ਟੋਰਾਂਟੋ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਇਹ ਨੀਤੀ ਹੈ ਅਮਰੀਕੀ ਸਰਹੱਦ 'ਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਵਾਲੇ ਪ੍ਰਵਾਸੀ ਪਰਿਵਾਰ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨਾ। ਟਰੰਪ ਦੀ ਇਸ ਨੀਤੀ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੀ ਚੁੱਪੀ ਤੋੜੀ ਹੈ ਅਤੇ ਗੁੱਸਾ ਜ਼ਾਹਰ ਕੀਤਾ ਹੈ। ਟਰੂਡੋ ਨੇ ਕਿਹਾ ਕਿ ਪ੍ਰਵਾਸੀ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨਾ ਅਤੇ ਸ਼ੈਲਟਰਾਂ 'ਚ ਰੱਖਣਾ, ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਜਿਹੀ ਨੀਤੀ ਦੀ ਆਲੋਚਨਾ ਕਰਦਾ ਹਾਂ।
ਟਰੂਡੋ ਨੇ ਸੰਸਦ ਦੇ ਸ਼ੈਸਨ 'ਚ ਕਿਹਾ ਕਿ ਅਮਰੀਕਾ ਜੋ ਕਰ ਰਿਹਾ ਹੈ ਉਹ ਤਾਂ ਸਭ ਗਲਤ ਹੈ, ਮਾਪਿਆਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨਾ ਗਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੌਮਾਂਤਰੀ ਲੀਡਰਾਂ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਵਿਰੁੱਧ ਬੋਲਣਾ ਚਾਹੀਦਾ ਹੈ। ਟਰੂਡੋ ਨੇ ਅੱਗੇ ਕਿਹਾ ਕਿ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਟਰੰਪ ਦੇ ਇਸ ਫੈਸਲੇ ਕਾਰਨ ਪਰਿਵਾਰਾਂ ਦੀ ਕੀ ਹਾਲਤ ਹੋਵੇਗੀ। ਕੈਨੇਡਾ 'ਚ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ। ਟਰੂਡੋ ਨੇ ਕਿਹਾ ਕਿ ਮੈਂ ਪਰਿਵਾਰਾਂ ਤੋਂ ਵੱਖ ਕੀਤੇ ਗਏ ਬੱਚਿਆਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਕੈਨੇਡਾ ਕਦੇ ਵੀ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਨਹੀਂ ਕਰੇਗਾ।
ਦੱਸਣਯੋਗ ਹੈ ਕਿ ਟਰੰਪ ਦੀ ਇਸ ਨੀਤੀ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ, ਜਿਸ ਤੋਂ ਬਾਅਦ ਟਰੰਪ ਥੋੜ੍ਹੇ ਜਿਹੇ ਨਰਮ ਹੋਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੀ ਕਾਰਵਾਈ 'ਤੇ ਰੋਕ ਲਾਉਣ ਵਾਲੇ ਨਵੇਂ ਹੁਕਮ 'ਤੇ ਦਸਤਖਤ ਕੀਤੇ ਹਨ। ਇਹ ਹੁਕਮ ਪਰਿਵਾਰਾਂ ਨੂੰ ਇਕੱਠੇ ਰੱਖਣ ਬਾਰੇ ਹੈ। ਟਰੰਪ ਨੇ ਕਿਹਾ ਕਿ ਮੈਨੂੰ ਪਰਿਵਾਰਾਂ ਦਾ ਵਿਛੋੜਾ ਪਸੰਦ ਨਹੀਂ ਹੈ। ਚਾਰੋਂ ਪਾਸਿਓਂ ਆਲੋਚਨਾ ਝੱਲ ਰਹੇ ਟਰੰਪ ਨੇ ਨੀਤੀ ਵਿਚ ਬਦਲਾਅ ਕਰਦੇ ਹੋਏ ਇਸ ਸ਼ਾਸਕੀ ਹੁਕਮ 'ਤੇ ਦਸਤਖਤ ਕੀਤੇ ਹਨ। ਇੱਥੇ ਦੱਸ ਦੇਈਏ ਕਿ ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰ ਦਿੱਤਾ ਜਾ ਰਿਹਾ ਸੀ। ਪਿਛਲੇ ਕੁਝ ਹਫਤਿਆਂ 'ਚ 2500 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਜੁਦਾ ਕਰ ਦਿੱਤਾ ਗਿਆ। ਟਰੰਪ ਨੇ ਨਵੇਂ ਹੁਕਮ 'ਤੇ ਦਸਤਖਤ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਪਰਿਵਾਰਾਂ ਨੂੰ ਇਕੱਠੇ ਰੱਖਾਂਗੇ ਅਤੇ ਇਸ ਨਾਲ ਸਮੱਸਿਆ ਸੁਲਝ ਜਾਵੇਗੀ। ਨਾਲ ਹੀ ਅਸੀਂ ਸਰਹੱਦ 'ਤੇ ਸਖਤੀ ਬਣਾ ਕੇ ਰੱਖਾਂਗੇ ਅਤੇ ਇਸ ਸੰਬੰਧ 'ਚ ਕੁਝ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਬਰਕਰਾਰ ਰਹੇਗੀ।
ਇੰਡੋਨੇਸ਼ੀਆ ਕਿਸ਼ਤੀ ਹਾਦਸਾ: ਲਾਪਤਾ ਲੋਕਾਂ ਦੀ ਗਿਣਤੀ 'ਚ ਹੋਇਆ ਵਾਧਾ
NEXT STORY