ਤਹਿਰਾਨ/ਵਾਸ਼ਿੰਗਟਨ- ਈਰਾਨ ਅਤੇ ਅਮਰੀਕਾ ਵਿਚਾਲੇ ਫੌਜੀ ਤਣਾਅ ਇੱਕ ਵਾਰ ਫਿਰ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਖਾੜੀ ਖੇਤਰ ਵਿੱਚ ਜੰਗ ਦਾ ਖਤਰਾ ਪੈਦਾ ਹੋ ਗਿਆ ਹੈ। ਈਰਾਨੀ ਫੌਜੀ ਅਧਿਕਾਰੀ ਸਰਦਾਰ ਅਸਾਦੀ ਨੇ ਇੱਕ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਨਾਲ ਜੰਗ ਕਿਸੇ ਵੀ ਸਮੇਂ ਦੁਬਾਰਾ ਭੜਕ ਸਕਦੀ ਹੈ ਅਤੇ ਈਰਾਨ ਦੀ ਫੌਜ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੂਤਰਾਂ ਅਨੁਸਾਰ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਮਲਿਆਂ ਵਿੱਚ ਖਾੜੀ ਦੇ 8 ਦੇਸ਼ਾਂ ਵਿੱਚ ਸਥਿਤ ਘੱਟੋ-ਘੱਟ 16 ਅਮਰੀਕੀ ਫੌਜੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਰਿਪੋਰਟਾਂ ਮੁਤਾਬਕ ਕੁਵੈਤ ਦੇ ਕੈਂਪ ਬੁਏਹਰਿੰਗ ਵਰਗੇ ਵੱਡੇ ਟਿਕਾਣੇ ਵੀ ਪ੍ਰਭਾਵਿਤ ਹੋਏ ਹਨ ਅਤੇ ਕਈ ਟਿਕਾਣੇ ਹੁਣ ਵਰਤੋਂ ਦੇ ਲਾਇਕ ਨਹੀਂ ਬਚੇ। ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਸਮਝੌਤਿਆਂ ਦੀ ਪਾਲਣਾ ਨਹੀਂ ਕਰਦਾ ਅਤੇ ਉਸ ਦੀ ਬਿਆਨਬਾਜ਼ੀ ਸਿਰਫ਼ ਮੀਡੀਆ ਅਤੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਹੁੰਦੀ ਹੈ।
ਈਰਾਨੀ ਹਥਿਆਰਬੰਦ ਬਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਦੁਬਾਰਾ ਹਮਲਾ ਕਰਨ ਦੀ ਯੋਜਨਾ ਬਣਾਈ, ਤਾਂ ਇਸ ਖੇਤਰ ਦੇ ਤੇਲ ਅਤੇ ਗੈਸ ਭੰਡਾਰਾਂ ਨੂੰ ਦੁਨੀਆ ਲਈ ਲੰਬੇ ਸਮੇਂ ਤੱਕ ਬੰਦ ਕਰ ਦਿੱਤਾ ਜਾਵੇਗਾ। ਸਟਰੇਟ ਆਫ ਹਾਰਮੁਜ਼, ਜੋ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ ਵਿੱਚੋਂ ਇੱਕ ਹੈ, ਉੱਥੇ ਕਿਸੇ ਵੀ ਤਰ੍ਹਾਂ ਦਾ ਤਣਾਅ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਨੂੰ ਅਸਮਾਨੀ ਪਹੁੰਚਾ ਸਕਦਾ ਹੈ।
ਅਮਰੀਕਾ ਦੀ ਕਾਰਵਾਈ ਨੇ ਈਰਾਨ ਦੀ ਆਰਥਿਕਤਾ 'ਤੇ ਵੀ ਡੂੰਘਾ ਅਸਰ ਪਾਇਆ ਹੈ। ਪੈਂਟਾਗਨ ਦੇ ਅਨੁਮਾਨ ਅਨੁਸਾਰ, ਗਲਫ ਆਫ ਓਮਾਨ ਅਤੇ ਆਲੇ-ਦੁਆਲੇ ਦੇ ਸਮੁੰਦਰੀ ਰਸਤਿਆਂ ਵਿੱਚ ਅਮਰੀਕੀ ਨਾਕਾਬੰਦੀ ਕਾਰਨ ਈਰਾਨ ਨੂੰ ਹੁਣ ਤੱਕ ਲਗਭਗ 5 ਅਰਬ ਡਾਲਰ ਦੇ ਤੇਲ ਮਾਲੀਏ ਦਾ ਨੁਕਸਾਨ ਹੋ ਚੁੱਕਾ ਹੈ।
ਮਾਹਰਾਂ ਅਨੁਸਾਰ, ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਜਲਦ ਨਾ ਸੁਧਰੀ ਤਾਂ ਇਸ ਦਾ ਸਿੱਧਾ ਅਸਰ ਵਿਸ਼ਵ ਦੀ ਆਰਥਿਕਤਾ ਅਤੇ ਊਰਜਾ ਬਾਜ਼ਾਰ 'ਤੇ ਪਵੇਗਾ। ਫੌਜੀ ਗਤੀਵਿਧੀਆਂ ਅਤੇ ਇੱਕ-ਦੂਜੇ ਵਿਰੁੱਧ ਦਿੱਤੇ ਜਾ ਰਹੇ ਬਿਆਨ ਸਥਿਤੀ ਨੂੰ ਹੋਰ ਵੀ ਵਿਗਾੜ ਰਹੇ ਹਨ।
ਚੀਨੀ ਮੂਲ ਦੇ ਮੋਚੀ ਨੇ ਆਪਣੇ ਹੁਨਰ ਸਦਕਾ ਵੈਸਟਰਨ ਸੰਸਕ੍ਰਿਤੀ 'ਚ ਬਣਾਈ ਵਿਲੱਖਣ ਪਛਾਣ
NEXT STORY