ਵਾਸ਼ਿੰਗਟਨ : ਅਮਰੀਕਾ ਨੇ ਈਰਾਨ ਦੇ ਗਲੋਬਲ ਵਿੱਤੀ ਨੈੱਟਵਰਕ ਦੇ ਖ਼ਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕਰਦਿਆਂ ਦੁਨੀਆ ਭਰ ਦੇ ਦੇਸ਼ਾਂ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਤੇਹਰਾਨ (ਈਰਾਨ) ਦੀ ਮਦਦ ਕਰਨ ਵਾਲੀਆਂ ਆਪਣੀਆਂ ਵਿੱਤੀ ਗਤੀਵਿਧੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਸਖ਼ਤ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਦੱਸਿਆ ਕਿ ਅਮਰੀਕਾ ਦੇ 'ਆਪ੍ਰੇਸ਼ਨ ਇਕਨਾਮਿਕ ਆਊਟਕਾਸਟ' ਪਲਾਨ ਦੇ ਤਹਿਤ ਵਿੱਤ ਵਿਭਾਗ ਨੇ ਉਨ੍ਹਾਂ ਸਾਰੇ ਰਸਤਿਆਂ, ਮਦਦਗਾਰਾਂ ਅਤੇ ਨੈੱਟਵਰਕਾਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਦੀ ਵਰਤੋਂ ਈਰਾਨ ਤੇਲ ਦੀ ਤਸਕਰੀ, ਫੰਡ ਜੁਟਾਉਣ ਅਤੇ ਪਾਬੰਦੀਆਂ ਤੋਂ ਬਚਣ ਲਈ ਕਰਦਾ ਹੈ।
ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜਿਹੜੀ ਵੀ ਸੰਸਥਾ ਈਰਾਨ ਲਈ ਮਨੀ ਲਾਂਡਰਿੰਗ ਵਿੱਚ ਮਦਦ ਕਰੇਗੀ, ਉਸ ਨੂੰ ਅਮਰੀਕੀ ਡਾਲਰ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸੇ ਮੁਹਿੰਮ ਤਹਿਤ ਅਮਰੀਕਾ ਨੇ ਈਰਾਨ ਦੇ ਤੇਲ, ਪਰਮਾਣੂ, ਮਿਜ਼ਾਈਲ ਅਤੇ ਸਾਈਬਰ ਖੇਤਰਾਂ ਨਾਲ ਜੁੜੇ ਕਰੀਬ 60 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ 'ਤੇ ਨਵੀਆਂ ਪਾਬੰਦੀਆਂ ਵੀ ਲਗਾਈਆਂ ਹਨ।
ਬੇਸੈਂਟ ਅਨੁਸਾਰ, ਅਮਰੀਕੀ ਵਿਦੇਸ਼ ਵਿਭਾਗ, ਵਿੱਤ ਵਿਭਾਗ ਅਤੇ ਫ਼ੌਜ ਦੀਆਂ ਟੀਮਾਂ ਦੁਨੀਆ ਭਰ ਵਿੱਚ ਆਪਣੇ ਹਮਰੁਤਬਾ ਦੇਸ਼ਾਂ ਨਾਲ ਮੁਲਾਕਾਤ ਕਰਕੇ ਇਹ ਸਪੱਸ਼ਟ ਕਰ ਰਹੀਆਂ ਹਨ ਕਿ ਅਮਰੀਕਾ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਉਮੀਦ ਰੱਖਦਾ ਹੈ। ਹਾਲਾਂਕਿ, ਉਨ੍ਹਾਂ ਨੇ ਜਨਤਕ ਤੌਰ 'ਤੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਦੇਸ਼ਾਂ ਨੂੰ ਇਨ੍ਹਾਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕਿੰਨੀ ਸਮਾਂ-ਸੀਮਾ ਦਿੱਤੀ ਗਈ ਹੈ।
ਦੂਜੇ ਪਾਸੇ, ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਲੀਬਾਫ਼ ਨੇ ਅਮਰੀਕਾ ਦੀਆਂ ਇਨ੍ਹਾਂ ਧਮਕੀਆਂ ਨੂੰ ਸਿਰਫ਼ 'ਵੱਡੀਆਂ-ਵੱਡੀਆਂ ਗੱਲਾਂ' ਕਹਿ ਕੇ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਦੇ ਵਪਾਰਕ ਭਾਈਵਾਲ ਅਮਰੀਕੀ ਪਾਬੰਦੀਆਂ ਅੱਗੇ ਨਹੀਂ ਝੁਕਣਗੇ ਅਤੇ ਈਰਾਨ ਨਾਲ ਆਪਣਾ ਵਪਾਰ ਨਿਰੰਤਰ ਜਾਰੀ ਰੱਖਣਗੇ।
'ਇਮਰਾਨ ਖ਼ਾਨ 'ਤੇ 3 ਸਾਲਾਂ ਤੋਂ ਜੇਲ੍ਹ 'ਚ ਹੋ ਰਹੇ ਨੇ ਜ਼ੁਲਮ', ਸਾਬਕਾ ਪਤਨੀ ਜੇਮਿਮਾ ਨੇ ਬ੍ਰਿਟੇਨ ਤੋਂ ਮੰਗੀ ਮਦਦ
NEXT STORY