ਹੁਣ ਸਭ ਦੀਆਂ ਨਜ਼ਰਾਂ ਝਾਰਖੰਡ ’ਚ ਰਾਜ ਸਭਾ ਦੀਆਂ 2 ਸੀਟਾਂ ਲਈ ਹੋਣ ਵਾਲੀਆਂ ਹਾਈ-ਪ੍ਰੋਫਾਈਲ ਚੋਣਾਂ ’ਤੇ ਟਿਕੀਆਂ ਹੋਈਆਂ ਹਨ, ਕਿਉਂਕਿ 9 ਹੋਰ ਸੂਬਿਆਂ ਚ ਦੋ-ਸਾਲਾ ਚੋਣਾਂ ਖਤਮ ਹੋ ਗਈਆਂ ਹਨ ਤੇ ਸਾਰੇ 22 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਕਾਗਜ਼ਾਂ ’ਤੇ ਸੱਤਾਧਾਰੀ ‘ਇੰਡੀਆ’ ਗੱਠਜੋੜ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। 81 ਮੈਂਬਰੀ ਵਿਧਾਨ ਸਭਾ ’ਚ ਉਸ ਦੇ 56 ਵਿਧਾਇਕ ਹਨ। ਇਹ ਦੋਵੇਂ ਸੀਟਾਂ ਜਿੱਤਣ ਲਈ ਲੋੜੀਂਦੀ ਗਿਣਤੀ ਤੋਂ ਕਾਫ਼ੀ ਵੱਧ ਹਨ। ਇਸ ਗੱਠਜੋੜ ’ਚ ਝਾਰਖੰਡ ਮੁਕਤੀ ਮੋਰਚਾ ਦੇ 34, ਕਾਂਗਰਸ ਦੇ 16, ਰਾਸ਼ਟਰੀ ਜਨਤਾ ਦਲ ਦੇ 4 ਅਤੇ ਸੀ. ਪੀ. ਆਈ. (ਐੱਮ.ਐੱਲ.) ਦੇ 2 ਸ਼ਾਮਲ ਹਨ।
ਫਿਰ ਵੀ ਭਾਜਪਾ ਨੇ ਲੋੜੀਂਦੀ ਗਿਣਤੀ ਤੋਂ ਬਹੁਤ ਪਿੱਛੇ ਹੋਣ ਦੇ ਬਾਵਜੂਦ ਆਜ਼ਾਦ ਉਮੀਦਵਾਰ ਪਰਿਮਲ ਨਾਥਵਾਨੀ ਦੀ ਹਮਾਇਤ ਕਰ ਕੇ ਚੋਣ ਨੂੰ ਸਿਆਸੀ ਵੱਕਾਰ ਦੀ ਲੜਾਈ ’ਚ ਬਦਲ ਦਿੱਤਾ ਹੈ।
ਰਾਜਗ ਕੋਲ 24 ਵਿਧਾਇਕ ਹਨ। ਜੇ. ਐੱਲ. ਕੇ. ਐੱਮ. ਦੇ ਇਕ ਹੀ ਵਿਧਾਇਕ ਜੈਰਾਮ ਮਹਤੋ ਵੀ ਭਾਜਪਾ ਨੂੰ ਵੋਟ ਦੇ ਸਕਦੇ ਹਨ ਪਰ ਉਨ੍ਹਾਂ ਅਜੇ ਤੱਕ ਕੋਈ ਵਾਅਦਾ ਨਹੀਂ ਕੀਤਾ। ਫਿਰ ਵੀ ਇਹ ਸੀਟ ਜਿੱਤਣ ਲਈ ਘੱਟੋ-ਘੱਟ ਤਿੰਨ ਵੋਟਾਂ ਘੱਟ ਹਨ।
