ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਲਈ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣ ਵਾਲਾ ਸਾਬਤ ਹੋਇਆ ਹੈ। ਜ਼ਿਲ੍ਹੇ ਦੇ ਉੱਭਰਦੇ ਹੋਏ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਗੁਰਸਿਮਰਨ ਸਿੰਘ ਗਿੱਲ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਪੰਜਾਬ ਸੀਨੀਅਰ ਰਣਜੀ ਟਰਾਫੀ ਟੀਮ (ਸੈਸ਼ਨ 2026-27) ਲਈ ਚੋਣ ਕੀਤੀ ਗਈ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਸਮੁੱਚੇ ਜ਼ਿਲ੍ਹੇ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨ ਵਾਲਾ ਪਹਿਲਾ ਖਿਡਾਰੀ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਥੋਂ ਦੇ ਕਿਸੇ ਖਿਡਾਰੀ ਨੇ ਪੰਜਾਬ ਦੀ ਇਸ ਪ੍ਰਮੁੱਖ ਤੇ ਸੀਨੀਅਰ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਗੁਰਸਿਮਰਨ ਸਿੰਘ ਗਿੱਲ ਇੱਕ ਵਧੀਆ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇਹ ਮੁਕਾਮ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਪੰਜਾਬ ਪ੍ਰੀਮੀਅਰ ਲੀਗ ਵਿੱਚ ਅਪਣੀ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਕੇ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਝਕਾਨੀ ਦੇ ਚੁੱਕੇ ਹਨ।
ਖੁਸ਼ੀ 'ਚ ਕੱਟਿਆ ਕੇਕ, ਸੰਸਥਾਪਕ ਪ੍ਰੋ. ਆਰ. ਡੀ. ਬਾਂਸਲ ਨੂੰ ਕੀਤਾ ਯਾਦ
ਇਸ ਸ਼ਾਨਦਾਰ ਅਤੇ ਇਤਿਹਾਸਕ ਪ੍ਰਾਪਤੀ ਦੀ ਖੁਸ਼ੀ ਵਿਚ ਐਨ.ਪੀ.ਐਸ. ਕ੍ਰਿਕਟ ਗਰਾਊਂਡ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ, ਖਿਡਾਰੀਆਂ ਅਤੇ ਮਾਪਿਆਂ ਨੇ ਸਾਂਝੇ ਤੌਰ 'ਤੇ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸੰਸਥਾਪਕ ਸਵ. ਪ੍ਰੋਫੈਸਰ ਆਰ. ਡੀ. ਬਾਂਸਲ ਦੀ ਦੂਰਅੰਦੇਸ਼ੀ ਅਤੇ ਜ਼ਿਲ੍ਹੇ ਵਿੱਚ ਕ੍ਰਿਕਟ ਦੀ ਨੀਂਹ ਰੱਖਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ।

