ਚੇਨਈ (ਏਜੰਸੀ)- ਇੰਸਟਾਗ੍ਰਾਮ 'ਤੇ ਨਿਵੇਸ਼ ਅਤੇ ਬੱਚਤ ਨਾਲ ਜੁੜੇ ਵੀਡੀਓ ਪੋਸਟ ਕਰਨ ਵਾਲੇ 27 ਸਾਲਾ ਇਨਫਲੂਐਂਸਰ ਵੀ. ਹਰੀਸ਼ ਨੇ ਸਾਈਬਰ ਬੁਲਿੰਗ ਅਤੇ ਜਬਰੀ ਵਸੂਲੀ ਦੀਆਂ ਧਮਕੀਆਂ ਕਾਰਨ ਆਪਣੀ ਜਾਨ ਦੇ ਦਿੱਤੀ। ਪੁਲਸ ਸੂਤਰਾਂ ਅਨੁਸਾਰ, ਇਸ ਮਾਮਲੇ ਦੇ ਸਬੰਧ 'ਚ ਵੀਰਵਾਰ ਨੂੰ ਇਕ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵੀ. ਹਰੀਸ਼ ਇੰਸਟਾਗ੍ਰਾਮ 'ਤੇ 'ਫਾਇਨੈਂਸ ਵਿਦ ਹਰੀਸ਼' ਨਾਮਕ ਇਕ ਪੇਜ ਚਲਾਉਂਦਾ ਸੀ, ਜਿੱਥੇ ਉਹ ਸਟਾਕ ਮਾਰਕੀਟ ਅਤੇ ਮਿਊਚੁਅਲ ਫੰਡਾਂ ਨਾਲ ਸਬੰਧਤ ਵਿੱਤੀ ਸਲਾਹ ਦਿੰਦਾ ਸੀ। ਉਸ ਦੇ 13 ਲੱਖ ਤੋਂ ਵੱਧ ਫਾਲੋਅਰ ਸਨ। ਕੁਝ ਹਫ਼ਤੇ ਪਹਿਲਾਂ ਮੈਟਾ ਇੰਕ ਨੇ ਉਸ ਦੇ ਅਕਾਊਂਟ ਨੂੰ ਹਟਾ ਦਿੱਤਾ ਸੀ।
ਉਸ 'ਤੇ ਦੋਸ਼ ਸੀ ਕਿ ਉਹ ਬਿਨਾਂ ਜ਼ਰੂਰੀ 'ਸੇਬੀ ਰਜਿਸਟਰਡ ਨਿਵੇਸ਼ ਸਲਾਹਕਾਰ' (ਆਰ.ਆਈ.ਏ.) ਲਾਇਸੈਂਸ ''ਗੈਰ-ਕਾਨੂੰਨੀ, ਗੈਰ-ਰਜਿਸਟਰਡ ਅਤੇ ਗੁੰਮਰਾਹਕੁੰਨ" ਵਿੱਤੀ ਸਲਾਹ ਦੇ ਰਿਹਾ ਸੀ। ਪੁਡੂਚੇਰੀ ਦਾ ਰਹਿਣ ਵਾਲਾ ਹਰੀਸ਼ 20 ਅਕਤੂਬਰ ਦੀ ਰਾਤ ਨੂੰ ਮੁੱਟੂਕਾਡੂ (ਈ.ਸੀ.ਆਰ. 'ਤੇ ਸਥਿਤ) 'ਚ ਆਪਣੇ ਕਿਰਾਏ ਦੇ ਘਰ 'ਚ ਮ੍ਰਿਤਕ ਪਾਇਆ ਗਿਆ ਸੀ। ਉਸ ਦੇ ਮਾਪਿਆਂ ਦਾ ਦੋਸ਼ ਹੈ ਕਿ ਉਸ ਨੇ ਇਕ ਹੋਰ ਇਨਫਲੂਐਂਸਰ ਵਲੋਂ ਸਾਈਬਰ ਬੁਲਿੰਗ, ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ, ਧਮਕੀਆਂ ਅਤੇ ਅਪਮਾਨਜਨਕ ਪੋਸਟਾਂ ਕਾਰਨ ਇਹ ਸਖ਼ਤ ਕਦਮ ਚੁੱਕਿਆ। ਉਸ ਦੇ ਪਿਤਾ, ਜੇ. ਵਿਨਾਯਗਮ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਜੇਸਨ ਸੈਮੂਅਲ ਨਾਮ ਦੇ ਇਕ ਵਿਅਕਤੀ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ 18 ਅਕਤੂਬਰ ਨੂੰ ਆਨਲਾਈਨ ਵੀਡੀਓ ਅਤੇ ਪੋਸਟ ਰਾਹੀਂ ਉਸ ਦੇ ਬੇਟੇ ਨੂੰ ਪਰੇਸ਼ਾਨ ਕੀਤਾ।
ਜੇਸਨ ਨੇ ਹਰੀਸ਼ 'ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਹਰੀਸ਼ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਉਸ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰਵਾ ਦੇਵੇਗਾ ਅਤੇ ਉਸ ਨੂੰ ਨਵੇਂ ਅਕਾਊਂਟ ਖੋਲ੍ਹਣ ਤੋਂ ਵੀ ਰੋਕੇਗਾ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸਾਈਬਰ ਕ੍ਰਾਈਮ ਪੁਲਸ ਨੇ ਯੂਟਿਊਬਰ ਜੇਸਨ ਸੈਮੂਅਲ ਨੂੰ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ। ਜੇਸਨ ਨੇ ਕਥਿਤ ਤੌਰ 'ਤੇ ਹਰੀਸ਼ ਬਾਰੇ ਅਪਮਾਨਜਨਕ ਵੀਡੀਓ ਪੋਸਟ ਕੀਤੇ ਅਤੇ ਉਸ ਨੂੰ ਆਨਲਾਈਨ ਧਮਕੀਆਂ ਦਿੱਤੀਆਂ ਸਨ, ਜਿਸ ਕਾਰਨ ਉਹ ਮਾਨਸਿਕ ਰੂਪ ਨਾਲ ਕਾਫ਼ੀ ਪਰੇਸ਼ਾਨ ਹੋ ਗਿਆ ਸੀ। ਇਸ ਤੋਂ ਪਹਿਲਾਂ ਜੇਸਨ ਨੇ ਹਰੀਸ਼ ਨਾਲ ਸਾਈਬਰ ਬੁਲਿੰਗ ਤੋਂ ਇਨਕਾਰ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਉਸ ਨੇ ਸਿਰਫ਼ ਹਰੀਸ਼ ਦੀ ਯੋਗਤਾ ਅਤੇ ਵਿੱਤੀ ਸਲਾਹ ਦੇਣ ਦੇ ਅਧਿਕਾਰ 'ਤੇ ਸਵਾਲ ਚੁੱਕੇ ਸਨ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
AP ਨਗਰ ਨਿਗਮ ਚੋਣਾਂ ; SC ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਨ ’ਤੇ 26 ਅਕਤੂਬਰ ਤੱਕ ਲਗਾਈ ਰੋਕ
NEXT STORY