ਇਸ ਹਿਸਾਬ-ਕਿਤਾਬ ਨੇ ਇਸ ਮੁਕਾਬਲੇ ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਲਈ ਸਿਆਸੀ ਪ੍ਰਬੰਧਨ ਪ੍ਰੀਖਿਆ ਬਣਾ ਦਿੱਤਾ ਹੈ। ਭਾਜਪਾ ਭਾਵੇਂ ਸਿੱਧੇ ਤੌਰ ’ਤੇ ਚੋਣ ਮੈਦਾਨ ’ਚ ਨਹੀਂ ਹੈ ਪਰ ਨਾਥਵਾਨੀ ਦੀ ਹਮਾਇਤ ਨੇ ਮਾਮਲੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।
ਨਾਥਵਾਨੀ ਪਹਿਲਾਂ ਹੀ ਝਾਰਖੰਡ ਤੋਂ 2 ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਇਸ ਸਮੇਂ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਗਿਣਤੀ ਉਨ੍ਹਾਂ ਦੇ ਵਿਰੁੱਧ ਵੀ ਜਾਂਦੀ ਨਜ਼ਰ ਆਉਂਦੀ ਹੈ ਤਾਂ ਉਹ ਉਦੋਂ ਵੀ ਜਿੱਤਣ ਲਈ ਜਾਣੇ ਜਾਂਦੇ ਹਨ।
ਉਨ੍ਹਾਂ ਦੀ ਉਮੀਦਵਾਰੀ ਨੇ ਝਾਰਖੰਡ ’ਚ 2016 ਦੀਆਂ ਰਾਜ ਸਭਾ ਚੋਣਾਂ ਦੀ ਉਸ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ ਜਦੋਂ ਕ੍ਰਾਸ-ਵੋਟਿੰਗ ਤੇ ਸਿਆਸੀ ਪੈਂਤੜੇਬਾਜ਼ੀ ਨੇ ਨਤੀਜੇ ਨੂੰ ਕਾਫ਼ੀ ਬਦਲ ਦਿੱਤਾ ਸੀ।
ਇੰਡੀਆ ਗੱਠਜੋੜ ਨੇ ਝਾਰਖੰਡ ਮੁਕਤੀ ਮੋਰਚਾ ਦੇ ਇਕ ਪ੍ਰਮੁੱਖ ਦਲਿਤ ਨੇਤਾ ਬੈਜਨਾਥ ਰਾਮ ਤੇ ਕਾਂਗਰਸ ਦੇ ਉਮੀਦਵਾਰ ਪ੍ਰਣਵ ਝਾਅ ਨੂੰ ਮੈਦਾਨ ’ਚ ਉਤਾਰਿਆ ਹੈ।
ਸੋਰੇਨ ਲਈ ਕਲੀਨ ਸਵੀਪ ਇਕ ਖੇਤਰੀ ਨੇਤਾ ਵਜੋਂ ਉਨ੍ਹਾਂ ਦੇ ਅਕਸ ਨੂੰ ਹੋਰ ਮਜ਼ਬੂਤ ਕਰੇਗਾ ਜੋ ਭਾਜਪਾ ਨੂੰ ਦੂਰ ਰੱਖ ਸਕਦਾ ਹੈ। ਹਾਲਾਂਕਿ, ਕੋਈ ਵੀ ਹੇਰ-ਫੇਰ ਭਾਜਪਾ ਦੇ ਸਾਹਮਣੇ ਸੱਤਾਧਾਰੀ ਗੱਠਜੋੜ ਦੀ ਏਕਤਾ ਨੂੰ ਲੈ ਕੇ ਭਾਜਪਾ ਲਈ ਅਸਹਿਜ ਸਵਾਲ ਖੜ੍ਹੇ ਕਰੇਗਾ।
ਦਿੱਲੀ ਦਾ ਇਕ ਹੋਰ ਰੈਸਟੋਰੈਂਟ ਬਣਿਆ ਅੱਗ ਦਾ ਗੋਲ਼ਾ ! ਫਟ ਗਏ 3 ਸਿਲੰਡਰ, ਇਲਾਕੇ 'ਚ ਮਚੀ ਹਾਹਾਕਾਰ
NEXT STORY