ਬੀਜਿੰਗ- ਚੀਨ ਦੇ ਉਈਗਰ ਮੁਸਲਿਮ ਦੇ ਪ੍ਰਤੀ ਵਤੀਰੇ ਨੂੰ ਲੈ ਕੇ ਦੁਨੀਆ ਭਰ 'ਚ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਅਮਰੀਕਾ 'ਚ ਰਹਿਣ ਵਾਲੀ ਉਈਗਰ ਲੇਖਕ ਰੇਆਨ ਅਸਤ ਨੇ ਚੀਨ 'ਚ ਉਈਗਰ ਲੋਕਾਂ 'ਤੇ ਹੋ ਰਹੇ ਜ਼ੁਲਮ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਕੀਤੇ ਹਨ। ਰੇਆਨ ਅਨੁਸਾਰ ਚੀਨ ਨਾ ਸਿਰਫ਼ ਉਈਗਰ ਭਾਈਚਾਰੇ ਦੀਆਂ ਜਨਾਨੀਆਂ ਨੂੰ ਜ਼ਬਰਦਸਤੀ ਬਾਂਝ ਬਣਾ ਰਿਹਾ ਹੈ ਸਗੋਂ ਜਨਸੰਖਿਆ 'ਤੇ ਨਜ਼ਰ ਰੱਖਣ ਲਈ ਉਨ੍ਹਾਂ ਦੀ ਬੱਚੇਦਾਨੀ 'ਚ ਜ਼ਬਰਨ ਡਿਵਾਈਸ ਵੀ ਲਗਾ ਰਿਹਾ ਹੈ। ਰੇਆਨ ਅਸਤ ਨੇ 'ਦਿ ਫਾਰੇਨ ਪਾਲਿਸੀ ਮੈਗਜ਼ੀਨ' 'ਚ ਇਕ ਲੇਖ ਰਾਹੀਂ ਦੱਸਿਆ ਕਿ ਦੁਨੀਆਂ ਦੀਆਂ ਨਜ਼ਰਾਂ 'ਚ ਆਉਣ ਤੋਂ ਬਾਅਦ ਚੀਨੀ ਸਰਕਾਰ ਨੇ ਤਕਨਾਲੋਜੀ ਰਾਹੀਂ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਚੀਨ ਨੇ ਉਈਗਰ ਭਾਈਚਾਰੇ ਨੂੰ ਨਾ ਸਿਰਫ਼ ਕੈਂਪਾਂ 'ਚ ਬੰਦ ਕਰ ਕੇ ਰੱਖਿਆ ਹੈ ਸਗੋਂ ਉਨ੍ਹਾਂ ਗੰਭੀਰ ਰੂਪ ਨਾਲ ਸਰੀਰਕ ਅਤੇ ਮਾਨਸਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਚੀਨ ਆਧੁਨਿਕ ਤਕਨੀਕ ਰਾਹੀਂ ਯਕੀਨੀ ਕਰਦਾ ਹੈ ਕਿ ਉਈਗਰ ਭਾਈਚਾਰੇ 'ਚ ਘੱਟੋ-ਘੱਟ ਬੱਚੇ ਪੈਦਾ ਹੋਣ। ਇਸ ਤੋਂ ਇਲਾਵਾ ਜੋ ਬੱਚੇ ਪੈਦਾ ਹੋ ਰਹੇ ਹਨ, ਉਨ੍ਹਾਂ ਨੂੰ ਵੀ ਹੋਰ ਭਾਈਚਾਰੇ 'ਚ ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਆਪਣੇ ਤੌਰ ਤਰੀਕਿਆਂ ਅਤੇ ਰਹਿਣ-ਸਹਿਣ ਤੋਂ ਦੂਰ ਹੋ ਜਾਣ। ਰੇਆਨ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਸ਼ਿਨਜਿਆਂਗ ਸੂਬੇ 'ਚ ਗਰਿੱਡ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਹੈ। ਇਸ ਰਾਹੀਂ ਉਹ ਉਈਗਰਾਂ ਦੀ ਜ਼ਿੰਦਗੀ ਦੇ ਧਾਰਮਿਕ, ਪਰਿਵਾਰਕ, ਸੰਸਕ੍ਰਿਤਕ ਅਤੇ ਸਮਾਜਿਕ ਸਮੇਤ ਹਰ ਪਹਿਲੂ 'ਤੇ ਨਜ਼ਰ ਰੱਖ ਸਕਦਾ ਹੈ।
