ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ‘ਚ ਮਾਹਰਾਂ ਦੇ ਤਾਜ਼ਾ ਸਰਵੇਖਣ ਮੁਤਾਬਕ ਕੋਵਿਡ-19 ਮਹਾਮਾਰੀ ਦਾ ਅਸਰ ਆਰਥਿਕ ਤੌਰ 'ਤੇ ਆਰਜ਼ੀ ਵੀਜ਼ਾ ਧਾਰਕਾਂ ਵਿੱਚੋਂ ਸਭ ਤੋਂ ਜਿਆਦਾ ਵਿਦੇਸ਼ੀ ਪਾੜ੍ਹਿਆਂ ‘ਤੇ ਪਿਆ ਹੈ। ਬਹੁਤੇ ਪਾੜ੍ਹੇ ਬੇਘਰ ਹੋ ਚੁੱਕੇ ਹਨ ਅਤੇ ਖਾਣ ਪੀਣ ਤੋਂ ਵੀ ਤੰਗ ਹਨ। ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਾਕੀ ਆਸਟ੍ਰੇਲੀਅਨ ਲੋਕਾਂ ਵਾਂਗ ਸਰਕਾਰ ਵੱਲੋਂ ਕੋਈ ਸਪੱਸ਼ਟ ਮਦਦ ਵੀ ਨਹੀਂ ਮਿਲ ਰਹੀ ਹੈ। ਵਿਦੇਸ਼ੀ ਪਾੜ੍ਹੇ ਕੰਮਾਂ ‘ਤੇ ਘੱਟ ਰੇਟ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਸੂਬਾ ਨਿਊ ਸਾਊਥ ਵੇਲਜ਼ 'ਚ ਮਾਰਚ ਅਤੇ ਮਈ ਦੌਰਾਨ ਕਰਵਾਏ ਸਰਵੇਖਣ ਮੁਤਾਬਕ ‘ਚ 65 ਫੀਸਦੀ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਨੌਕਰੀ ਚਲੀ ਗਈ ਸੀ। ਇਹਨਾਂ ਵਿੱਚੋਂ 60 ਫੀਸਦੀ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ 39 ਫੀਸਦੀ ਨੇ ਮੰਨਿਆ ਕਿ ਉਹਨਾਂ ਕੋਲ ਰਹਿਣ ਅਤੇ ਖਾਣ ਲਈ ਕੋਈ ਪੈਸੇ ਨਹੀਂ ਹਨ। 34 ਫੀਸਦੀ ਪਹਿਲਾਂ ਹੀ ਬੇਘਰੇ ਹੋ ਚੁੱਕੇ ਸਨ ਕਿਉਂਕਿ ਉਹਨਾਂ ਕੋਲ ਕਿਰਾਇਆ ਭਰਨ ਦੇ ਪੈਸੇ ਨਹੀਂ ਸਨ। 23 ਫੀਸਦੀ ਨੇ ਕਿਰਾਇਆ ਬਚਾਉਣ ਲਈ ਹੋਰਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। 43 ਫੀਸਦੀ ਨੇ ਮੰਨਿਆ ਕਿ ਉਹ ਕਈ ਕਈ ਵਾਰ ਖਾਣਾ ਨਹੀਂ ਖਾ ਪਾਉਂਦੇ (ਇਹਨਾਂ ਵਿੱਚੋਂ 46 ਫੀਸਦੀ ਵਿਦਿਆਰਥੀ ਸਨ)।
ਯੂਨਿਅਨ ਦੇ ਸਕੱਤਰ ਮਾਰਕ ਮੋਰੇ ਨੇ ਕਿਹਾ ਹੈ ਕਿ ਅਸੀਂ ਵਿਦੇਸ਼ੀ ਪਾੜ੍ਹਿਆਂ ਨੂੰ ਇੱਥੇ ਆਉਣ ਲਈ ਉਤਸ਼ਾਹਤ ਕੀਤਾ ਸੀ ਅਤੇ ਉਹ ਸ਼ੁਰੂ ਤੋਂ ਹੀ ਟੈਕਸ ਭਰ ਰਹੇ ਹਨ। ਪਰ ਬਿਨਾਂ ਮਦਦ ਦਿੱਤਿਆਂ ਅਸੀਂ ਇਹਨਾਂ ਨੂੰ ਨਾ ਸਿਰਫ ਭੁੱਖਮਰੀ ਬਲਕਿ ਸ਼ੋਸ਼ਣ ਵੱਲ ਵੀ ਧੱਕ ਰਹੇ ਹਾਂ। ਇਸ ਤੋਂ ਪਹਿਲਾਂ ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਯੂ.ਟੀ.ਐਸ ਵੱਲੋਂ ਕਰਵਾਏ ਇੱਕ ਹੋਰ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋਣ ਦੇ ਆਸਾਰ ਹਨ।
ਆਸਟ੍ਰੇਲੀਆ ‘ਚ ਆਰਜ਼ੀ ਵੀਜ਼ਾ ਧਾਰਕਾਂ ਪ੍ਰਤੀ ਕਠੋਰ ਵਤੀਰੇ ਬਾਬਤ ਪ੍ਰੋਫੈਸਰ ਲੌਰੀ ਬਰਗ ਨੇ ਕਿਹਾ ਕਿ ਸਰਵੇਖਣ ਕੀਤੇ 6000 ਵਿੱਚੋਂ ਅੱਧੇ ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਹਾਲਤ ਆਉਣ ਵਾਲੇ 6 ਮਹੀਨਿਆਂ ਦੌਰਾਨ ਹੋਰ ਵੀ ਕਮਜ਼ੋਰ ਪੈ ਜਾਵੇਗੀ। 59 ਫੀਸਦੀ ਆਰਜ਼ੀ ਵੀਜ਼ਾ ਧਾਰਕਾਂ ਨੇ ਕਿਹਾ ਕਿ ਉਹ ਦੂਜਿਆਂ ਨੂੰ ਭਵਿੱਖ ਵਿੱਚ ਆਸਟ੍ਰੇਲੀਆ ਆਉਣ ਦੀ ਸਿਫਾਰਸ਼ ਨਹੀਂ ਕਰਨਗੇ। ਉੱਧਰ ਕਾਰਜਕਾਰੀ ਪ੍ਰਵਾਸ ਮੰਤਰੀ ਐਲਨ ਟੱਜ ਦਾ ਕਹਿਣਾ ਹੈ ਕਿ ਸਾਡਾ ਸਾਰਾ ਧਿਆਨ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਭਲਾਈ ਉੱਤੇ ਲੱਗਿਆ ਹੋਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਆਰਜ਼ੀ ਵੀਜ਼ਾ ਧਾਰਕ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਹੁੰਦੇ ਹਨ।
ਚੀਨ ਦਾ ਕਾਰਾ : ਸ਼ਿਨਜਿਆਂਗ ’ਚ ਮਸਜਿਦ ਤੋੜ ਬਣਾਇਆ ਪਬਲਿਕ ਟਾਇਲਟ
NEXT STORY