ਇੰਟਰਨੈਸ਼ਨਲ ਡੈਸਕ- ਇਟਲੀ ਦੇ ਕਈ ਸ਼ਹਿਰਾਂ ’ਚ ਸ਼ੁੱਕਰਵਾਰ ਨੂੰ ਮਜ਼ਦੂਰ ਅਤੇ ਵਿਦਿਆਰਥੀ ਸੜਕਾਂ ’ਤੇ ਉਤਰੇ ਅਤੇ ਉਨ੍ਹਾਂ ਨੇ ਵੱਧ ਤਨਖਾਹ, ਜੀਵਨ-ਨਿਰਵਾਹ ਦੀ ਲਾਗਤ ਘਟਾਉਣ ਅਤੇ ਬਿਹਤਰ ਸਮਾਜਿਕ ਸੁਰੱਖਿਆ ਦੀ ਮੰਗ ਨੂੰ ਲੈ ਕੇ ਮਾਰਚ ਕੀਤਾ। ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਸੀ.ਜੀ.ਆਈ.ਐੱਲ. ਵੱਲੋਂ ਸੱਦੀ ਗਈ 24 ਘੰਟਿਆਂ ਦੀ ਹੜਤਾਲ ਕਾਰਨ ਉੱਤਰ ’ਚ ਮਿਲਾਨ ਅਤੇ ਟਿਊਰਿਨ ਤੋਂ ਲੈ ਕੇ ਨੇਪਲਜ਼, ਪਲੇਰਮੋ ਅਤੇ ਰੋਮ ਤੱਕ 100 ਤੋਂ ਵੱਧ ਸ਼ਹਿਰਾਂ ’ਚ ਪ੍ਰਦਰਸ਼ਨ ਹੋ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਤਨਖਾਹਾਂ ’ਚ ਖੜੋਤ, ਜੀਵਨ-ਨਿਰਬਾਹ ਦੀ ਲਾਗਤ ਵਧਣ ਅਤੇ ਸਰਕਾਰ ਦੀਆਂ ਉਨ੍ਹਾਂ ਨਾਕਾਮੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਕਾਰਨ ਉਹ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰਾਂ ਨੂੰ ਸੁਰੱਖਿਆ ਦੇਣ ’ਚ ਅਸਫਲ ਰਹੀ ਹੈ। ਇਹ ਮਜ਼ਦੂਰ ਅੰਦੋਲਨ ਕੌਮਾਂਤਰੀ ਵਿਦਿਆਰਥੀ ਇਕਜੁੱਟਤਾ ਦਿਵਸ ਮੌਕੇ ਹੋ ਰਿਹਾ ਹੈ, ਜਿਸ ਤਹਿਤ ਪ੍ਰਬੰਧਕਾਂ ਨੇ ਇਟਲੀ ਦੇ 45 ਤੋਂ ਵੱਧ ਸ਼ਹਿਰਾਂ ’ਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਵਿਦਿਆਰਥੀ ਸਮੂਹਾਂ ਨੇ ਮਜ਼ਦੂਰਾਂ ਨਾਲ ਮਿਲ ਕੇ ਸਿੱਖਿਆ ’ਚ ਵੱਧ ਨਿਵੇਸ਼, ਜੀਵਨ-ਨਿਰਬਾਹ ਦੇ ਖਰਚੇ ਦੇ ਸੰਕਟ ਨੂੰ ਘਟਾਉਣ ਦੇ ਉਪਾਵਾਂ ਅਤੇ ਅਸਮਾਨਤਾ ਘਟਾਉਣ ਵਾਲੀਆਂ ਨੀਤੀਆਂ ਬਣਾਉਣ ਦੀ ਮੰਗ ਕੀਤੀ।
ਰੋਮ ’ਚ ਇਕ ਰੈਲੀ ਤੋਂ ਪਹਿਲਾਂ ਸੀ. ਜੀ. ਆਈ. ਐੱਲ. ਦੇ ਜਨਰਲ ਸਕੱਤਰ ਮੌਰੀਜ਼ਿਓ ਲੈਂਡਿਨੀ ਨੇ ਕਿਹਾ, ‘‘ਸਾਨੂੰ ਸਮਾਜਿਕ ਅਤੇ ਆਰਥਿਕ ਮਾਡਲ ’ਚ ਬੁਨਿਆਦੀ ਬਦਲਾਅ ਦੀ ਲੋੜ ਹੈ।’’ ਇਸ ਹੜਤਾਲ ’ਚ ਜਨਤਕ ਅਤੇ ਨਿੱਜੀ, ਦੋਵੇਂ ਖੇਤਰ ਸ਼ਾਮਲ ਹਨ। ਕਈ ਸ਼ਹਿਰਾਂ ’ਚ ਜਨਤਕ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ, ਜਦਕਿ ਸਕੂਲ ਬੰਦ ਰਹਿਣ ਅਤੇ ਕੁਝ ਸਿਹਤ ਕੇਂਦਰਾਂ ’ਚ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ। ਕਈ ਸ਼ਹਿਰਾਂ ’ਚ ਮੁਜ਼ਾਹਰਿਆਂ ਦੇ ਪ੍ਰਬੰਧ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਸ਼ਾਸਨ ਨੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਹੈ।
‘ਇਲੀਨੋਇਸ’ ਦੇ ਮੰਦਰ ’ਚ ਹਮਲੇ ਦੀ ਸਾਜ਼ਿਸ਼ ਦੇ ਦੋਸ਼ੀ ਨੇ ਖੁਦ ਨੂੰ ਦੱਸਿਆ ਬੇਗੁਨਾਹ
NEXT STORY