ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ਜ਼ਿਲੇ ਵਿਚ ਲੋਕਾਂ ਨੂੰ ਮਿਲਾਵਟੀ ਅਤੇ ਘਟੀਆ ਖਾਣ-ਪੀਣ ਦੀਆਂ ਵਸਤੂਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਦਾ ਘੇਰਾ ਵਧਾਉਂਦਿਆਂ 312 ਦੁੱਧ ਦੇ ਨਮੂਨੇ, 291 ਦੁੱਧ ਦੀਆਂ ਜਾਂਚਾਂ ਅਤੇ 52 ਦਹੀਂ ਦੇ ਨਮੂਨੇ ਲਏ ਹਨ। 28 ਸਤੰਬਰ 2026 ਤੱਕ ਦੀ ਪ੍ਰਗਤੀ ਰਿਪੋਰਟ ਅਨੁਸਾਰ ਵਿਭਾਗ ਵੱਲੋਂ ਸਿਰਫ਼ ਨਮੂਨੇ ਲੈਣ ਤੱਕ ਕਾਰਵਾਈ ਸੀਮਤ ਨਹੀਂ ਰੱਖੀ ਗਈ, ਸਗੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਦਾਲਤੀ ਕਾਰਵਾਈ ਵੀ ਕੀਤੀ ਗਈ। ਮੁੱਖ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਵੱਲੋਂ 4 ਮਾਮਲਿਆਂ ਵਿਚ 40 ਹਜ਼ਾਰ ਰੁਪਏ, ਜਦਕਿ ਵਧੀਕ ਡਿਪਟੀ ਕਮਿਸ਼ਨਰ ਦੀ ਅਦਾਲਤ ਵੱਲੋਂ 36 ਮਾਮਲਿਆਂ ਵਿਚ 1 ਲੱਖ 79 ਹਜ਼ਾਰ 500 ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। ਇਸ ਤਰ੍ਹਾਂ 40 ਮਾਮਲਿਆਂ ਵਿਚ ਕੁੱਲ 2 ਲੱਖ 19 ਹਜ਼ਾਰ 500 ਰੁਪਏ ਦੇ ਜੁਰਮਾਨੇ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather
ਨਮੂਨੇ ਭਰੇ, ਮਾਮਲੇ ਦਰਜ ਕੀਤੇ, ਅਦਾਲਤਾਂ ’ਚ ਵੀ ਪਹੁੰਚਾਇਆ ਮਾਮਲਾ
ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਦੀ ਛੇ ਮਹੀਨਿਆਂ ਦੀ ਕਾਰਵਾਈ ਰਿਪੋਰਟ ਮੁਤਾਬਕ ਮਿਲਾਵਟਖੋਰੀ ਵਿਰੁੱਧ ਮੁਹਿੰਮ ਨੂੰ ਸਿਰਫ਼ ਜਾਂਚ ਤੱਕ ਸੀਮਤ ਨਾ ਰੱਖਦਿਆਂ ਕਾਨੂੰਨੀ ਪੱਧਰ ’ਤੇ ਵੀ ਅੱਗੇ ਵਧਾਇਆ ਗਿਆ ਹੈ। ਮੁੱਖ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਵਿਚ 1 ਮਾਮਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਦੀ ਅਦਾਲਤ ਵਿਚ 47 ਮਾਮਲੇ ਦਾਇਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁੱਖ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਵਿਚ 1 ਮਾਮਲਾ ਦਾਇਰ ਕਰਨ ਯੋਗ ਅਤੇ ਵਧੀਕ ਡਿਪਟੀ ਕਮਿਸ਼ਨਰ ਦੀ ਅਦਾਲਤ ਵਿਚ 17 ਮਾਮਲੇ ਦਾਇਰ ਕਰਨ ਯੋਗ ਪਾਏ ਗਏ ਹਨ। ਰਿਪੋਰਟ ਵਿਚ ਇਹ ਵੀ ਦਰਜ ਹੈ ਕਿ ਮੁੱਖ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਵਿਚ 42 ਮਾਮਲੇ ਅਤੇ ਵਧੀਕ ਡਿਪਟੀ ਕਮਿਸ਼ਨਰ ਦੀ ਅਦਾਲਤ ਵਿਚ 36 ਮਾਮਲੇ ਵਿਚਾਰ ਅਧੀਨ ਹਨ। ਇਸ ਤੋਂ ਸਪਸ਼ਟ ਹੈ ਕਿ ਵਿਭਾਗ ਵੱਲੋਂ ਮਿਲਾਵਟਖੋਰੀ ਨਾਲ ਸਬੰਧਤ ਮਾਮਲਿਆਂ ਨੂੰ ਕਾਨੂੰਨੀ ਅੰਜਾਮ ਤੱਕ ਪਹੁੰਚਾਉਣ ਲਈ ਕਾਰਵਾਈ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- ਸ਼ਿਵ ਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਤ 'ਚ ਮੌਤ, ਘਰੋਂ ਮਿਲੀ ਖੂਨ ਨਾਲ ਲਥਪਥ ਲਾਸ਼
