ਇੰਟਰਨੈਸ਼ਨਲ ਡੈਸਕ : ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨ ETAC (ਇੰਟਰਨੈਸ਼ਨਲ ਕੋਲੀਸ਼ਨ ਟੂ ਐਂਡ ਟ੍ਰਾਂਸਪਲਾਂਟ ਐਬਿਊਜ਼ ਇਨ ਚੀਨਾ) ਲਈ ਸੁਤੰਤਰ ਖੋਜਕਰਤਾ ਸਾਰਾਹ ਕੁੱਕ ਵੱਲੋਂ ਤਿਆਰ ਕੀਤੀ ਗਈ ਇੱਕ ਨਵੀਂ ਜਾਂਚ ਰਿਪੋਰਟ ਵਿੱਚ ਚੀਨ ਦੀ ਅੰਗ ਟ੍ਰਾਂਸਪਲਾਂਟ ਪ੍ਰਣਾਲੀ ਅਤੇ ਡਾਕਟਰੀ ਖੇਤਰ 'ਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਪੂਰੇ ਨਿਯੰਤਰਣ ਦਾ ਖੁਲਾਸਾ ਕੀਤਾ ਗਿਆ ਹੈ। ਫਰੀਡਮ ਹਾਊਸ ਦੀ ਸਾਬਕਾ ਖੋਜ ਡਾਇਰੈਕਟਰ ਸਾਰਾਹ ਕੁੱਕ ਅਨੁਸਾਰ, ਚੀਨੀ ਸਰਕਾਰ ਵੱਲੋਂ ਅੰਗ ਟ੍ਰਾਂਸਪਲਾਂਟ ਪ੍ਰਣਾਲੀ ਵਿੱਚ ਸੁਧਾਰਾਂ ਅਤੇ ਪਾਰਦਰਸ਼ਤਾ ਦੇ ਕੀਤੇ ਜਾ ਰਹੇ ਦਾਅਵੇ ਧੋਖਾਧੜੀ ਵਾਲੇ ਹਨ ਅਤੇ ਪੂਰਾ ਸਿਸਟਮ ਪਾਰਟੀ ਦੇ ਅੰਦਰੂਨੀ ਨਿਯੰਤਰਣ ਹੇਠ ਕੰਮ ਕਰਦਾ ਹੈ।
ਜਾਂਚ ਰਿਪੋਰਟ ਅਨੁਸਾਰ ਚੀਨ ਵਿੱਚ ਅੰਗ ਪ੍ਰਾਪਤੀ ਸੰਗਠਨ ਸੁਤੰਤਰ ਨਹੀਂ ਹਨ, ਸਗੋਂ ਉਹ ਸਿੱਧੇ ਤੌਰ 'ਤੇ ਹਸਪਤਾਲ ਦੇ ਪਾਰਟੀ ਸਕੱਤਰਾਂ ਦੇ ਅਧੀਨ ਆਉਂਦੇ ਹਨ। ਇਸੇ ਤਰ੍ਹਾਂ, 'ਰੈੱਡ ਕਰਾਸ ਸੋਸਾਇਟੀ ਆਫ ਚਾਈਨਾ' ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵੀ ਕਮਿਊਨਿਸਟ ਪਾਰਟੀ ਦਾ ਅਹੁਦੇਦਾਰ ਹੀ ਚਲਾਉਂਦਾ ਹੈ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚੀਨ ਦੀ ਰਾਸ਼ਟਰੀ ਅੰਗ ਦਾਨ ਅਤੇ ਟ੍ਰਾਂਸਪਲਾਂਟ ਕਮੇਟੀ ਦੇ 33 ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਫੌਜੀ ਅਧਿਕਾਰੀ ਵੀ ਸ਼ਾਮਲ ਹਨ।
ਖੋਜਕਰਤਾ ਅਨੁਸਾਰ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਪਾਰਟੀ ਪ੍ਰਤੀ ਪੂਰੀ ਵਫ਼ਾਦਾਰੀ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਂਦੀ ਹੈ, ਜਿਸ ਨਾਲ ਕੋਈ ਵੀ ਅਧਿਕਾਰੀ ਜਾਂ ਡਾਕਟਰ ਸੱਚਾਈ ਸਾਹਮਣੇ ਲਿਆਉਣ ਦੀ ਹਿੰਮਤ ਨਹੀਂ ਕਰਦਾ। ਲਿਆਓਨਿੰਗ ਪ੍ਰਾਂਤ ਦੇ ਇੱਕ ਸਾਬਕਾ ਡਾਕਟਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਰਟੀ ਦੇ ਭਾਰੀ ਦਬਾਅ ਹੇਠ ਜੇਕਰ ਕੋਈ ਡਾਕਟਰ ਅੱਗੇ ਆ ਕੇ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੇ ਗਾਇਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਚੀਨ ਵਿੱਚ ਫਾਲੂਨ ਗੋਂਗ ਦੇ ਸ਼ਰਧਾਲੂਆਂ ਅਤੇ ਹੋਰ ਜ਼ਮੀਰ ਦੇ ਕੈਦੀਆਂ ਦੇ ਜਬਰਨ ਅੰਗ ਕੱਢਣ ਵਰਗੇ ਗੰਭੀਰ ਮਾਨਵ ਅਧਿਕਾਰ ਉਲੰਘਣ ਦੇ ਪੁਖ਼ਤਾ ਸਬੂਤ ਮਿਲੇ ਹਨ।
ਸਾਰਾਹ ਕੁੱਕ ਅਤੇ ETAC ਨੇ ਪੱਛਮੀ ਮੈਡੀਕਲ ਸੰਸਥਾਵਾਂ, ਹਸਪਤਾਲਾਂ ਅਤੇ ਅੰਤਰਰਾਸ਼ਟਰੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨੀ ਸਰਕਾਰ ਦੇ ਦਾਅਵਿਆਂ ਨੂੰ ਬਿਨਾਂ ਜਾਂਚੇ ਮੰਨਣ ਦੀ ਬਜਾਏ ਸਖ਼ਤ ਜਾਂਚ-ਪੜਤਾਲ ਯਕੀਨੀ ਬਣਾਉਣ ਅਤੇ ਸਬੰਧਤ ਕਾਨੂੰਨਾਂ ਰਾਹੀਂ ਜਵਾਬਦੇਹੀ ਤੈਅ ਕਰਨ।
ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ; AQI 590 ਤੱਕ ਪਹੁੰਚਿਆ
NEXT STORY