ਇੰਟਰਨੈਸ਼ਨਲ ਡੈਸਕ: ਆਸਟ੍ਰੇਲੀਆ ਸਰਕਾਰ ਨੇ 'ਵਰਕ ਐਂਡ ਹੋਲੀਡੇ' ਵੀਜ਼ਾ 'ਤੇ ਆਉਣ ਵਾਲੇ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਐਕਸਟੈਂਸ਼ਨ ਦੇ ਨਿਯਮਾਂ ਵਿੱਚ ਵੱਡਾ ਫੇਰਬਦਲ ਕਰਦਿਆਂ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਗ੍ਰਹਿ ਮੰਤਰੀ ਟੋਨੀ ਬਰਕ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਮਾਰਚ 2027 ਤੋਂ ਦੂਜੇ ਜਾਂ ਤੀਜੇ ਵੀਜ਼ੇ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਅਤੇ ਸੱਦਾ ਪੱਤਰ ਹਾਸਲ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਦੂਜੇ ਵੀਜ਼ੇ ਲਈ ਰੀਜਨਲ ਵਰਕ ਦੀ ਸ਼ਰਤ ਨੂੰ 88 ਦਿਨਾਂ ਤੋਂ ਵਧਾ ਕੇ 120 ਦਿਨ ਕਰ ਦਿੱਤਾ ਗਿਆ ਹੈ।
ਇਹ ਨਵੇਂ ਬਦਲਾਅ ਆਸਟ੍ਰੇਲੀਆ ਦੇ 'ਵਰਕਿੰਗ ਹੋਲੀਡੇ ਮੇਕਰ' (WHM) ਪ੍ਰੋਗਰਾਮ ਦੀਆਂ ਦੋਵੇਂ ਸ਼੍ਰੇਣੀਆਂ—'ਵਰਕਿੰਗ ਹੋਲੀਡੇ ਵੀਜ਼ਾ' (ਸਬ-ਕਲਾਸ 417) ਅਤੇ 'ਵਰਕ ਐਂਡ ਹੋਲੀਡੇ ਵੀਜ਼ਾ' (ਸਬ-ਕਲਾਸ 462)—'ਤੇ ਲਾਗੂ ਹੋਣਗੇ। ਸਬ-ਕਲਾਸ 462 ਵੀਜ਼ਾ ਧਾਰਕ ਭਾਰਤੀ ਨਾਗਰਿਕ, ਜੋ ਆਸਟ੍ਰੇਲੀਆ 'ਚ ਆਪਣੇ ਠਹਿਰਾਅ ਦੀ ਮਿਆਦ ਵਧਾਉਣਾ ਚਾਹੁੰਦੇ ਹਨ, ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੇ। ਹਾਲਾਂਕਿ, ਯੂ.ਕੇ. ਦੇ ਪਾਸਪੋਰਟ ਧਾਰਕਾਂ ਨੂੰ ਇਸ ਨਵੀਂ ਰਜਿਸਟ੍ਰੇਸ਼ਨ ਅਤੇ ਸੱਦਾ ਪ੍ਰਕਿਰਿਆ ਤੋਂ ਛੋਟ ਦਿੱਤੀ ਗਈ ਹੈ।
ਸਰਕਾਰ ਨੇ 2026-27 ਪ੍ਰੋਗਰਾਮ ਸਾਲ ਲਈ ਵੀਜ਼ਾ ਕੋਟਾ ਨਿਰਧਾਰਤ ਕੀਤਾ ਹੈ। ਜਿਸ ਦੇ ਤਹਿਤ ਸਾਲਾਨਾ 45,000 ਦੂਜੇ ਵੀਜ਼ੇ ਅਤੇ 25,000 ਤੀਜੇ ਵੀਜ਼ੇ ਦਿੱਤੇ ਜਾਣਗੇ।। ਇਹ ਸੀਟਾਂ ਪੂਰੇ WHM ਪ੍ਰੋਗਰਾਮ ਲਈ ਸਾਂਝੀਆਂ ਹੋਣਗੀਆਂ ਅਤੇ ਸਿਰਫ਼ ਭਾਰਤੀਆਂ ਲਈ ਰਾਖਵੀਆਂ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ- Birthright Citizenship ਰਹੇਗੀ ਬਰਕਰਾਰ ! ਅਦਾਲਤ ਨੇ ਟਰੰਪ ਦੇ ਫ਼ੈਸਲੇ 'ਤੇ ਲਾਈ ਰੋਕ
