ਅੰਬਾਲਾ — ਅੰਬਾਲਾ ਸ਼ਹਿਰ ਦੇ ਨਾਗਰਿਕ ਹਸਪਤਾਲ ਵਿਚ ਡਾਕਟਰਾਂ ਦੀ ਲਾਪਰਵਾਹੀ ਨਾਲ ਇਕ 12 ਮਹੀਨੇ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਬੱਚੀ ਨੂੰ ਚਾਰ ਦਿਨ ਪਹਿਲਾਂ ਨਿਮੋਨੀਆ ਦੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਇਲਾਜ ਦੌਰਾਨ ਨਰਸ ਨੇ ਬੱਚੀ ਨੂੰ ਟੀਕਾ ਲਗਾਇਆ ਤਾਂ ਉਹ ਸਹੀ ਨਹੀਂ ਲੱਗਾ। ਪਰਿਵਾਰ ਵਾਲਿਆਂ ਨੇ ਨਰਸ ਅਤੇ ਡਾਕਟਰਾਂ ਨੂੰ ਬੱਚੀ ਨੂੰ ਦੌਬਾਰਾ ਟੀਕਾ ਅਤੇ ਦਵਾਈ ਦੇਣ ਦੀ ਫਰਿਆਦ ਕੀਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਾ ਕੀਤੀ। ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ।

ਬੱਚੀ ਦੇ ਪਰਿਵਾਰ ਵਾਲਿਆਂ ਨੇ ਲਾਪਰਵਾਹ ਡਾਕਟਰ ਅਤੇ ਨਰਸ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੂਬੇ ਦਾ ਸਿਹਤ ਵਿਭਾਗ ਨਵੀਂਆ-ਨਵੀਂਆ ਮਸ਼ੀਨਾਂ ਲਗਾ ਕੇ ਵਧੀਆ ਸੁਵੀਧਾਵਾਂ ਦੇਣ ਦਾ ਦਾਅਵਾ ਕਰਦਾ ਹੈ। ਪਰ ਜੇਕਰ ਵਿਭਾਗ ਦੇ ਕਰਮਚਾਰੀ ਹੀ ਲਾਪਰਵਾਹ ਹੋਣ ਤਾਂ ਮਸ਼ੀਨਾਂ ਕੀ ਕਰ ਸਕਦੀਆਂ ਹਨ। ਬੱਚੀ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਸਵੇਰੇ ਵੀ ਬੱਚੀ ਦੀ ਤਬੀਅਤ ਖਰਾਬ ਸੀ। ਜਿਸ ਕਾਰਨ ਉਨ੍ਹਾਂ ਨੇ ਡਾਕਟਰ ਨੂੰ ਦਵਾਈ ਦੇਣ ਬਾਰੇ ਕਿਹਾ ਸੀ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਹਸਪਤਾਲ ਦੀ ਡਿਸਪੈਂਸਰੀ ਵਿਚ ਦਵਾਈ ਨਹੀਂ ਹੈ। ਦਵਾਈ ਚਾਹੀਦੀ ਹੈ ਤਾਂ ਬਾਹਰੋਂ ਲੈ ਆਓ।

ਇਸ ਪੂਰੇ ਮਾਮਲੇ ਵਿਚ ਡਿਊਟੀ 'ਤੇ ਤਾਇਨਾਤ ਨਾਗਰਿਕ ਹਸਪਤਾਲ ਦੇ ਇਕ ਹੋਰ ਡਾਕਟਰ ਨੇ ਦੱਸਿਆ ਕਿ ਬੱਚੀ ਨੂੰ 3-4 ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸਦੀ ਤਬੀਅਤ ਖਰਾਬ ਹੋਣ 'ਤੇ ਉਸਨੂੰ ਐਮਰਜੈਂਸੀ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਬੱਚੀ ਨੂੰ ਹਸਪਤਾਲ ਵਲੋਂ ਪੂਰਾ ਇਲਾਜ ਦਿੱਤਾ ਜਾ ਰਿਹਾ ਸੀ। ਪਰ ਦੁਪਹਿਰ ਦੇ ਸਮੇਂ ਬੱਚੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ 'ਤੇ ਉਸਨੂੰ ਆਕਸੀਜ਼ਨ ਦਿੱਤੀ ਗਈ।
ਐਮਬੁਲੈਂਸ ਬੁਲਾ ਕੇ ਉਸਨੂੰ ਰੈਫਰ ਕਰ ਦਿੱਤਾ ਗਿਆ ਪਰ ਬੱਚੀ ਨੇ ਉਸੇ ਸਮੇਂ ਦਮ ਤੋੜ ਦਿੱਤਾ। ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਬੱਚੀ ਦੇ ਪਰਿਵਾਰ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਸਟਾਫ ਦੀ ਕੋਈ ਗਲਤੀ ਨਹੀਂ ਹੈ।

ਪਰਿਵਾਰ ਵਾਲੇ ਹਸਪਤਾਲ ਵਿਚ ਹੰਗਾਮਾ ਨਾ ਕਰਨ ਇਸ ਲਈ ਹਸਪਤਾਲ ਪ੍ਰਸ਼ਾਸਨ ਨੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਕੁਝ ਹੀ ਦੇਰ ਵਿਚ ਹਸਪਤਾਲ ਪਹੁੰਚ ਗਈ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਜਾਰੀ ਕੀਤੀਆਂ SC-ST ਐਕਟ ਦੀਆਂ ਨਵੀਆਂ ਗਾਈਡ ਲਾਇੰਸ, ਹੋਏ ਇਹ ਬਦਲਾਅ
NEXT STORY