ਵਾਸ਼ਿੰਗਟਨ (ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ 'ਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਗਤੀਵਿਧੀਆਂ ਵਿਚ ਕਥਿਤ ਤੌਰ 'ਤੇ ਸ਼ਾਮਲ ਹੋਣ ਦਾ ਦੋਸ਼ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੌਰਗਨ ਓਰਟਗਸ ਨੇ ਵੀਰਵਾਰ ਨੂੰ ਟਵਿੱਟਰ 'ਤੇ ਕਿਹਾ,''ਅਸੀਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਵਿਰੁੱਧ ਕਿਸੇ ਵੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲੈਂਦੇ ਹਾਂ।'' ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਕਿਊਬਾ ਦੇ ਵਿਦੇਸ਼ ਮੰਤਰਾਲੇ ਨੂੰ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਿਚ ਕਿਊਬਾ ਦੇ ਸਥਾਈ ਮਿਸ਼ਨ ਦੇ ਦੋ ਮੈਂਬਰਾਂ ਨੂੰ ਅਮਰੀਕਾ ਤੋਂ ਤੁਰੰਤ ਕੱਢੇ ਜਾਣ ਦੀ ਲੋੜ ਹੈ।
ਓਰਟਗਸ ਨੇ ਕਿਹਾ ਕਿ ਇਹ ਦੋਵੇਂ ਆਪਣੀ ਰਿਹਾਇਸ਼ ਦੇ ਵਿਸ਼ੇਸ਼ ਅਧਿਕਾਰ ਦੀ ਦੁਰਵਰਤੋਂ ਕਰ ਰਹੇ ਸਨ ਅਤੇ ਅਮਰੀਕਾ ਵਿਰੁੱਧ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਕਿਹਾ,''ਅਸੀਂ ਉਨ੍ਹਾਂ ਵਾਧੂ ਕਰਮਚਾਰੀਆਂ ਦੀ ਜਾਂਚ ਜਾਰੀ ਰੱਖਾਂਗੇ ਜੋ ਆਪਣੀ ਰਿਹਾਇਸ਼ ਦੇ ਵਿਸ਼ੇਸ਼ ਅਧਿਕਾਰੀ ਦੀ ਦੁਰਵਰਤੋਂ ਕਰ ਰਹੇ ਹਨ।'' ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਹ ਵੀ ਕਿਹਾ ਸੰਯੁਕਤ ਰਾਸ਼ਟਰ ਵਿਚ ਕਿਊਬਾ ਦੇ ਮਿਸ਼ਨ ਦੇ ਸਾਰੇ ਮੈਂਬਰਾਂ ਦੀਆਂ ਗਤੀਵਿਧੀਆਂ ਸਿਰਫ ਮੈਨਹੱਟਸ ਤੱਕ ਹੀ ਸੀਮਤ ਰਹਿਣਗੀਆਂ, ਜਿੱਥੇ ਸੰਯੁਕਤ ਰਾਸ਼ਟਰ ਦਾ ਹੈੱਡਕੁਆਰਟਰ ਸਥਿਤ ਹੈ।
ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰੀਗੇਜ਼ ਨੇ ਇਸ ਕਦਮ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ,''ਅਸੀਂ ਸੰਯੁਕਤ ਰਾਸ਼ਟਰ ਵਿਚ ਕਿਊਬਾ ਦੇ ਸਥਾਈ ਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਗਲਤ ਤਰੀਕੇ ਨਾਲ ਕੱਢੇ ਜਾਣ ਅਤੇ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਵਾਜਾਈ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਸਪੱਸ਼ਟ ਰੂਪ ਨਾਲ ਖਾਰਿਜ ਕਰਦੇ ਹਾਂ।''
ਟਰੰਪ ਤੇ ਇਮਰਾਨ ਵਿਚਾਲੇ 23 ਸਤੰਬਰ ਨੂੰ ਹੋ ਸਕਦੀ ਹੈ ਮੁਲਾਕਾਤ
NEXT STORY