇ ਬਾਮਸੇਫ਼ (BAMCEF) ਦੀ ਸਥਾਪਨਾ ਰਾਹੀਂ ਪੜ੍ਹੇ-ਲਿਖੇ ਕਰਮਚਾਰੀਆਂ ਅਤੇ ਬਹੁਜਨ ਸਮਾਜ ਦੇ ਬੁੱਧੀਜੀਵੀਆਂ ਨੂੰ ਸੰਗਠਿਤ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਡੀਐਸ-4 (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਰਾਹੀਂ ਉਨ੍ਹਾਂ ਨੇ ਬਹੁਜਨ ਸਮਾਜ ਦੇ ਹੱਕਾਂ ਲਈ ਸੰਘਰਸ਼ ਨੂੰ ਵਿਆਪਕ ਜਨ-ਅੰਦੋਲਨ ਦਾ ਰੂਪ ਦਿੱਤਾ। ਉਨ੍ਹਾਂ ਦਾ ਮਸ਼ਹੂਰ ਨਾਅਰਾ, "ਜਿਸਕੀ ਜਿਤਨੀ ਸੰਖਿਆ ਭਾਰੀ, ਉਸਕੀ ਉਤਨੀ ਭਾਗੀਦਾਰੀ", ਸਮਾਜਿਕ ਅਤੇ ਰਾਜਨੀਤਿਕ ਭਾਗੀਦਾਰੀ ਦੀ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ।

ਇਨ੍ਹਾਂ ਯਤਨਾਂ ਦੀ ਅਗਲੀ ਮਹੱਤਵਪੂਰਨ ਕੜੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਥਾਪਨਾ ਸੀ। ਇਸ ਰਾਜਨੀਤਿਕ ਪਾਰਟੀ ਰਾਹੀਂ ਉਨ੍ਹਾਂ ਨੇ ਬਹੁਜਨ ਸਮਾਜ ਨੂੰ ਸਿਰਫ਼ ਵੋਟ ਪਾਉਣ ਵਾਲੀ ਤਾਕਤ ਦੀ ਬਜਾਏ ਸੱਤਾ ਵਿੱਚ ਭਾਗੀਦਾਰ ਬਣਾਉਣ ਦਾ ਟੀਚਾ ਰੱਖਿਆ। ਉਨ੍ਹਾਂ ਨੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਲੋਕਤੰਤਰ ਵਿੱਚ ਵੋਟ ਦੀ ਤਾਕਤ ਬਹੁਤ ਮਹੱਤਵਪੂਰਨ ਹੈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਰਾਜਨੀਤਿਕ ਸੱਤਾ ਵਿੱਚ ਹਿੱਸੇਦਾਰੀ ਜ਼ਰੂਰੀ ਹੈ।
ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ, ਸਾਦਗੀ, ਸੰਘਰਸ਼ਸ਼ੀਲ ਜੀਵਨ ਅਤੇ ਆਪਣੇ ਮਿਸ਼ਨ ਪ੍ਰਤੀ ਅਟੁੱਟ ਸਮਰਪਣ ਸੀ। ਉਨ੍ਹਾਂ ਨੇ ਬਿਨਾਂ ਕਿਸੇ ਵੱਡੇ ਕਾਰਪੋਰੇਟ ਸਹਾਰੇ, ਮਨੀ ਪਾਵਰ ਅਤੇ ਮੀਡੀਆ ਦੀ ਵਿਆਪਕ ਹਮਾਇਤ ਤੋਂ ਬਿਨਾਂ, ਲੋਕਾਂ ਦੇ ਸਹਿਯੋਗ ਅਤੇ ਆਪਣੇ ਸੰਗਠਨਾਤਮਕ ਹੁਨਰ ਦੇ ਆਧਾਰ 'ਤੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਮਜ਼ਬੂਤ ਰਾਜਨੀਤਿਕ ਤਾਕਤ ਵਜੋਂ ਖੜ੍ਹਾ ਕਰਨ ਲਈ ਸੰਘਰਸ਼ ਕੀਤਾ। ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਬਹੁਜਨ ਸਮਾਜ ਦੀ ਜਾਗਰੂਕਤਾ, ਸੰਗਠਨ ਅਤੇ ਸੱਤਾ ਵਿੱਚ ਭਾਗੀਦਾਰੀ ਸੀ। ਉਨ੍ਹਾਂ ਦਾ ਸਫ਼ਰ ਇਸ ਗੱਲ ਦੀ ਮਿਸਾਲ ਹੈ ਕਿ ਦ੍ਰਿੜ੍ਹ ਇੱਛਾ-ਸ਼ਕਤੀ, ਵਿਚਾਰਧਾਰਕ ਸਪਸ਼ਟਤਾ ਅਤੇ ਲਗਾਤਾਰ ਮਿਹਨਤ ਨਾਲ ਵੱਡੀਆਂ ਸਮਾਜਿਕ ਤਬਦੀਲੀਆਂ ਦੀ ਨੀਂਹ ਰੱਖੀ ਜਾ ਸਕਦੀ ਹੈ।
