ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਮੀਡੀਆ ਵੱਲੋਂ ਇਰਾਨ ਦੇ ਮੌਜੂਦਾ ਸੁਪਰੀਮ ਨੇਤਾ ਮੁਜਤਬਾ ਖ਼ਾਮਨੇਈ ਦੀ ਹਾਲਤ ਗੰਭੀਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ, ਇਰਾਨ ਦੀ ਇਕ ਨਿਊਜ਼ ਏਜੰਸੀ ਨੇ ਉਨ੍ਹਾਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ। ਵੀਡੀਓ 'ਚ ਮੁਜਤਬਾ ਖ਼ਾਮਨੇਈ ਬਿਲਕੁਲ ਠੀਕ-ਠਾਕ ਅਤੇ ਸਿਹਤਮੰਦ ਨਜ਼ਰ ਆ ਰਹੇ ਹਨ। ਹਾਲਾਂਕਿ, ਇਹ ਵੀਡੀਓ ਕਿਸ ਦਿਨ ਦੀ ਹੈ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਜ਼ਰਾਈਲ ਦੇ 'ਚੈਨਲ 14' ਅਤੇ 'ਦਿ ਯੇਰੂਸ਼ਲਮ ਪੋਸਟ' ਨੇ ਇਰਾਨੀ ਸਰੋਤਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਮੁਜਤਬਾ ਖ਼ਾਮਨੇਈ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ। ਇੱਥੋਂ ਤੱਕ ਕਿ ਇਹ ਵੀ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਜੇਕਰ ਜਲਦੀ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਆ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।
28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਸਾਂਝੇ ਮਿਲਟਰੀ ਹਮਲੇ ਵਿੱਚ ਉਨ੍ਹਾਂ ਦੇ ਪਿਤਾ ਆਇਤੁੱਲਾ ਅਲੀ ਖ਼ਾਮਨੇਈ ਦੀ ਮੌਤ ਤੋਂ ਬਾਅਦ ਮੁਜਤਬਾ ਖ਼ਾਮਨੇਈ ਨੇ ਇਰਾਨ ਦੇ ਸਰਵਉੱਚ ਨੇਤਾ ਦਾ ਅਹੁਦਾ ਸੰਭਾਲਿਆ ਸੀ। ਪਰ ਅਹੁਦਾ ਸੰਭਾਲਣ ਤੋਂ ਬਾਅਦ ਉਹ ਕਦੇ ਵੀ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਏ ਅਤੇ ਸਿਰਫ਼ ਲਿਖਤੀ ਬਿਆਨਾਂ ਰਾਹੀਂ ਹੀ ਸੰਦੇਸ਼ ਭੇਜਦੇ ਰਹੇ ਹਨ।
ਖ਼ਬਰਾਂ ਅਨੁਸਾਰ, ਸ਼ੁਰੂਆਤੀ ਹਮਲਿਆਂ 'ਚ ਮੁਜਤਬਾ ਵੀ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਹ ਕਿਸੇ ਗੁਪਤ ਠਿਕਾਣੇ 'ਤੇ ਰਹਿ ਕੇ ਹੀ ਸਰਕਾਰ ਚਲਾ ਰਹੇ ਹਨ। ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਵੀ ਇੱਕ ਟੀ.ਵੀ. ਇੰਟਰਵਿਊ ਵਿੱਚ ਮੰਨਿਆ ਸੀ ਕਿ ਸਰਵਉੱਚ ਨੇਤਾ ਨਾਲ ਸਿੱਧਾ ਸੰਪਰਕ ਕਰਨਾ ਬਹੁਤ ਔਖਾ ਹੈ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਇਰਾਨ ਦੀ ਸੀਨੀਅਰ ਲੀਡਰਸ਼ਿਪ ਖ਼ਤਮ ਹੋ ਚੁੱਕੀ ਹੈ ਅਤੇ ਖ਼ਾਮਨੇਈ 90 ਫ਼ੀਸਦੀ ਤੱਕ ਅਸਮਰੱਥ ਹੋ ਚੁੱਕੇ ਹਨ। ਦੂਜੇ ਪਾਸੇ, ਇਰਾਨ ਦੇ ਸਿਹਤ ਮੰਤਰਾਲੇ ਅਤੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਾਮਨੇਈ ਨੂੰ ਸਿਰਫ਼ ਮਾਮੂਲੀ ਸੱਟਾਂ ਆਈਆਂ ਸਨ ਅਤੇ ਉਹ ਦੇਸ਼ ਦੇ ਸਾਰੇ ਫੈਸਲੇ ਖ਼ੁਦ ਲੈ ਰਹੇ ਹਨ।
ਚੀਨ 'ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ 'ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ
NEXT STORY