ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ : ਅਮਰੀਕਾ ਦੀ ਧਰਤੀ ’ਤੇ ਪੰਜਾਬੀ ਵਿਰਸੇ, ਇਨਕਲਾਬੀ ਸੋਚ ਅਤੇ ਗ਼ਦਰੀ ਬਾਬਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਦਾ ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਵੱਲੋਂ ਕਰਵਾਇਆ ਗਿਆ ਗ਼ਦਰੀ ਬਾਬਿਆਂ ਦਾ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਸਾਹਿਤ, ਸੱਭਿਆਚਾਰ, ਰੰਗਮੰਚ ਅਤੇ ਇਨਕਲਾਬੀ ਵਿਚਾਰਧਾਰਾ ਦਾ ਅਨੋਖਾ ਸੁਮੇਲ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਇਸ ਮੇਲੇ ਦਾ ਭਰਪੂਰ ਆਨੰਦ ਮਾਣਿਆ।
ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਵੱਲੋਂ ਪੇਸ਼ ਕੀਤਾ ਗਿਆ ਚਰਚਿਤ ਨਾਟਕ ‘ਸੰਮਾਂ ਵਾਲੀ ਡਾਂਗ’ ਰਿਹਾ। ਕਿਸਾਨ ਦੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ, ਆਰਥਿਕ ਤੰਗੀਆਂ, ਸਮਾਜਿਕ ਵਿਸੰਗਤੀਆਂ ਅਤੇ ਸੰਘਰਸ਼ਮਈ ਜੀਵਨ ਦੀਆਂ ਕੌੜੀਆਂ ਸੱਚਾਈਆਂ ਨੂੰ ਬਿਆਨ ਕਰਦੇ ਇਸ ਨਾਟਕ ਨੇ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਡਾ. ਸਾਹਿਬ ਸਿੰਘ ਦੀ ਦਮਦਾਰ ਅਦਾਕਾਰੀ, ਪ੍ਰਭਾਵਸ਼ਾਲੀ ਸੰਵਾਦਾਂ ਅਤੇ ਪੇਸ਼ਕਾਰੀ ਦਾ ਜਾਦੂ ਅਜਿਹਾ ਚੱਲਿਆ ਕਿ ਦਰਸ਼ਕ ਸਾਹ ਰੋਕ ਕੇ ਨਾਟਕ ਵੇਖਦੇ ਰਹੇ। ਉਨ੍ਹਾਂ ਦੀ ਕਲਾਕਾਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਰੰਗਮੰਚ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ ਅਤੇ ਸੋਚਣ ਲਈ ਮਜਬੂਰ ਕਰਨ ਦਾ ਸ਼ਕਤੀਸ਼ਾਲੀ ਮਾਧਿਅਮ ਵੀ ਹੈ।

ਇਸ ਮੌਕੇ ਉੱਘੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਮੈਡਮ ਹਰਿੰਦਰ ਕੌਰ ਸੋਹੀ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਰਾਹੀਂ ਗ਼ਦਰ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਅਤੇ ਗ਼ਦਰੀ ਬਾਬਿਆਂ ਦੀਆਂ ਮਹਾਨ ਕੁਰਬਾਨੀਆਂ ਉੱਪਰ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਗ਼ਦਰੀ ਬਾਬਿਆਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਰਹਿੰਦਿਆਂ ਵੀ ਆਪਣੀ ਮਾਤ-ਭੂਮੀ ਦੀ ਆਜ਼ਾਦੀ ਲਈ ਜੋ ਸੰਘਰਸ਼ ਵਿੱਢਿਆ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਗ਼ਦਰੀ ਯੋਧਿਆਂ ਦੀ ਸੋਚ ਅਤੇ ਕੁਰਬਾਨੀਆਂ ਦੇ ਇਤਿਹਾਸ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਵੱਡੀ ਲੋੜ ਹੈ।
