ਇੰਦੌਰ (ਭਾਸ਼ਾ)- ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਚ ਜਾਰੀ 'ਭਾਰਤ ਜੋੜੋ ਯਾਤਰਾ' ਦੇ ਇੰਦੌਰ ਦੇ ਖਾਲਸਾ ਸਟੇਡੀਅਮ 'ਚ 28 ਨਵੰਬਰ ਨੂੰ ਸੰਭਾਵਿਤ ਰਾਤ ਦੇ ਆਰਾਮ ਦੌਰਾਨ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੱਤਰ ਰਾਹੀਂ ਦਿੱਤੀ ਗਈ ਇਸ ਧਮਕੀ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਹਰਿਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਜੂਨੀ ਇੰਦੌਰ ਇਲਾਕੇ 'ਚ ਇਕ ਮਿਠਾਈ-ਨਮਕੀਨ ਦੀ ਦੁਕਾਨ ਦੇ ਪਤੇ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਗਏ ਪੱਤਰ 'ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਖਾਲਸਾ ਸਟੇਡੀਅਮ 'ਚ ਰਾਤ ਲਈ ਰੁਕਦੀ ਹੈ ਤਾਂ ਸ਼ਹਿਰ 'ਚ ਬੰਬ ਧਮਾਕੇ ਹੋ ਸਕਦੇ ਹਨ। ਮਿਸ਼ਰਾ ਨੇ ਕਿਹਾ,“ਇਸ ਪੱਤਰ 'ਚ ਸਿੱਧੇ ਤੌਰ ‘ਤੇ ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਗੱਲ ਨਹੀਂ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਇਸ ਪੱਤਰ ਦੇ ਆਧਾਰ 'ਤੇ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 507 (ਅਣਪਛਾਤੇ ਵਿਅਕਤੀ ਦੁਆਰਾ ਅਪਰਾਧਿਕ ਧਮਕੀ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਕਮਿਸ਼ਨਰ ਨੇ ਕਿਹਾ,“ਅਸੀਂ ਧਮਕੀ ਪੱਤਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸਾਨੂੰ ਸ਼ੱਕ ਹੈ ਕਿ ਇਹ ਹਰਕਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਹੈ।''
ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ 'ਚ ਰਾਹੁਲ ਨਾਲ ਸ਼ਾਮਲ ਹੋਏ ਤੂਸ਼ਾਰ ਗਾਂਧੀ, ਕਾਂਗਰਸ ਨੇ ਇਸ ਨੂੰ ਦੱਸਿਆ 'ਇਤਿਹਾਸਕ'
ਬੰਬ ਧਮਾਕੇ ਦੀ ਧਮਕੀ ਭਰੇ ਪੱਤਰ ਤੋਂ ਬਾਅਦ ਸੂਬਾ ਕਾਂਗਰਸ ਸਕੱਤਰ ਨੀਲਾਭ ਸ਼ੁਕਲਾ ਨੇ ਮੰਗ ਕੀਤੀ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੇ ਇੰਦੌਰ 'ਚ ਪ੍ਰਵੇਸ਼ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਵਧਾਏ ਜਾਣ। ਦੱਸਣਯੋਗ ਹੈ ਕਿ ਖਾਲਸਾ ਸਟੇਡੀਅਮ ਨਾਲ ਜੁੜੇ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ, ਜਦੋਂ 8 ਨਵੰਬਰ ਨੂੰ ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਚ ਕਮਲਨਾਥ ਦੇ ਸੁਆਗਤ-ਸਮਾਗਮ ਤੋਂ ਬਾਅਦ ਮਸ਼ਹੂਰ ਕੀਤਰਨਕਾਰੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਹਿੰਸਾ ਵੱਲ ਇਸ਼ਾਰਾ ਕੀਤਾ ਸੀ ਅਤੇ ਆਯੋਜਕਾਂ 'ਤੇ ਤਿੱਖੇ ਸ਼ਬਦਾਂ 'ਚ ਮੰਚ ਤੋਂ ਨਾਰਾਜ਼ਗੀ ਜਤਾਈ ਸੀ। ਵਿਵਾਦ ਤੋਂ ਬਾਅਦ ਭਾਜਪਾ ਦੇ ਸਥਾਨਕ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਰਾਹੁਲ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਨਾਲ ਪ੍ਰਦੇਸ ਕਾਂਗਰਸ ਪ੍ਰਧਾਨ ਕਮਲਨਾਥ ਨੇ ਇਸ ਸਟੇਡੀਅਮ 'ਚ ਕਦਮ ਰੱਖਿਆ ਤਾਂ ਭਾਜਪਾ ਵਰਕਰ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਦਾ ਵਿਰੋਧ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕਣ ਵਾਲੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਮਲਨਾਥ ਦੀ ਭੂਮਿਕਾ ਨੂੰ ਅਕਸਰ ਭਾਜਪਾ ਨੇਤਾਵਾਂ ਨੇ ਦੋਸ਼ੀ ਠਹਿਰਾਇਆ ਹੈ ਪਰ ਕਮਲਨਾਥ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਰਨਾਟਕ ਦੇ ਚੋਣ ਦੰਗਲ ’ਚ ਉਤਰਨਗੇ ਅਰਵਿੰਦ ਕੇਜਰੀਵਾਲ
NEXT STORY