ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫਿਲਮ ਨਿਰਮਾਤਾ ਨੀਰਜ ਪਾਂਡੇ ਦੀ ਆਉਣ ਵਾਲੀ ਫਿਲਮ 'ਘੂਸਖੋਰ ਪੰਡਤ' ਵਿਰੁੱਧ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਇਹ ਫੈਸਲਾ ਉਦੋਂ ਆਇਆ ਜਦੋਂ ਨਿਰਮਾਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਫਿਲਮ ਦਾ ਵਿਵਾਦਤ ਸਿਰਲੇਖ ਅਤੇ ਸਾਰੀ ਪ੍ਰਚਾਰ ਸਮੱਗਰੀ ਵਾਪਸ ਲੈ ਲਈ ਹੈ।
ਅਦਾਲਤ ਦੀ ਸਖ਼ਤ ਟਿੱਪਣੀ
ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਵਲ ਭੂਈਆ ਦੀ ਬੈਂਚ ਨੇ ਨੀਰਜ ਪਾਂਡੇ ਦੇ ਹਲਫਨਾਮੇ ਨੂੰ ਰਿਕਾਰਡ 'ਤੇ ਲੈਂਦਿਆਂ ਉਮੀਦ ਜਤਾਈ ਕਿ ਹੁਣ ਇਸ ਵਿਵਾਦ ਦਾ ਪੂਰੀ ਤਰ੍ਹਾਂ ਅੰਤ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨਿਰਮਾਤਾ ਨੂੰ ਸਖ਼ਤ ਫਿਟਕਾਰ ਲਗਾਈ ਸੀ। ਅਦਾਲਤ ਨੇ ਕਿਹਾ ਸੀ ਕਿ, "ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ 'ਤੇ ਸਮਾਜ ਦੇ ਕਿਸੇ ਵੀ ਵਰਗ ਨੂੰ ਅਪਮਾਨਿਤ ਨਹੀਂ ਕੀਤਾ ਜਾ ਸਕਦਾ।"
ਮਨੋਜ ਬਾਜਪਾਈ ਦੀ ਫਿਲਮ ਦੇ ਨਵੇਂ ਨਾਂ ਦੀ ਭਾਲ ਜਾਰੀ
ਨੀਰਜ ਪਾਂਡੇ ਨੇ ਆਪਣੇ ਹਲਫਨਾਮੇ ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਫਿਲਮ ਵਿੱਚ ਦਿੱਗਜ ਅਦਾਕਾਰ ਮਨੋਜ ਬਾਜਪਾਈ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਭਰੋਸਾ ਦਿੱਤਾ ਕਿ, ਫਿਲਮ ਦਾ ਨਵਾਂ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ। ਜੋ ਵੀ ਨਵਾਂ ਨਾਂ ਰੱਖਿਆ ਜਾਵੇਗਾ, ਉਹ ਪੁਰਾਣੇ ਵਿਵਾਦਤ ਨਾਂ ਨਾਲ ਮਿਲਦਾ-ਜੁਲਦਾ ਨਹੀਂ ਹੋਵੇਗਾ। ਨਵਾਂ ਸਿਰਲੇਖ ਫਿਲਮ ਦੀ ਕਹਾਣੀ ਨੂੰ ਸਹੀ ਢੰਗ ਨਾਲ ਪੇਸ਼ ਕਰੇਗਾ ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗਾ।
ਕੀ ਸੀ ਮਾਮਲਾ?
ਦੱਸਣਯੋਗ ਹੈ ਕਿ ਫਿਲਮ ਦੇ ਸਿਰਲੇਖ 'ਘੂਸਖੋਰ ਪੰਡਤ' ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਕਾਨੂੰਨੀ ਪੱਧਰ 'ਤੇ ਇਤਰਾਜ਼ ਉਠਾਏ ਗਏ ਸਨ। ਪਟੀਸ਼ਨਕਰਤਾਵਾਂ ਨੇ ਨੈੱਟਫਲਿਕਸ ਵਰਗੇ ਓ.ਟੀ.ਟੀ. ਪਲੇਟਫਾਰਮਾਂ 'ਤੇ ਇਸ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਹਨ।
"ਜੇ ਸਭ ਕੁਝ ਮੁਫ਼ਤ ਮਿਲੇਗਾ ਤਾਂ ਕੰਮ ਕੌਣ ਕਰੇਗਾ?" ਮੁਫ਼ਤਖੋਰੀ ਦੀ ਸਿਆਸਤ 'ਤੇ ਸੁਪਰੀਮ ਕੋਰਟ ਨੇ ਧਾਰਿਆ ਸਖ਼ਤ ਰੂਪ
NEXT STORY