ਸ਼ਿਮਲਾ (ਭਾਸ਼ਾ): ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਚੱਲ ਰਹੀ ਮਣੀਮਹੇਸ਼ ਯਾਤਰਾ ਦੌਰਾਨ ਪਿਛਲੇ ਦੋ ਦਿਨਾਂ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮ੍ਰਿਤਕਾਂ ਵਿਚ ਇਕ ਪੰਜਾਬੀ ਵੀ ਸ਼ਾਮਲ ਸੀ, ਜਦਕਿ ਦੂਜਾ ਸ਼ਰਧਾਲੂ ਹਰਿਆਣਾ ਦਾ ਰਹਿਣ ਵਾਲਾ ਸੀ।
ਮ੍ਰਿਤਕਾਂ ਦੀ ਪਛਾਣ ਸੁੱਚਾ ਸਿੰਘ (51) ਵਾਸੀ ਪਠਾਨਕੋਟ ਅਤੇ ਮਨਮੋਹਨ ਲਾਲ (55) ਵਾਸੀ ਅੰਬਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਸੁੱਚਾ ਸਿੰਘ ਗੌਰੀਕੁੰਡ ਵਿਚ ਲੰਗਰ ਸੇਵਾ ਕਰ ਰਿਹਾ ਸੀ, ਇਸ ਦੌਰਾਨ ਉਸ ਦੀ ਤਬੀਅਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ, ਮਨਮੋਹਨ ਲਾਲ ਦੀ ਮੰਗਲਵਾਰ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਮਗਰੋਂ ਮੌਤ ਹੋ ਗਈ ਸੀ। ਉਹ ਸੋਮਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਭਰਮੌਰ ਤੋਂ ਹੈਲੀਕਾਪਟਰ ਰਾਹੀਂ ਗੋਰੀਕੁੰਡ ਪਹੁੰਚੇ ਸਨ ਤੇ ਉੱਥੋਂ ਡਲ ਝੀਲ ਵੱਲ ਪੈਦਲ ਰਵਾਨਾ ਹੋਏ ਸਨ। ਝੀਲ ਨੇੜੇ ਇਕ ਤੰਬੂ ਵਿਚ ਠਹਿਰਣ ਦੌਰਾਨ ਉਨ੍ਹਾਂ ਨੇ ਸਾਹ ਲੈਣ ਵਿਚ ਦਿੱਕਤ ਦੀ ਸ਼ਿਕਾਇਤ ਕੀਤੀ ਤੇ ਜਦੋਂ ਤਕ ਡਾਕਟਰੀ ਸਹਾਇਤਾ ਪਹੁੰਚੀ, ਉਨ੍ਹਾਂ ਦੀ ਮੌਤ ਹੋ ਗਈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਹਿਲਾਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਦੋ ਦਿਨਾਂ ਵਿਚ ਦੋ ਮੌਤਾਂ ਤੋਂ ਬਾਅਦ, ਚੰਬਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਔਖੇ ਸਫ਼ਰ 'ਤੇ ਜਾਣ ਤੋਂ ਪਹਿਲਾਂ ਆਪਣੀ ਸਿਹਤ ਦੀ ਜਾਂਚ ਕਰਵਾਉਣ।
ਕਠੂਆ ’ਚ ਮਾਲਗੱਡੀ ਦਾ ਡੱਬਾ ਲੀਹੋਂ ਲੱਥਾ, ਕਈ ਘੰਟੇ ਰੇਲ ਆਵਾਜਾਈ ਪ੍ਰਭਾਵਿਤ
NEXT STORY