ਪਰਿਵਾਰ ਅਤੇ ਕੋਚਿੰਗ ਸਟਾਫ਼ ਨੂੰ ਮਿਲੀਆਂ ਵਧਾਈਆਂ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਗੁਰਸਿਮਰਨ ਸਿੰਘ ਗਿੱਲ, ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਰਾਜਵੰਤ ਸਿੰਘ ਗਿੱਲ (ਮਲੋਟ), ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨੂੰ ਤਰਾਸ਼ਣ ਵਾਲੇ ਕੋਚ ਸਾਹਿਬਾਨ ਨੂੰ ਇਸ ਇਤਿਹਾਸਕ ਸਫ਼ਲਤਾ ਲਈ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ। ਵਧਾਈਆਂ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਗੁਰਸਿਮਰਨ ਦੀ ਇਹ ਮਿਹਨਤ ਜ਼ਿਲ੍ਹੇ ਦੇ ਹੋਰਨਾਂ ਉੱਭਰਦੇ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।
ਖੇਡ ਸ਼ਖਸੀਅਤਾਂ ਵੱਲੋਂ ਭਵਿੱਖ ਲਈ ਸ਼ੁਭਕਾਮਨਾਵਾਂ
ਇਸ ਮੌਕੇ ਡੀ.ਸੀ.ਏ. ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਡਾਕਟਰ ਵਿਕਰਮਜੀਤ ਅਤੇ ਜਨਰਲ ਸਕੱਤਰ ਸ਼ਮਿੰਦਰ ਬੱਤਰਾ ਨੇ ਗੁਰਸਿਮਰਨ ਸਿੰਘ ਨੂੰ ਆਉਣ ਵਾਲੇ ਰਣਜੀ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਖੁਸ਼ੀ ਦੇ ਮੌਕੇ ਡਾ. ਮਦਨ ਮੋਹਨ ਬਾਂਸਲ, ਬਾਵਾ ਯਾਦਵਿੰਦਰ ਸਿੰਘ ਲਾਲੀ, ਮੋਹਕਮ ਸਿੰਘ, ਭੀਸ਼ਮ ਬਾਂਸਲ, ਮੰਗਤ ਕੁੱਕੜ, ਸੁਰਿੰਦਰ ਅਰੋੜਾ, ਪਰਮਜੀਤ ਸਿੰਘ, ਵਿਜੇ ਕੁਮਾਰ, ਗੁਰਬਖਸ਼ ਸਿੰਘ, ਮਨਿੰਦਰ ਚੋਪੜਾ, ਜਸਪਾਲ ਸਿੰਘ ਹਰੀਕੇ ਕਲਾਂ, ਅੰਗਰੇਜ਼ ਸਿੰਘ ਬਰੀਵਾਲਾ, ਜਸਪਾਲ ਸਿੰਘ ਔਲਖ, ਸੰਜੀਵ ਗੁਪਤਾ, ਗੁਰਭੇਜ ਸਿੰਘ ਖੋਸਾ, ਪੰਕਜ ਕੁਮਾਰ, ਸੁਪਿੰਦਰ ਜੀਤ ਸਿੰਘ, ਸ਼ੇਰ ਬਾਜ ਸਿੰਘ, ਵਿਜੇ ਕੁਮਾਰ ਚੋਪੜਾ, ਰਾਕੇਸ਼ ਵਾਟਸ, ਜਸਕਰਨ ਸਿੰਘ ਅਤੇ ਸੁਨੀਲ ਕੁਮਾਰ ਨੇ ਵੀ ਖਿਡਾਰੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਖਿਡਾਰੀ ਦੀ ਤਿਆਰੀ ਵਿਚ ਅਹਿਮ ਯੋਗਦਾਨੂ ਪਾਉਣ ਵਾਲੇ ਕੋਚ ਲਖਵਿੰਦਰ ਸਿੰਘ, ਗੁਰਸੰਤ ਸਿੰਘ, ਲਵਪ੍ਰੀਤ ਸਿੰਘ ਸਮੇਤ ਗਰਾਊਂਡ ਮੈਨ ਸਤਪਾਲ ਸਿੰਘ ਅਤੇ ਬਸੰਤ ਸਿੰਘ ਨੇ ਵੀ ਸਿਮਰਨ ਸਿੰਘ ਦੀ ਇਸ ਚੋਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਦੇਸ਼ ਪੱਧਰ 'ਤੇ ਨਾਂ ਚਮਕਾਉਣ ਦਾ ਆਸ਼ੀਰਵਾਦ ਦਿੱਤਾ।
ISI ਨੂੰ ਗੁਪਤ ਸੂਚਨਾ ਭੇਜਣ ਦਾ ਖ਼ੁਲਾਸਾ, ਫਰੀਦਕੋਟ ਦੀ ਔਰਤ ਸਣੇ 3 'ਤੇ ਮਾਮਲਾ ਦਰਜ
NEXT STORY