ਉਨ੍ਹਾਂ ਨੇ ਉਸ ਸਮਾਜ ਵਿੱਚ ਆਤਮ-ਵਿਸ਼ਵਾਸ ਪੈਦਾ ਕੀਤਾ, ਜਿਸ ਨੂੰ ਸਦੀਆਂ ਤੋਂ ਹੀਣਤਾ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ ਸੀ। ਉਨ੍ਹਾਂ ਨੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਵੰਚਿਤ ਵਰਗਾਂ ਨੂੰ ਆਪਣੇ ਅਧਿਕਾਰਾਂ, ਸਵੈਮਾਣ ਅਤੇ ਰਾਜਨੀਤਿਕ ਤਾਕਤ ਦੀ ਪਛਾਣ ਕਰਵਾਈ। ਜਿਨ੍ਹਾਂ ਲੋਕਾਂ ਨੂੰ ਰਾਜਨੀਤੀ ਵਿੱਚ ਆਪਣੀ ਭੂਮਿਕਾ ਬਾਰੇ ਸੋਚਣ ਦਾ ਮੌਕਾ ਵੀ ਘੱਟ ਮਿਲਦਾ ਸੀ, ਉਨ੍ਹਾਂ ਨੂੰ ਆਪਣੇ ਨੇਤਾ ਚੁਣਨ ਅਤੇ ਸੱਤਾ ਵਿੱਚ ਆਪਣੀ ਭਾਗੀਦਾਰੀ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ। ਇਸੇ ਅਰਥ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਬਹੁਜਨ ਸਮਾਜ ਦੇ 'ਜ਼ੀਰੋ ਤੋਂ ਹੀਰੋ' ਬਣਨ ਦੇ ਸਫ਼ਰ ਨਾਲ ਜੋੜਿਆ ਜਾਂਦਾ ਹੈ। ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਸਨ ਕਿ ਸਾਡਾ ਅੰਤਿਮ ਟੀਚਾ ਭਾਰਤ ਦਾ ਹੁਕਮਰਾਨ ਬਣਨਾ ਹੈ ਤੇ ਮਾਨਿਯਵਰ ਸਾਹਿਬ ਦੀ ਇਹ ਆਖਰੀ ਇੱਛਾ ਪੂਰੀ ਕਰਨ ਲਈ ਸਾਨੂੰ ਹਰ ਹੀਲਾ ਅਪਨਾ ਕੇ ਬਹੁਜਨ ਸਮਾਜ ਪਾਰਟੀ ਨੂੰ ਭਾਰਤ ਵਿੱਚ ਹੁਕਮਰਾਨ ਬਣਾਉਣਾ ਚਾਹੀਦਾ ਹੈ। ਜਿਸ ਨਾਲ ਸਾਰੇ ਬਹੁਜਨ ਸਮਾਜ ਦਾ ਹੀ ਭਲਾ ਹੋਵੇਗਾ।
ਆਓ, ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ ਸਿਰਫ਼ ਫੁੱਲ ਭੇਟ ਕਰਨ ਜਾਂ ਨਾਅਰੇ ਲਗਾਉਣ ਤੱਕ ਹੀ ਸੀਮਤ ਨਾ ਰਹੀਏ, ਸਗੋਂ ਉਨ੍ਹਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦਾ ਦ੍ਰਿੜ੍ਹ ਸੰਕਲਪ ਲਈਏ।ਸੰਸਥਾ ਆਗੂਆਂ ਨੇ ਕਿਹਾ ਕਿ ਪ੍ਰਣ ਕਰੀਏ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਮਾਨਯਵਰ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਵਾਂਗੇ, ਆਪਣੇ ਸਮਾਜ ਨੂੰ ਸਿੱਖਿਆ, ਸੰਗਠਨ ਅਤੇ ਸੰਘਰਸ਼ ਦੇ ਰਾਹ 'ਤੇ ਅੱਗੇ ਵਧਾਵਾਂਗੇ ਅਤੇ ਹਰ ਤਰ੍ਹਾਂ ਦੇ ਜਾਤੀਵਾਦ, ਸ਼ੋਸ਼ਣ, ਛੂਤ-ਛਾਤ ਤੇ ਸਮਾਜਿਕ ਵਿਤਕਰੇ ਵਿਰੁੱਧ ਡਟ ਕੇ ਖੜ੍ਹਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
H-1B ਅਰਜ਼ੀਆਂ ਰਾਹੀਂ ਭਰਤੀ ਸਬੰਧੀ ਮਾਈਕ੍ਰੋਸਾਫਟ ਦਾ ਵੱਡਾ ਬਿਆਨ ! ਭਾਰਤੀ ਹੋਣਗੇ ਪ੍ਰਭਾਵਿਤ
NEXT STORY