ਇਸ ਸਿਸਟਮ ਦੇ ਅਧੀਨ ਸ਼ਹਿਰਾਂ ਅਤੇ ਪਿੰਡਾਂ ਨੂੰ ਕਰੀਬ 500-500 ਲੋਕਾਂ ਦੇ ਵਰਗ 'ਚ ਵੰਡਿਆ ਗਿਆ ਹੈ ਅਤੇ ਹਰ ਵਰਗ ਦਾ ਇਕ ਪੁਲਸ ਸਟੇਸ਼ਨ ਹੈ, ਜਿਸ ਰਾਹੀਂ ਲੋਕਾਂ 'ਤੇ ਕਰੀਬ ਤੋਂ ਨਿਗਰਾਨੀ ਰੱਖੀ ਜਾਂਦੀ ਹੈ। ਲੇਖ 'ਚ ਰੇਆਨ ਨੇ ਦੋਸ਼ ਲਗਾਇਆ ਹੈ ਕਿ ਚੀਨ ਉਈਗਰ ਭਾਈਚਾਰੇ ਦੇ ਲੋਕਾਂ 'ਤੇ ਪਛਾਣ ਪੱਤਰ, ਡੀ.ਐੱਨ.ਏ. ਸੈਂਪਲ, ਉਂਗਲਾਂ ਦੇ ਨਿਸ਼ਾਨ ਆਦਿ ਰਾਹੀਂ ਸਖਤ ਨਿਗਰਾਨੀ ਰੱਖਦਾ ਹੈ। ਇਸ ਤੋਂ ਇਲਾਵਾ ਵੀਡੀਓ ਸਰਵਿਲਾਂਸ, ਸਮਾਰਟਫੋਨ ਨਾਲ ਹਰ ਇਕ ਵਿਅਕਤੀ ਦਾ ਡਾਟਾ ਇਕੱਠਾ ਕੀਤਾ ਜਾਂਦਾ ਹੈ। ਰੇਆਨ ਅਨੁਸਾਰ ਉਨ੍ਹਾਂ ਦੇ ਖੁਦ ਦੇ ਵੱਡੇ ਭਰਾ ਅਸਤ ਉਈਗਰ ਬਿਜ਼ਨੈੱਸਮੈਨ ਹਨ ਪਰ ਚੀਨ ਦੀ ਸਰਕਾਰ ਨੇ ਉਨ੍ਹਾਂ 'ਤੇ ਨਫ਼ਰਤ ਫੈਲਾਉਣ ਦੇ ਦੋਸ਼ 'ਚ 15 ਸਾਲ ਜੇਲ ਦੀ ਸਜ਼ਾ ਸੁਣਾ ਦਿੱਤੀ ਹੈ।
ਅਸਤ ਦਾ ਜ਼ੁਰਮ ਸਿਰਫ਼ ਇੰਨਾ ਸੀ ਕਿ ਉਹ ਉਈਗਰ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰ ਰਹੇ ਸਨ। ਰੇਆਨ ਨੇ ਦਾਅਵਾ ਕੀਤਾ ਹੈ ਕਿ ਉਈਗਰ ਭਾਈਚਾਰੇ ਦੀਆਂ ਜਨਾਨੀਆਂ ਲਈ 2017 'ਚ ਸ਼ਿਨਜਿਆਂਗ ਸਰਕਾਰ ਨੇ ਕੈਂਪੇਨ ਸ਼ੁਰੂ ਕੀਤੀ ਸੀ। ਇਸ ਕੈਂਪੇਨ ਰਾਹੀਂ ਬਰਥ ਕੰਟਰੋਲ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਜਨਾਨੀਆਂ ਦੀ ਬੱਚੇਦਾਨੀ 'ਚ ਜ਼ਬਰਨ ਡਿਵਾਈਸ ਲੱਗਾ ਦਿੱਤੀ ਗਈ ਹੈ। ਇਸ ਡਿਵਾਈਸ ਰਾਹੀਂ ਜਨਾਨੀਆਂ ਗਰਭਵਤੀ ਨਹੀਂ ਹੋ ਪਾਉਂਦੀਆਂ ਹਨ ਅਤੇ ਡਿਵਾਈਸ ਨੂੰ ਹਟਵਾਉਣਾ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ।
ਸਿੱਖ-ਅਮਰੀਕੀ ਦੁਕਾਨ ਦੇ ਮਾਲਕ 'ਤੇ ਹਮਲਾ ਕਰਨ ਵਾਲੇ ਵਿਰੁੱਧ ਲੱਗੇਗਾ ਨਫਰਤ ਅਪਰਾਧ ਦਾ ਦੋਸ਼
NEXT STORY