ਅੰਮ੍ਰਿਤਸਰ (ਛੀਨਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਵਿਦਿਅਕ ਅਦਾਰਿਆਂ ਤੇ ਸ਼੍ਰੋਮਣੀ ਕਮੇਟੀ 'ਚ ਨਿਯਮਾਂ ਦੇ ਉਲਟ ਕੀਤੀਆਂ ਗਈਆਂ ਨਿਯੁਕਤੀਆਂ ਅਤੇ ਤਰੱਕੀਆਂ ਦੀ ਜਾਂਚ ਲਈ ਬਣਾਈ ਗਈ ਪੜਤਾਲ ਕਮੇਟੀ ਵਲੋਂ ਆਪਣੀ ਰਿਪੋਰਟ 'ਚ ਵੱਡੀ ਗਿਣਤੀ 'ਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਕੀਤੀ ਸਿਫਾਰਸ਼ ਤੋਂ ਬਾਅਦ ਸ਼੍ਰੋਮਣੀ ਕਮੇਟੀ 'ਚ ਆਰਜ਼ੀ ਤੌਰ 'ਤੇ ਰੱਖੇ ਹੋਏ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ 'ਚ ਨਿਯਮਾਂ ਅਨੁਸਾਰ ਰੱਖੇ ਹੋਏ ਆਰਜ਼ੀ ਮੁਲਾਜ਼ਮਾਂ ਨੂੰ ਕੱਢੇ ਜਾਣ ਨਾਲ ਸ਼੍ਰੋਮਣੀ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਲੋਕਾਂ ਦੇ ਭਾਰੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਜਦਕਿ ਸੱਤਾ ਤੋਂ ਬਾਹਰ ਬੈਠਾ ਸ਼੍ਰੋਮਣੀ ਅਕਾਲੀ ਦਲ ਲੋਕਾਂ 'ਚ ਆਪਣਾ ਆਧਾਰ ਮਜ਼ਬੂਤ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਣੀ-ਬਣਾਈ ਗੇਮ ਵਿਗਾੜ ਸਕਦਾ ਹੈ।
ਇਸ ਸਬੰਧ 'ਚ ਕੁਝ ਆਰਜ਼ੀ ਸੇਵਾਦਾਰਾਂ ਨੇ ਆਪਣੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਬਡੂੰਗਰ ਨੇ ਜੇਕਰ ਨਿਯਮਾਂ ਦੇ ਉਲਟ ਜਾ ਕੇ ਕੁਝ ਨਿਯੁਕਤੀਆਂ ਅਤੇ ਤਰੱਕੀਆਂ ਕੀਤੀਆਂ ਹਨ ਤਾਂ ਉਨ੍ਹਾਂ 'ਤੇ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਪਰ ਆਰਜ਼ੀ ਸੇਵਾਦਾਰਾਂ ਦੀ ਵੀ ਛੁੱਟੀ ਕੀਤੀ ਜਾਣੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਹਜ਼ਾਰ ਰੁਪਏ ਤੱਕ ਤਨਖਾਹ 'ਤੇ ਮੁਲਾਜ਼ਮ ਰੱਖਣ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਅਧਿਕਾਰ ਹੁੰਦਾ ਹੈ ਤੇ ਅਸੀਂ ਤਾਂ ਉਸ ਤੋਂ ਵੀ ਘੱਟ ਤਨਖਾਹ 'ਤੇ ਰੱਖੇ ਹੋਏ ਹਾਂ। ਉਨ੍ਹਾਂ ਦੱਬੀ ਜ਼ੁਬਾਨ ਨਾਲ ਕਿਹਾ ਕਿ ਇਸ ਆਰਜ਼ੀ ਸੇਵਾਦਾਰ ਦੀ ਨੌਕਰੀ ਹਾਸਲ ਕਰਨ ਵਾਸਤੇ ਸਾਨੂੰ ਕਈ ਆਗੂਆਂ ਦੇ ਸੌ ਵਾਰ ਤਰਲੇ ਪਾਉਣੇ ਪਏ ਹਨ ਜਿਸ ਤੋਂ ਬਾਅਦ ਸਾਨੂੰ ਇਹ ਨੌਕਰੀ ਨਸੀਬ ਹੋਈ ਹੈ ਪਰ ਜਿਸ ਦਿਨ ਤੋਂ ਸਾਨੂੰ ਇਹ ਨੌਕਰੀ ਖੁਸਣ ਦੀ ਖਬਰ ਸੁਣਨ ਨੂੰ ਮਿਲੀ ਹੈ ਉਸ ਦਿਨ ਤੋਂ ਹੀ ਸਾਡੇ ਰੰਗ ਉਡ ਗਏ ਹਨ ਕਿਉਂਕਿ ਇਸ ਨੌਕਰੀ ਤੋਂ ਮਿਲਣ ਵਾਲੀ ਤਨਖਾਹ ਨਾਲ ਹੀ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ 'ਪੋਲ ਖੋਲ੍ਹ ਰੈਲੀਆਂ' ਕਰ ਕੇ ਕਾਂਗਰਸ ਨੂੰ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਦੇ ਆਰਜ਼ੀ ਮੁਲਾਜ਼ਮਾਂ ਦੀ ਨੌਕਰੀ ਬਚਾਉਣ ਲਈ ਵੀ ਅਹਿਮ ਫੈਸਲਾ ਲੈਣਾ ਚਾਹੀਦਾ ਹੈ।
ਇਕ ਆਰਜ਼ੀ ਸੇਵਾਦਾਰ ਨੇ ਤਾਂ ਜਜ਼ਬਾਤੀ ਹੁੰਦਿਆਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਹ ਆਤਮਹੱਤਿਆ ਕਰ ਲਵੇਗਾ ਕਿਉਂਕਿ ਭਾਵੇਂ ਤਨਖਾਹ ਥੋੜ੍ਹੀ ਹੀ ਸੀ ਪਰ ਇਸ ਨੌਕਰੀ ਨਾਲ ਉਸ ਨੂੰ ਇੱਜ਼ਤ ਦੀ ਰੋਟੀ ਮਿਲੀ ਹੈ। ਅਖੀਰ 'ਚ ਸਮੂਹ ਆਰਜ਼ੀ ਸੇਵਾਦਾਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਨਾ ਖੋਹੀ ਜਾਵੇ।
ਚੋਰੀ ਦੇ ਮੋਟਰਸਾਈਕਲਾਂ ਸਣੇ ਕਾਬੂ
NEXT STORY