ਨਵੀਂ ਦਿੱਲੀ, (ਇੰਟ.)- ਕਿਰਾਏ ’ਤੇ ਕਾਰਾਂ ਮੁਹੱਈਆ ਕਰਵਾਉਣ ਵਾਲੇ ਕਾਰੋਬਾਰ ਦੇ ਨਿਯਮਾਂ ’ਚ ਕੇਂਦਰ ਸਰਕਾਰ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ‘ਰੈਂਟ-ਏ-ਕੈਬ ਯੋਜਨਾ, 2026’ ਦਾ ਖਰੜਾ ਜਾਰੀ ਕੀਤਾ ਹੈ। ਇਸ ਤਹਿਤ ਹੁਣ ਕਾਰੋਬਾਰ ਸ਼ੁਰੂ ਕਰਨ ਲਈ ਘੱਟੋ-ਘੱਟ 50 ਦੀ ਬਜਾਏ ਸਿਰਫ਼ 5 ਗੱਡੀਆਂ ਰੱਖਣਾ ਕਾਫ਼ੀ ਹੋਵੇਗਾ। ਇਸ ਦੇ ਨਾਲ ਹੀ ਗਾਹਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਲੈ ਕੇ ਕੰਪਨੀਆਂ ਦੀ ਜਵਾਬਦੇਹੀ ਵਧਾਈ ਜਾਵੇਗੀ।
ਖਰੜੇ ਅਨੁਸਾਰ, ਹਰੇਕ ਕੰਪਨੀ ਨੂੰ 24 ਘੰਟੇ ਫੋਨ ’ਤੇ ਗਾਹਕ ਸਹਾਇਤਾ ਮੁਹੱਈਆ ਕਰਵਾਉਣੀ ਪਵੇਗੀ। ਵੈੱਬਸਾਈਟ ’ਤੇ ਦਰਜ ਸ਼ਿਕਾਇਤਾਂ ਦਾ 24 ਘੰਟਿਆਂ ਦੇ ਅੰਦਰ ਨਿਪਟਾਰਾ ਕਰਨਾ ਲਾਜ਼ਮੀ ਪਵੇਗਾ। ਡਰਾਈਵਰ ਖਿਲਾਫ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਦੀ ਜਾਂਚ 7 ਦਿਨਾਂ ’ਚ ਪੂਰੀ ਕਰ ਕੇ ਗਾਹਕ ਨੂੰ ਨਤੀਜਾ ਦੱਸਣਾ ਪਵੇਗਾ। ਸਫ਼ਰ ਦੌਰਾਨ ਕਾਰ ਖਰਾਬ ਹੋਣ ’ਤੇ ਕੰਪਨੀ ਨੂੰ ਮੁਰੰਮਤ ਅਤੇ ਟੋਇੰਗ ਦੀ ਸਹੂਲਤ ਵੀ ਦੇਣੀ ਪਵੇਗੀ।
ਨਵੇਂ ਪ੍ਰਸਤਾਵ ਤਹਿਤ ਕਿਰਾਏ ’ਤੇ ਚੱਲਣ ਵਾਲੀ ਕਾਰ ਪਹਿਲੀ ਰਜਿਸਟ੍ਰੇਸ਼ਨ ਦੀ ਤਰੀਕ ਤੋਂ 9 ਸਾਲ ਤੋਂ ਘੱਟ ਪੁਰਾਣੀ ਹੋਣੀ ਚਾਹੀਦੀ ਹੈ। ਉਸ ਕੋਲ ਜਾਇਜ਼ ਫਿਟਨੈੱਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਦੇ ਨਾਲ ਵਿਆਪਕ ਬੀਮਾ ਹੋਣਾ ਜ਼ਰੂਰੀ ਪਵੇਗਾ। ਕਾਰ ’ਚ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਅਤੇ ਮੁੱਢਲੀ ਸਹਾਇਤਾ ਕਿੱਟ ਵੀ ਲਾਜ਼ਮੀ ਪਵੇਗੀ। ਬੱਚਿਆਂ ਦੀ ਸੁਰੱਖਿਆ ਲਈ ਘੱਟੋ-ਘੱਟ ਇਕ ਸੀਟ ’ਤੇ ਚਾਈਲਡ ਰੈਸਟ੍ਰੇਂਟ ਲਗਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਪਵੇਗੀ।
ਡਰਾਈਵਰ ਕੋਲ ਜਾਇਜ਼ ਲਾਇਸੈਂਸ, ਪੁਲਸ ਵੈਰੀਫਿਕੇਸ਼ਨ ਅਤੇ ਕੋਈ ਬਕਾਇਆ ਚਲਾਨ ਨਾ ਹੋਣ ਦੀ ਸ਼ਰਤ ਵੀ ਰੱਖੀ ਗਈ ਹੈ। ਹਰੇਕ ਮਨਜ਼ੂਰਸ਼ੁਦਾ ਸੰਚਾਲਨ ਸਥਾਨ ’ਤੇ ਘੱਟੋ-ਘੱਟ 2 ਕਾਰਾਂ ਰੱਖਣੀਆਂ ਪੈਣਗੀਆਂ। ਹਵਾਈ ਅੱਡੇ, ਰੇਲਵੇ ਸਟੇਸ਼ਨ, ਮੈਟਰੋ ਸਟੇਸ਼ਨ ਅਤੇ ਬੱਸ ਟਰਮੀਨਲ ਵੀ ਸੰਚਾਲਨ ਕੇਂਦਰ ਬਣ ਸਕਣਗੇ। 5 ਸੈਰ-ਸਪਾਟਾ ਸ਼ਹਿਰਾਂ ’ਚ ਬ੍ਰਾਂਚਾਂ ਖੋਲ੍ਹਣ ਦੀ ਪੁਰਾਣੀ ਸ਼ਰਤ ਹਟਾਉਣ ਦਾ ਪ੍ਰਸਤਾਵ ਹੈ।
60 ਦਿਨਾਂ ’ਚ ਮਿਲੇਗਾ ਲਾਇਸੈਂਸ
ਇਕ ਸੂਬੇ ’ਚ ਸਾਰੇ ਸੰਚਾਲਨ ਸਥਾਨਾਂ ਲਈ ਇਕ ਅਰਜ਼ੀ ਅਤੇ 25 ਹਜ਼ਾਰ ਰੁਪਏ ਫੀਸ ਦੇਣੀ ਪਵੇਗੀ। ਲਾਇਸੈਂਸ ਆਮ ਤੌਰ ’ਤੇ 5 ਸਾਲਾਂ ਲਈ ਜਾਰੀ ਕੀਤਾ ਜਾਵੇਗਾ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਲਾਇਸੈਂਸ ਜਾਰੀ ਕਰਨ ਜਾਂ ਨਵੀਨੀਕਰਨ ਲਈ 60 ਦਿਨ ਮਿਲਣਗੇ। ਮੰਤਰਾਲਾ ਨੇ ਖਰੜੇ ’ਤੇ 5 ਦਸੰਬਰ 2026 ਤੱਕ ਸੁਝਾਅ ਮੰਗੇ ਹਨ। ਪ੍ਰਸਤਾਵਿਤ ਨਿਯਮ 1 ਜਨਵਰੀ 2027 ਤੋਂ ਲਾਗੂ ਕਰਨ ਦੀ ਯੋਜਨਾ ਹੈ।
ਯੂਕ੍ਰੇਨ ਜੰਗ ’ਚ ਰੂਸ ਦੇ 4.50 ਲੱਖ ਫੌਜੀਆਂ ਦੀ ਮੌਤ ਦਾ ਖੁਲਾਸਾ, ਸਰਕਾਰੀ ਡਾਟਾ ਲੀਕ!
NEXT STORY