ਨਿਊਯਾਰਕ,(ਰਾਜ ਗੋਗਨਾ)— ਬੀਤੇ ਦਿਨ ਡੇਟਨ ਅਮਰੀਕਾ 'ਚ ਆਜ਼ਾਦੀ ਦਿਵਸ ਨੂੰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਹਿਰਾਂ ਵਿੱਚ ਪਰੇਡਾਂ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਵਿੱਦਿਅਕ ਅਦਾਰਿਆਂ ਦੇ ਬੈਂਡ ਭਾਗ ਲੈਂਦੇ ਹਨ। ਵੱਖ-ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਦੀਆਂ ਝਾਕੀਆਂ ਜਿਨ੍ਹਾਂ ਨੂੰ ਇੱਥੇ ਫਲੋਟ ਕਹਿੰਦੇ ਹਨ, ਕੱਢੀਆਂ ਜਾਂਦੀਆਂ ਹਨ। ਸੜਕਾਂ ਕੰਢੇ ਲੋਕ ਪਰਿਵਾਰ ਸਮੇਤ ਇਨ੍ਹਾਂ ਦੇ ਸੁਆਗਤ ਲਈ ਬੈਠੇ ਹੁੰਦੇ ਹਨ। ਅਮਰੀਕੀ ਝੰਡਿਆਂ ਦਾ ਇੱਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਹਰ ਅਦਾਰੇ ਅੰਦਰ ਭਾਵੇਂ ਕਿ ਉਹ ਧਾਰਮਿਕ ਸਥਾਨ ਹੀ ਹੋਏ, ਅਮਰੀਕੀ ਝੰਡਾ ਝੂਲਦਾ ਨਜ਼ਰ ਆਉਂਦਾ ਹੈ। ਪਰੇਡ ਸਮੇਂ ਵੀ ਹਰ ਵਿਅਕਤੀ ਦੇ ਹੱਥ 'ਚ ਝੰਡਾ ਲਹਿਰਾ ਰਿਹਾ ਨਜ਼ਰ ਆਵੇਗਾ। ਇੱਕ ਕਿਸਮ ਦਾ ਮੇਲੇ ਵਰਗਾ ਮਾਹੌਲ ਹੁੰਦਾ ਹੈ।
ਓਹੀਓ ਸੂਬੇ ਦੀ ਰਾਜਧਾਨੀ ਕੋਲੰਬਸ ਦੇ ਡਾਊਨ ਟਾਊਨ ਅਤੇ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਸ਼ਹਿਰ ਡੇਟਨ 'ਚ ਵੀ ਇਸ ਮੌਕੇ ਪਰੇਡ ਕੱਢੀ ਗਈ। ਆਜ਼ਾਦੀ ਦੇ ਪ੍ਰੋਗਰਾਮਾਂ ਵਿਚ ਸਿੱਖ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ। 'ਗੁਰੂ ਨਾਨਕ ਰਿਲੀਜਿਅਸ ਸੋਸਾਇਟੀ ਕੋਲੰਬਸ' ਅਤੇ 'ਸਿੱਖ ਸੋਸਾਇਟੀ ਆਫ ਡੇਟਨ' ਤੋਂ ਸਿੱਖ ਭਾਈਚਾਰਾ ਵੀ ਇਨ੍ਹਾਂ ਪਰੇਡਾਂ ਵਿਚ ਸ਼ਾਮਲ ਹੋਇਆ।
ਡੇਟਨ ਦੇ ਨਾਲ ਲੱਗਦੇ ਸ਼ਹਿਰ ਸਪਰਿੰਗਫੀਲਡ ਦੀ ਜੋੜੀ ਸ. ਅਵਤਾਰ ਸਿੰਘ ਤੇ ਬੀਬੀ ਸਰਬਜੀਤ ਕੌਰ ਨੇ ਉਚੇਚੇ ਤੌਰ 'ਤੇ ਆਜ਼ਾਦੀ ਦਿਵਸ ਨਾਲ ਸੰਬੰਧਤ ਫਲੋਟ ਤਿਆਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਸ਼ਹਿਰਾਂ ਵਿਚ ਵੱਖ-ਵੱਖ ਮੌਕਿਆਂ 'ਤੇ ਨਿਕਲਦੀਆਂ ਪਰੇਡਾਂ ਵਿਚ ਸਿੱਖ ਸੰਸਥਾਵਾਂ ਨੂੰ ਵੱਖ-ਵੱਖ ਦਿਵਸਾਂ ਨਾਲ ਸੰਬੰਧਤ ਫਲੋਟ ਤਿਆਰ ਕਰਕੇ ਇਨ੍ਹਾਂ ਪਰੇਡਾਂ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਵਲੋਂ ਅਮਰੀਕਾ ਵਿਚ ਰਹਿ ਕੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵੀ ਜਾਣੂ ਕਰਾਇਆ ਜਾ ਸਕਦਾ ਹੈ।
ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿੱਖ ਫਲੋਟ ਦਾ ਦਰਸ਼ਕਾਂ ਨੇ ਭਰਵਾਂ ਸਵਾਗਤ ਕੀਤਾ। ਸਿੱਖਾਂ ਦੀ ਨਿਵੇਕਲੀ ਪਛਾਣ ਵੀ ਪਰੇਡ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਕਈਆਂ ਨੇ ਉਨ੍ਹਾਂ ਦੀ ਪਛਾਣ ਬਾਰੇ ਜਾਣਕਾਰੀ ਲੈਣ 'ਚ ਦਿਲਚਸਪੀ ਦਿਖਾਈ। ਫਲੋਟ 'ਤੇ ਲਗਾਏ ਗਏ ਬੈਨਰਾਂ ਰਾਹੀਂ ਸਿੱਖਾਂ ਵਲੋਂ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ ਸੀ।
ਟਰੰਪ ਦੀ ਨਸਲੀ ਟਿੱਪਣੀ ਦਾ ਮਹਿਲਾ ਸੰਸਦ ਮੈਂਬਰਾਂ ਨੇ ਦਿੱਤਾ ਸਖਤ ਸ਼ਬਦਾਂ 'ਚ ਜਵਾਬ
NEXT STORY