720 ਕਿਲੋ ਪਿੰਨੀ ਅਤੇ 70 ਕਿਲੋ ਪਨੀਰ ਜ਼ਬਤ : ਮਿਲਾਵਟਖੋਰੀ ਵਿਰੁੱਧ ਕਾਰਵਾਈ ਦੌਰਾਨ ਵਿਭਾਗ ਵੱਲੋਂ ਵੱਡੀ ਮਾਤਰਾ ਵਿਚ ਸ਼ੱਕੀ ਖਾਦ ਪਦਾਰਥਾਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ। ਛੇ ਮਹੀਨਿਆਂ ਦੀ ਰਿਪੋਰਟ ਅਨੁਸਾਰ 720 ਕਿਲੋ ਗੁੰਮ੍ਹੇ ਦੀ ਪਿੰਨੀ ਅਤੇ 70 ਕਿਲੋ ਗੁੰਮ੍ਹੇ ਦਾ ਪਨੀਰ ਜ਼ਬਤ ਕਰਕੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ 6 ਵਸਤੂਆਂ ਨੂੰ ਜ਼ਬਤ ਕੀਤਾ ਗਿਆ ਅਤੇ ਵੱਖ-ਵੱਖ ਮਾਮਲਿਆਂ ਵਿਚ 40 ਪ੍ਰਯੋਗਸ਼ਾਲਾ ਰਿਪੋਰਟਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਕਾਰਵਾਈ ਦਾ ਮਕਸਦ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲਿਆਂ ’ਤੇ ਨਕੇਲ ਕੱਸਣ ਦੇ ਨਾਲ-ਨਾਲ ਆਮ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਦੁੱਧ ਤੋਂ ਲੈ ਕੇ ਦਹੀਂ ਤੱਕ, ਹਰ ਪੱਧਰ ’ਤੇ ਜਾਂਚ : ਡਾ. ਰਟੌਲ ਅਨੁਸਾਰ ਜ਼ਿਲਾ ਸਿਹਤ ਵਿਭਾਗ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਵਿਸ਼ੇਸ਼ ਤੌਰ ’ਤੇ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਛੇ ਮਹੀਨਿਆਂ ਦੌਰਾਨ 312 ਦੁੱਧ ਦੇ ਨਮੂਨੇ ਅਤੇ 52 ਦਹੀਂ ਦੇ ਨਮੂਨੇ ਲੈਣ ਦੇ ਨਾਲ ਦੁੱਧ ਨਾਲ ਸਬੰਧਤ 291 ਜਾਂਚਾਂ ਕੀਤੀਆਂ ਗਈਆਂ। ਇਨ੍ਹਾਂ ਕਾਰਵਾਈਆਂ ਰਾਹੀਂ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
6 ਮਹੀਨਿਆਂ ਦੀ ਕਾਰਵਾਈ ਦੇ ਮੁੱਖ ਅੰਕੜੇ
-312 ਦੁੱਧ ਦੇ ਨਮੂਨੇ
-291 ਦੁੱਧ ਦੀਆਂ ਜਾਂਚਾਂ
-52 ਦਹੀਂ ਦੇ ਨਮੂਨੇ
-40 ਮਾਮਲਿਆਂ ਵਿਚ 2,19,500 ਰੁਪਏ ਜੁਰਮਾਨਾ
-48 ਮਾਮਲੇ ਅਦਾਲਤਾਂ ਵਿਚ ਦਾਇਰ
-720 ਕਿਲੋ ਗੁੰਮ੍ਹੇ ਦੀ ਪਿੰਨੀ
-70 ਕਿਲੋ ਗੁੰਮ੍ਹੇ ਦਾ ਪਨੀਰ
-6 ਵਸਤੂਆਂ ਜ਼ਬਤ
-40 ਪ੍ਰਯੋਗਸ਼ਾਲਾ ਰਿਪੋਰਟਾਂ ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਦੇ ਨਿਰਮਾਣ ਕਾਰਜ ਕਾਰਨ ਦੀਨਾਨਗਰ ਇਲਾਕੇ ’ਚ ਅੱਜ 8 ਘੰਟੇ ਬਿਜਲੀ ਬੰਦ
NEXT STORY