ਰਜਿਸਟ੍ਰੇਸ਼ਨਾਂ 1 ਦਸੰਬਰ 2026 ਤੋਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਗੇੜ ਦੇ ਸੱਦੇ ਜਨਵਰੀ 2027 ਦੇ ਮੱਧ ਵਿੱਚ ਜਾਰੀ ਕੀਤੇ ਜਾਣਗੇ। ਰਜਿਸਟ੍ਰੇਸ਼ਨਾਂ 30 ਜੂਨ, 2027 ਤੱਕ ਮਾਨਤਾ ਪ੍ਰਾਪਤ ਰਹਿਣਗੀਆਂ। ਨਵੀਂ ਪ੍ਰਣਾਲੀ ਤਹਿਤ ਸਿਰਫ਼ ਰੀਜਨਲ ਵਰਕ ਪੂਰਾ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ, ਬਿਨੈਕਾਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਸੱਦਾ ਮਿਲਣ ਦੀ ਉਡੀਕ ਕਰਨੀ ਪਵੇਗੀ। ਚੁਣੇ ਗਏ ਬਿਨੈਕਾਰਾਂ ਕੋਲ ਵੀਜ਼ਾ ਅਰਜ਼ੀ ਦਾਖ਼ਲ ਕਰਨ ਲਈ 12 ਮਹੀਨਿਆਂ ਦਾ ਸਮਾਂ ਹੋਵੇਗਾ। ਰਜਿਸਟ੍ਰੇਸ਼ਨ ਕਰਵਾਉਣ ਜਾਂ ਸੱਦਾ ਮਿਲਣਾ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਹੋਵੇਗੀ। ਜਿਨ੍ਹਾਂ ਦੀ ਚੋਣ ਨਹੀਂ ਹੁੰਦੀ, ਉਨ੍ਹਾਂ ਨੂੰ ਮੌਜੂਦਾ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਛੱਡਣਾ ਪਵੇਗਾ।
1 ਮਾਰਚ 2027 ਤੋਂ ਦੂਜੇ WHM ਵੀਜ਼ੇ ਲਈ ਅਪਲਾਈ ਕਰਨ ਵਾਲਿਆਂ ਲਈ ਖੇਤਰੀ ਕੰਮ ਦੀ ਸ਼ਰਤ 88 ਦਿਨਾਂ ਤੋਂ ਵਧਾ ਕੇ 120 ਦਿਨ ਕਰ ਦਿੱਤੀ ਜਾਵੇਗੀ। 1 ਮਾਰਚ ਤੋਂ ਪਹਿਲਾਂ ਕੀਤਾ ਗਿਆ ਕੰਮ ਵੀ ਇਸ 120 ਦਿਨਾਂ ਦੀ ਸ਼ਰਤ ਵਿੱਚ ਗਿਣਿਆ ਜਾਵੇਗਾ। ਤੀਜੇ ਵੀਜ਼ੇ ਲਈ ਰੀਜਨਲ ਵਰਕ ਦੀ ਸ਼ਰਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਜਿਹੜੇ ਬਿਨੈਕਾਰ 28 ਫਰਵਰੀ 2027 ਤੱਕ ਆਪਣਾ ਰੀਜਨਲ ਵਰਕ ਪੂਰਾ ਕਰਕੇ ਦੂਜੇ ਜਾਂ ਤੀਜੇ ਵੀਜ਼ੇ ਦੀ ਅਰਜ਼ੀ ਦਾਖ਼ਲ ਕਰ ਦੇਣਗੇ, ਉਹ ਮੌਜੂਦਾ ਨਿਯਮਾਂ ਦਾ ਲਾਭ ਲੈ ਸਕਣਗੇ। 28 ਫਰਵਰੀ ਤੱਕ ਸਿਰਫ਼ ਕੰਮ ਪੂਰਾ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਉਸੇ ਮਿਤੀ ਤੱਕ ਅਰਜ਼ੀ ਦਾਖ਼ਲ ਕਰਨਾ ਵੀ ਲਾਜ਼ਮੀ ਹੈ। ਭਾਰਤ ਤੋਂ ਪਹਿਲੀ ਵਾਰ ਸਬ-ਕਲਾਸ 462 ਵੀਜ਼ਾ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਸਟ੍ਰੇਲੀਆ ਪਹਿਲਾਂ ਹੀ ਭਾਰਤੀਆਂ ਲਈ ਸਾਲਾਨਾ 1,000 ਸੀਟਾਂ ਦੇ ਕੋਟੇ ਨਾਲ ਬੈਲਟ ਪ੍ਰਣਾਲੀ ਚਲਾ ਰਿਹਾ ਹੈ। ਗ੍ਰਹਿ ਮੰਤਰੀ ਟੋਨੀ ਬਰਕ ਅਨੁਸਾਰ ਇਹ ਫੈਸਲੇ ਖੇਤੀਬਾੜੀ, ਟੂਰਿਜ਼ਮ ਅਤੇ ਹੋਸਪਿਟੈਲਿਟੀ ਖੇਤਰਾਂ ਵਿੱਚ ਮੰਗ ਵਧਣ 'ਤੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਲਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਨੂੰ ਬਰਾਮਦ ਕਰਨ ਦੀਆਂ ਇੱਛੁਕ ਉੱਤਰੀ ਇੰਗਲੈਂਡ ਦੀਆਂ ਕੰਪਨੀਆਂ ਦੀ ਗਿਣਤੀ 10 ਗੁਣਾ ਵਧੀ : ਸਰਵੇਖਣ
NEXT STORY