ਇਸਲਾਮਾਬਾਦ : ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਵਿਵਾਦਿਤ ਡੂਰੰਡ ਲਾਈਨ 'ਤੇ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਬਲਾਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਅਤੇ ਝੜਪਾਂ ਵਿੱਚ ਘੱਟੋ-ਘੱਟ 7 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਹੈ। ਇਹ ਲੜਾਈ ਅਫ਼ਗਾਨਿਸਤਾਨ ਦੇ ਪਕਤੀਆ ਪ੍ਰਾਂਤ ਦੇ ਦਾਂਦ ਪਟਾਨ ਜ਼ਿਲ੍ਹੇ ਵਿੱਚ ਖਾਰਲਾਚੀ ਗੇਟ, ਟੌਪ ਸਰ ਅਤੇ ਕੋੰਜ ਅਲੀ ਸੈਕਟਰਾਂ ਦੇ ਨੇੜੇ ਵਾਪਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਸ਼ੁਰੂ ਹੋਈ ਗੋਲੀਬਾਰੀ ਕਾਰਨ ਸਰਹੱਦੀ ਲਾਂਘਿਆਂ 'ਤੇ ਆਵਾਜਾਈ ਅਤੇ ਵਪਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਮਲੇ ਅਤੇ ਗੋਲਾਬਾਰੀ ਦੇ ਡਰੋਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣੀ ਪਈ।
ਅਫ਼ਗਾਨ ਸੁਰੱਖਿਆ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਸਰਹੱਦ 'ਤੇ ਬਿਨਾਂ ਇਜਾਜ਼ਤ ਨਵੀਆਂ ਚੌਕੀਆਂ ਦਾ ਨਿਰਮਾਣ ਕਰ ਰਹੀ ਸੀ, ਜਿਸ ਦਾ ਵਿਰੋਧ ਕਰਨ 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਅਫ਼ਗਾਨ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਦਾ ਮੂੰਹਤੋੜ ਜਵਾਬ ਦਿੱਤਾ, ਜਿਸ ਵਿੱਚ ਪਾਕਿਸਤਾਨੀ ਫੌਜ ਦਾ ਭਾਰੀ ਨੁਕਸਾਨ ਹੋਇਆ।
ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਨੇ ਅਫ਼ਗਾਨ ਸੀਮਾ ਰੱਖਿਅਕਾਂ 'ਤੇ ਪਹਿਲਾਂ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਅਫ਼ਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਕੁੱਰਮ ਜ਼ਿਲ੍ਹੇ ਵਿੱਚ ਸਥਿਤ ਸੁਰੱਖਿਆ ਚੌਕੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਫੌਜ ਨੇ ਤੋਪਖਾਨੇ ਦੀ ਵਰਤੋਂ ਕਰਦਿਆਂ ਜਵਾਬੀ ਕਾਰਵਾਈ ਕੀਤੀ ਅਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਹਰਮੀਤ ਸਿੰਘ ਖੁੱਡੀਆਂ ਦਾ ਫਰਿਜ਼ਨੋ ਪਹੁੰਚਣ ’ਤੇ ਕੀਤਾ ਨਿੱਘਾ ਸਵਾਗਤ
NEXT STORY