ਲੁਧਿਆਣਾ (ਭਾਖੜੀ) : ਕਾਲਾ ਕੱਛਾ ਗਿਰੋਹ ਤੋਂ ਬਾਅਦ ਸ਼ਹਿਰ ’ਚ ਨਿੱਕਰ ਚੋਰ ਗਿਰੋਹ ਦਾ ਆਂਤਕ, ਇਕ ਮਹੀਨੇ ’ਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਗਿਰੋਹ ਦੇ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ’ਚ ਹੋਏ ਕੈਦ, ਜਿਨ੍ਹਾਂ ਨੇ ਟੀ-ਸ਼ਰਟ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਨਿੱਕਰ ਪਾਈ ਹੋਈ ਹੈ। ਬੀਤੇ ਦਿਨ ਇਸ ਗਿਰੋਹ ਨੇ ਹਾਈਵੇ ’ਤੇ ਪੈਂਦੀ ਗੋਪਾਲ ਐਨਕਲੇਵ ਕਾਲੋਨੀ ’ਚ ਰਹਿਣ ਵਾਲੇ ਐੱਨ. ਆਰ. ਆਈ. ਪਰਿਵਾਰ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਇਹ 27 ਤੋਲੇ ਸੋਨਾ, 3 ਲੱਖ ਦੀਆਂ ਕੀਮਤੀ ਘੜੀਆਂ ਅਤੇ 3 ਲੱਖ ਤੋਂ ਜ਼ਿਆਦਾ ਦੀ ਨਕਦੀ ਲੁੱਟ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਪੁਲਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਨੀਤੂ ਥਾਪਰ ਪਤਨੀ ਮਾਈਕਲ ਵਾਸੀ ਗੋਪਾਲ ਐਨਕਲੇਵ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਅਮਰੀਕਾ ਕੰਮ ਦੇ ਸਬੰਧ ’ਚ ਰਹਿ ਰਿਹਾ ਹੈ। ਉਹ ਆਪਣੀ ਇਕਲੌਤੀ ਬੇਟੀ ਦੇ ਨਾਲ ਘਰ ’ਚ ਇਕੱਲੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਘਰ ਦੇ ਉੱਪਰ ਦੀ ਮੰਜ਼ਿਲ ’ਚ ਮੁਨੀਸ਼ ਕੁਮਾਰ ਨਾਮਕ ਲੜਕਾ ਪੀ. ਜੀ. ਦੇ ਤੌਰ ’ਤੇ ਰੱਖਿਆ ਹੋਇਆ ਹੈ। ਬੀਤੀ 11 ਜੁਲਾਈ ਨੂੰ ਉਸ ਦੀ ਨਣਦ ਵਿਦੇਸ਼ ਤੋਂ ਆਪਣੇ ਪਰਿਵਾਰ ਨਾਲ ਉਸ ਨੂੰ ਮਿਲਣ ਆਈ ਨਣਦ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਕਸ਼ਮੀਰ ਘੁੰਮਣ ਦਾ ਪਲਾਨ ਬਣਾ ਲਿਆ।
ਨੀਤੂ ਨੇ ਦੱਸਿਆ ਕਿ 13 ਜੁਲਾਈ ਨੂੰ ਉਹ ਆਪਣੇ ਪੀ. ਜੀ. ’ਚ ਰਹਿਣ ਵਾਲੇ ਲੜਕੇ ਮੁਨੀਸ਼ ਨੂੰ ਪੂਰੇ ਘਰ ਦੀ ਜ਼ਿੰਮੇਵਾਰੀ ਸੌਂਪ ਆਪਣੀ ਨਣਦ ਨਾਲ ਕਸ਼ਮੀਰ ਘੁੰਮਣ ਚਲੇ ਗਏ। 17 ਜੁਲਾਈ ਦੀ ਸਵੇਰ ਉਨ੍ਹਾਂ ਨੂੰ ਮਨੀਸ਼ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਲੁਟੇਰੇ ਆ ਗਏ ਹਨ, ਜਿਨ੍ਹਾਂ ਨੇ ਉਸ ਨੂੰ ਕਮਰੇ ’ਚ ਬੰਦ ਕਰ ਘਰੇ ਪਿਆ ਸਾਰਾ ਸਾਮਾਨ ਲੁੱਟ ਕੇ ਫਰਾਰ ਹੋ ਗਏ। ਉਸ ਨੇ ਸਵੇਰੇ ਗੁਆਂਢੀ ਨੂੰ ਫੋਨ ਕੀਤਾ, ਜਿਨ੍ਹਾਂ ਨੇ ਆ ਕੇ ਕਮਰਾ ਖੋਲ੍ਹਿਆ ਅਤੇ ਉਸ ਨੂੰ ਬਾਹਰ ਕੱਢਿਆ। ਨੀਤੂ ਨੇ ਦੱਸਿਆ ਕਿ ਉਹ ਉਸੇ ਵਕਤ ਕਸ਼ਮੀਰ ਤੋਂ ਵਾਪਸ ਤੁਰ ਪਏ ਘਰੇ ਪਹੁੰਚ ਕੇ ਦੇਖਿਆ ਤਾਂ ਲੁਟੇਰੇ ਉਸ ਦਾ ਅਤੇ ਉਸ ਦੀ ਨਣਦ ਦੇ 27 ਤੋਲੇ ਸੋਨੇ ਦੇ ਗਹਿਣੇ 3 ਲੱਖ ਦੀ ਕੀਮਤ ਘੜੀਆਂ ਅਤੇ 3 ਲੱਖ ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਏ।
ਨੀਤੂ ਨੇ ਜਦੋਂ ਘਰੇ ਲੱਗੇ ਸੀ. ਸੀ. ਟੀ. ਵੀ. ਚੈੱਕ ਕੀਤੇ ਤਾਂ ਪਤਾ ਲੱਗਿਆ ਕਿ 17 ਜੁਲਾਈ ਦੀ ਅੱਧੀ ਰਾਤ ਨੂੰ 5 ਲੁਟੇਰੇ, ਜਿਨ੍ਹਾਂ ਨੇ ਟੀ-ਸ਼ਰਟ ਦੇ ਨਾਲ ਨਿੱਕਰ ਪਾਈ ਹੋਈ ਹੈ, ਉਸ ਦੇ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਗਏ। ਅੰਦਰ ਦਾਖਲ ਹੋ ਕੇ, ਜਿਸ ਕਮਰੇ ’ਚ ਮਨੀਸ਼ ਸੌਂ ਰਿਹਾ ਸੀ, ਉਸ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਦੂਜੇ ਕਮਰੇ ’ਚ ਦਾਖਲ ਹੋ ਕੇ ਅਲਮਾਰੀ ਨੂੰ ਰਾਡ ਨਾਲ ਤੋੜ ਕੇ ਉਸ ’ਚ ਪਏ ਸਾਰੇ ਗਹਿਣੇ, ਨਕਦੀ ਅਤੇ ਕੀਮਤੀ ਸਾਮਾਨ ਲੈ ਫਰਾਰ ਹੋ ਗਏ।
ਨੀਤੂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਲੁਟੇਰਿਆਂ ਨੂੰ ਉਸ ਦੇ ਘਰ ’ਚ ਪਏ ਪੂਰੇ ਸਾਮਾਨ ਦੀ ਜਾਣਕਾਰੀ ਸੀ। ਲੁਟੇਰਿਆਂ ਨੇ ਉਸ ਦੀ ਘਰ ਪਈ ਅਲਮਾਰੀ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਸਾਰਾ ਸਾਮਾਨ ਪਿਆ ਸੀ। ਇਸ ਤੋਂ ਇਲਾਵਾ ਘਰ ’ਚ 5 ਸੂਟਕੇਸ ਵੀ ਪਏ ਸਨ ਪਰ ਉਨ੍ਹਾਂ ਨੇ ਕਿਸੇ ਨੂੰ ਹੱਥ ਤੱਕ ਨਹੀਂ ਲਗਾਇਆ ਦੂਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁਟੇਰੇ ਖਿੜਕੀ ਤੋੜ ਕੇ ਅੰਦਰ ਆਏ ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਅਲਮਾਰੀ ਨੂੰ ਤੋੜਿਆ। ਇਨ੍ਹਾਂ ਕੁਝ ਹੋਣ ਦੇ ਬਾਵਜੂਦ ਕਮਰੇ ’ਚ ਸੌਂ ਰਹੇ ਮੁਨੀਸ਼ ਨੂੰ ਕੋਈ ਆਵਾਜ਼ ਤੱਕ ਨਹੀਂ ਆਈ।
ਨਿੱਕਰ ਚੋਰ ਗਿਰੋਹ ਦੇ ਲੋਕਾਂ ਨੇ ਪਿਛਲੇ 1 ਮਹੀਨੇ ਤੀਜੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾ ਲੁਟੇਰਿਆਂ ਨੇ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਦਰਸ਼ਨ ਸਿੰਘ ਦੇ ਘਰ ਦੀ ਖਿੜਕੀ ਦੇ ਰਾਹ ਅੰਦਰ ਦਾਖਲ ਹੋ ਕੇ ਘਰ ’ਚ ਪਈ ਨਕਦੀ ਲੁੱਟ ਕੇ ਲੈ ਗਏ ਹਨ। ਉਸ ਤੋਂ ਇਕ ਹਫਤੇ ਬਾਅਦ ਇਨ੍ਹਾਂ ਲੁਟੇਰਿਆਂ ਨੇ ਕੈਨਰਾ ਬੈਂਕ ਤੇ ਨੇੜੇ ਇਕ ਮਹਿਲਾ ਦੇ ਘਰ ’ਚ ਦਾਖਲ ਹੋ ਕੇ ਸਾਢੇ 4 ਲੱਖ ਰੁਪਏ ਦੀ ਲੁੱਟ ਕਰ ਕੇ ਫਰਾਰ ਹੋ ਗਏ ਸਨ। ਉਸ ਵਕਤ ਵੀ ਜੋ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਏ ਪੰਜਾਂ ਨੇ ਸਾਰੇ ਨਿੱਕਰ ਪਾਈ ਹੋਈ ਸੀ। ਥਾਣਾ ਮੁਖੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਪਤੀ ਪਤਨੀ ਖਿਲਾਫ ਮਾਮਲਾ ਦਰਜ
NEXT STORY