ਸਮਾਗਮ ਦਾ ਇੱਕ ਹੋਰ ਯਾਦਗਾਰੀ ਪਲ ਉਸ ਵੇਲੇ ਬਣਿਆ ਜਦੋਂ ਪੰਜਾਬ ਦੇ ਪ੍ਰਸਿੱਧ ਲੋਕ ਕਵੀ ਅਤੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਸਪੁੱਤਰੀ ਪ੍ਰਿਤਪਾਲ ਕੌਰ ਉਦਾਸੀ ਨੇ ਆਪਣੇ ਪਿਤਾ ਦੀ ਸਦਾਬਹਾਰ ਰਚਨਾ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’ ਆਪਣੀ ਆਵਾਜ਼ ਵਿੱਚ ਪੇਸ਼ ਕੀਤੀ। ਉਨ੍ਹਾਂ ਦੀ ਭਾਵਪੂਰਤ ਪੇਸ਼ਕਾਰੀ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਪੇਸ਼ਕਾਰੀ ਨੇ ਸੰਤ ਰਾਮ ਉਦਾਸੀ ਦੀ ਇਨਕਲਾਬੀ ਸੋਚ ਅਤੇ ਲੋਕ ਪੱਖੀ ਸ਼ਾਇਰੀ ਦੀਆਂ ਯਾਦਾਂ ਨੂੰ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ।

ਇਸ ਮੌਕੇ ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਨਾਲ ਜੁੜੇ ਸਾਧੂ ਸਿੰਘ ਸੰਘਾ, ਹੈਰੀ ਮਾਨ ਅਤੇ ਰਣਜੀਤ ਗਿੱਲ (ਜੱਗਾ ਸੁਧਾਰ) ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਗ਼ਦਰੀ ਬਾਬਿਆਂ ਦੀ ਸੋਚ ਨੂੰ ਜਿਊਂਦਾ ਰੱਖਣ ਅਤੇ ਅਜਿਹੇ ਸਮਾਗਮਾਂ ਦੀ ਲਗਾਤਾਰਤਾ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਮੇਲੇ ਦੌਰਾਨ ਸੰਗੀਤਕ ਵੰਨਗੀਆਂ ਨੇ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਗਾਇਕੀ ਦੇ ਖੇਤਰ ਵਿੱਚ ਰਾਜ ਬਰਾੜ, ਪੱਪੀ ਭਦੌੜ, ਦਿਲਪ੍ਰੀਤ, ਕਮਲਜੀਤ ਬੈਨੀਪਾਲ, ਹਰਨੇਕ ਸਿੰਘ ਲੋਹਗੜ, ਗੁਰਦੀਪ ਸਿੰਘ ਚੰਨਣਵਾਲ ਅਤੇ ਪਰਗਟ ਆਦਿ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਹੋਰ ਰੰਗੀਨ ਬਣਾਇਆ। ਗੀਤ-ਸੰਗੀਤ ਦੇ ਨਾਲ-ਨਾਲ ਇਨਕਲਾਬੀ ਵਿਚਾਰਾਂ ਦੀ ਸਾਂਝ ਨੇ ਮੇਲੇ ਨੂੰ ਇੱਕ ਵੱਖਰੀ ਪਛਾਣ ਦਿੱਤੀ।
ਇਸ ਮੌਕੇ ਪੜ੍ਹਾਈ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਦਿਆਂ 4.0 ਗ੍ਰੇਡ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਅਰਮਾਨ ਸਿੰਘ ਬੈਂਸ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਦਾ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨ ਵਾਲਾ ਸੀ। ਇਸੇ ਦੌਰਾਨ ਸੰਸਥਾ ਦਾ ਸੋਵੀਨੀਅਰ ਵੀ ਰਿਲੀਜ਼ ਕੀਤਾ ਗਿਆ ਅਤੇ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੇਲੇ ਵਿੱਚ ਬੇਕਰਸਫੀਲਡ ਤੋਂ ਕਿਸਾਨ ਮੋਰਚੇ ਨਾਲ ਜੁੜੇ ਸੱਜਣ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਦੀ ਹਾਜ਼ਰੀ ਨੇ ਕਿਸਾਨੀ ਸੰਘਰਸ਼ ਅਤੇ ਗ਼ਦਰੀ ਬਾਬਿਆਂ ਦੀ ਇਨਕਲਾਬੀ ਵਿਰਾਸਤ ਵਿਚਲੀ ਸਾਂਝ ਨੂੰ ਹੋਰ ਉਜਾਗਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਹੈਂ..! ਇਸ ਪਰਿਵਾਰ 'ਚ 118 ਸਾਲਾਂ ਤੋਂ ਇਕੋ ਤਾਰੀਖ਼ 'ਤੇ ਪੈਦਾ ਹੋ ਰਹੇ ਬੱਚੇ ; ਬਣ ਗਿਆ ਵਰਲਡ ਰਿਕਾਰਡ
ਮੇਲੇ ਦੌਰਾਨ ਆਏ ਮਹਿਮਾਨਾਂ ਲਈ ਖਾਣ-ਪੀਣ ਦੇ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਚਾਹ ਅਤੇ ਗਰਮਾ-ਗਰਮ ਪਕੌੜਿਆਂ ਦੀ ਸੇਵਾ ਬਾਬਾ ਵਰਿੰਦਰ ਸਿੰਘ ਵੱਲੋਂ ਨਿਭਾਈ ਗਈ, ਜਦਕਿ ਜਲੇਬੀਆਂ ਦੀ ਸੇਵਾ ਨਿਊ ਇੰਡੀਆ ਸਵੀਟ ਐਂਡ ਸਪਾਈਸ ਅਤੇ ਜਸਵਿੰਦਰ ਸਿੰਘ ਦੇ ਸਟੋਰ ਵੱਲੋਂ ਕੀਤੀ ਗਈ। ਮਹਿਮਾਨਾਂ ਨੇ ਇਨ੍ਹਾਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ, ਕਲਾਕਾਰਾਂ, ਬੁਲਾਰਿਆਂ, ਸੇਵਾਦਾਰਾਂ ਅਤੇ ਦੂਰੋਂ-ਨੇੜਿਓਂ ਪਹੁੰਚੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।ਇਸ ਸ਼ਾਨਦਾਰ ਅਤੇ ਯਾਦਗਾਰੀ ਮੇਲੇ ਦੀ ਕਾਮਯਾਬੀ ਦਾ ਅਸਲ ਸਿਹਰਾ ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਦੇ ਸਮੂਹ ਅਣਥੱਕ ਮੈਂਬਰਾਂ ਅਤੇ ਸੇਵਾਦਾਰਾਂ ਸਿਰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ, ਲਗਨ ਅਤੇ ਸਾਂਝੇ ਉੱਦਮ ਸਦਕਾ ਇਹ ਸਮਾਗਮ ਸਫਲਤਾ ਦੀਆਂ ਨਵੀਆਂ ਪੈੜਾਂ ਪਾਉਂਦਾ ਹੋਇਆ ਸੰਪੰਨ ਹੋਇਆ। ਕੁੱਲ ਮਿਲਾ ਕੇ ਇਹ ਮੇਲਾ ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ, ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਨਕਲਾਬੀ ਵਿਰਸਾ ਪਹੁੰਚਾਉਣ ਦਾ ਇੱਕ ਸਾਰਥਕ ਉਪਰਾਲਾ ਹੋ ਨਿੱਬੜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਂ..! ਇਸ ਪਰਿਵਾਰ 'ਚ 118 ਸਾਲਾਂ ਤੋਂ ਇਕੋ ਤਾਰੀਖ਼ 'ਤੇ ਪੈਦਾ ਹੋ ਰਹੇ ਬੱਚੇ ; ਬਣ ਗਿਆ ਵਰਲਡ ਰਿਕਾਰਡ
NEXT STORY