ਨੈਸ਼ਨਲ ਡੈਸਕ- ਰਾਜਸਥਾਨ ਦੇ ਜੋਧਪੁਰ ਵਿਚ ਪੁਲਸ ਨੇ ਇਕ ਅਜਿਹੇ ਸ਼ਾਤਿਰ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪੁਲਸ ਨੂੰ ਮੂਰਖ ਬਣਾਉਣਾ ਲਈ ਔਰਤ ਦਾ ਰੂਪ ਧਾਰਨ ਕਰ ਲਿਆ। ਦੋਸ਼ੀ ਦਇਆਸ਼ੰਕਰ ਉਰਫ਼ ਬਿੱਟੂ ਚਾਰ ਮਹੀਨੇ ਤੋਂ ਫ਼ਰਾਰ ਚੱਲ ਰਿਹਾ ਸੀ। ਪੁਲਸ ਨੂੰ ਝਾਂਸਾ ਦੇਣ ਲਈ ਉਸ ਨੇ ਸਾੜੀ, ਬਲਾਊਜ਼, ਪੇਟੀਕੋਟ ਅਤੇ ਮੰਗਲਸੂਤਰ ਪਹਿਨ ਕੇ ਖੁਦ ਨੂੰ ਔਰਤ ਦੱਸਣਾ ਸ਼ੁਰੂ ਕਰ ਦਿੱਤਾ। ਪੁਲਸ ਜਦੋਂ ਵੀ ਉਸ ਦੇ ਘਰ ਪਹੁੰਚਦੀ, ਉਹ ਘੁੰਡ ਕੱਢ ਕੇ ਦਰਵਾਜ਼ੇ 'ਤੇ ਆਉਂਦਾ ਅਤੇ ਔਰਤ ਬਣ ਕੇ ਕਹਿੰਦਾ ਕਿ ਬਿੱਟੂ ਘਰ ਨਹੀਂ ਹੈ। ਉਸ ਦੀ ਇਹ ਚਾਲ ਲੰਬੇ ਸਮੇਂ ਤੱਕ ਕੰਮ ਆਈ ਪਰ ਆਖ਼ਰਕਾਰ ਪੁਲਸ ਨੇ ਸੱਚਾਈ ਦਾ ਪਤਾ ਲਾ ਹੀ ਲਿਆ।
ਘਰ ਦੀ ਖਿੜਕੀ ਤੋਂ ਦਿੱਸੀ ਸੱਚਾਈ
ਸਦਰ ਥਾਣਾ ਪੁਲਸ ਇਸ ਹਿਸਟਰੀਸ਼ੀਟਰ ਨੂੰ ਕਾਫ਼ੀ ਸਮੇਂ ਤੋਂ ਲੱਭ ਰਹੀ ਸੀ। ਕਈ ਵਾਰ ਘਰ ਆਉਣ ਤੋਂ ਬਾਅਦ ਵੀ ਪੁਲਸ ਨੂੰ ਕੋਈ ਖਾਸ ਸੁਰਾਗ ਨਹੀਂ ਮਿਲਿਆ ਪਰ ਇਸ ਵਾਰ ਜਦੋਂ ਪੁਲਸ ਟੀਮ ਨੇ ਉਸ ਦੇ ਘਰ ਦੀ ਰੇਕੀ ਕੀਤੀ ਤਾਂ ਖਿੜਕੀ 'ਚੋਂ ਸ਼ਰਾਬ ਦੀ ਬੋਤਲ ਅਤੇ ਸਿਗਰਟ ਅੰਦਰ ਪਈ ਦਿਖਾਈ ਦਿੱਤੀ। ਸ਼ੱਕ ਹੋਰ ਡੂੰਘਾ ਹੋ ਗਿਆ ਅਤੇ ਪੁਲਸ ਨੇ ਪੂਰਾ ਜਾਲ ਵਿਛਾ ਦਿੱਤਾ।
ਘੁੰਡ 'ਚ ਲੁਕੀ ਸੀ ਸਾਜ਼ਿਸ਼
ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੂੰ ਯਕੀਨ ਹੋ ਗਿਆ ਕਿ ਦੋਸ਼ੀ ਕਿਤੇ ਹੋਰ ਨਹੀਂ ਸਗੋਂ ਆਪਣੇ ਘਰ ਵਿਚ ਹੈ। ਫਿਰ ਕੀ ਇਕ ਖਾਸ ਯੋਜਨਾ ਬਣਾਉਣ ਤੋਂ ਬਾਅਦ ਟੀਮ ਨੇ ਛਾਪਾ ਮਾਰਿਆ ਅਤੇ ਬਿੱਟੂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ, ਜੋ ਇਕ ਔਰਤ ਦੇ ਭੇਸ ਵਿਚ ਲੁਕਿਆ ਹੋਇਆ ਸੀ। ਗ੍ਰਿਫ਼ਤਾਰੀ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ, ਜਿਸ ਵਿਚ ਬਿੱਟੂ ਸਾੜੀ ਅਤੇ ਬਲਾਊਜ਼ ਪਹਿਨਿਆ ਹੋਇਆ ਦਿਖਾਈ ਦੇ ਰਿਹਾ ਹੈ। ਉਸ ਦੀ ਚਾਲ ਦੇਖ ਕੇ ਹਰ ਕੋਈ ਹੈਰਾਨ ਹੈ।
ਕਿਉਂ ਭੱਜ ਰਿਹਾ ਸੀ ਬਿੱਟੂ?
ਇਸ ਸਾਲ ਫਰਵਰੀ ਵਿਚ ਬਿੱਟੂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪ੍ਰਿੰਸ ਚਾਵਲਾ ਨਾਮ ਦੇ ਇਕ ਨੌਜਵਾਨ 'ਤੇ ਹਮਲਾ ਕੀਤਾ। ਪਹਿਲਾਂ ਉਸ ਨੂੰ ਗੱਲਬਾਤ ਦੇ ਬਹਾਨੇ ਬੁਲਾਇਆ ਗਿਆ ਅਤੇ ਫਿਰ ਬੁਰੀ ਤਰ੍ਹਾਂ ਕੁੱਟਿਆ ਗਿਆ। ਪ੍ਰਿੰਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਨੇ ਬਿੱਟੂ ਵਿਰੁੱਧ ਕੇਸ ਦਰਜ ਕੀਤਾ ਪਰ ਉਹ ਉਦੋਂ ਤੋਂ ਫਰਾਰ ਹੋ ਗਿਆ। ਉਹ ਕਾਫ਼ੀ ਦੇਰ ਤੱਕ ਪੁਲਸ ਨੂੰ ਧੋਖਾ ਦਿੰਦਾ ਰਿਹਾ ਪਰ ਸਾੜੀ ਅਤੇ ਘੁੰਡ ਵੀ ਉਸ ਨੂੰ ਜ਼ਿਆਦਾ ਦੇਰ ਤੱਕ ਨਹੀਂ ਬਚਾ ਸਕਿਆ।
ਵਾਇਰਲ ਹੋਇਆ ਗ੍ਰਿਫ਼ਤਾਰੀ ਦਾ ਵੀਡੀਓ
ਪੁਲਸ ਵੱਲੋਂ ਔਰਤ ਦੇ ਭੇਸ ਵਿਚ ਫੜੇ ਗਏ ਬਿੱਟੂ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਉਸ ਦੀ ਚਲਾਕੀ ਅਤੇ ਪੁਲਸ ਦੀ ਸਿਆਣਪ ਦੀ ਚਰਚਾ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਬਿੱਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਹੋਰ ਸਾਥੀਆਂ ਨੂੰ ਫੜਨਾ ਆਸਾਨ ਹੋ ਜਾਵੇਗਾ।
ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 10 ਗ੍ਰਾਮ Gold ਦੀ ਕੀਮਤ
NEXT STORY