ਵਾਸ਼ਿੰਗਟਨ : ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਿਹਾ ਫ਼ੌਜੀ ਟਕਰਾਅ ਇੱਕ ਨਵੇਂ ਅਤੇ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਅਮਰੀਕੀ ਸੈਨਾ ਨੇ ਬੁੱਧਵਾਰ ਨੂੰ ਇਰਾਨ ਦੇ ਕਈ ਇਲਾਕਿਆਂ 'ਤੇ ਵੱਡੇ ਪੱਧਰ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਉੱਥੋਂ ਦੇ ਸਿਹਤ ਮੰਤਰੀ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਅਮਰੀਕੀ ਹਮਲਿਆਂ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 108 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਰਿਪੋਰਟਾਂ ਅਨੁਸਾਰ ਅਮਰੀਕੀ ਸੈਨਾ ਨੇ ਮੰਗਲਵਾਰ ਰਾਤ ਨੂੰ ਇਰਾਨ ਦੇ ਸਿਰੀਕ, ਖੁਜ਼ਸਤਾਨ, ਕੇਸ਼ਮ ਟਾਪੂ ਅਤੇ ਬੰਦਰ ਅੱਬਾਸ ਸਮੇਤ ਕਈ ਪ੍ਰਮੁੱਖ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨਾਲ ਸਬੰਧਤ ਕਰੀਬ 100 ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਏਅਰ ਡਿਫੈਂਸ ਸੈਂਟਰ, ਰਡਾਰ ਸਿਸਟਮ, ਸਮੁੰਦਰੀ ਸੁਰੰਗਾਂ ਵਿਛਾਉਣ ਵਾਲੀ ਸਮਰੱਥਾ, ਸੰਚਾਰ ਪ੍ਰਣਾਲੀ ਅਤੇ ਡਰੋਨ ਤੇ ਮਿਜ਼ਾਈਲ ਲਾਂਚਰ ਸ਼ਾਮਲ ਹਨ।
ਅਮਰੀਕਾ ਨੇ ਇਸ ਹਮਲੇ ਦੌਰਾਨ ਇਰਾਨੀ ਤੱਟ ਨੇੜੇ ਲੰਗਰ ਸੁੱਟ ਕੇ ਖੜ੍ਹੇ ਦੋ ਸਰਕਾਰੀ ਤੇਲ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਅਮਰੀਕੀ ਡਰੋਨਾਂ ਨੇ ਇਨ੍ਹਾਂ ਜਹਾਜ਼ਾਂ ਦੇ ਇੰਜਣ ਰੂਮਾਂ 'ਤੇ ਸਿੱਧੀਆਂ ਮਿਜ਼ਾਈਲਾਂ ਦਾਗੀਆਂ। ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ 'ਟੈਂਕਰ ਦੇ ਬਦਲੇ ਟੈਂਕਰ' ਨੀਤੀ ਤਹਿਤ ਕੀਤੀ ਗਈ ਹੈ। ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਇਰਾਨ ਨੇ ਪਹਿਲਾਂ ਹੌਰਮੁਜ਼ ਵਿੱਚ ਅਮਰੀਕੀ ਵਪਾਰਕ ਜਹਾਜ਼ਾਂ 'ਤੇ ਹਮਲੇ ਕੀਤੇ ਸਨ, ਜਿਸ ਦੇ ਜਵਾਬ ਵਜੋਂ ਇਹ ਕਾਰਵਾਈ ਕੀਤੀ ਗਈ ਹੈ।
ਅਮਰੀਕੀ ਕਾਰਵਾਈ ਦੇ ਜਵਾਬ ਵਿੱਚ ਇਰਾਨ ਨੇ ਵੀ ਤੁਰੰਤ ਵੱਡਾ ਪਲਟਵਾਰ ਕੀਤਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਰਾਨ ਨੇ ਕਰੀਬ 25 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚੋਂ ਲਗਭਗ ਅੱਧੀਆਂ ਜਾਰਡਨ ਦੇ ਹਵਾਈ ਖੇਤਰ ਤੱਕ ਪਹੁੰਚੀਆਂ। ਜਾਰਡਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਨ੍ਹਾਂ ਵਿੱਚੋਂ 10 ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਬਹਿਰੀਨ, ਕੁਵੈਤ ਅਤੇ ਇਰਾਕ ਦੇ ਇਰਬਿਲ ਵਿੱਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦੋ ਦਰਜਨ ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ।
ਪਾਕਿਸਤਾਨ ਦੇ ਸਿੱਖ ਐਂਕਰ ਦੇ ਦਫ਼ਤਰ ’ਤੇ ਪੁਲਸ ਨੇ ਮਾਰਿਆ ਛਾਪਾ, ਇਮਰਾਨ ਖ਼ਾਨ ਦੀ ਖ਼ਬਰ ਚਲਾਉਣ ’ਤੇ ਕਾਰਵਾਈ
NEXT STORY