ਜੰਮੂ : ਸ਼੍ਰੀ ਅਮਰਨਾਥ ਜੀ ਯਾਤਰਾ ਮਾਰਗ 'ਤੇ ਖਰਾਬ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਸਾਵਧਾਨੀ ਵਜੋਂ 19 ਜੁਲਾਈ 2026 ਨੂੰ ਜੰਮੂ ਤੋਂ ਯਾਤਰੀਆਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਤਹਿਤ ਜੰਮੂ ਦੇ ਭਗਵਤੀ ਨਗਰ ਤੋਂ ਬਾਲਟਾਲ ਅਤੇ ਨੁਨਵਾਨ (ਪਹਿਲਗਾਮ) ਬੇਸ ਕੈਂਪਾਂ ਵੱਲ ਕਿਸੇ ਵੀ ਕਾਫਲੇ ਜਾਂ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪ੍ਰਸ਼ਾਸਨ ਅਨੁਸਾਰ, ਇਹ ਫੈਸਲਾ ਯਾਤਰਾ ਮਾਰਗ 'ਤੇ ਮੌਸਮ ਦੀਆਂ ਪ੍ਰਤੀਕੂਲ ਸਥਿਤੀਆਂ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਪੁਸ਼ਟੀ ਕੀਤੀ ਕਿ ਮੌਸਮ ਵਿਭਾਗ ਦੀ ਐਡਵਾਈਜ਼ਰੀ ਕਾਰਨ 19 ਜੁਲਾਈ ਨੂੰ ਜੰਮੂ ਤੋਂ ਕਸ਼ਮੀਰ ਵੱਲ ਕੋਈ ਵੀ ਨਵਾਂ ਜਥਾ ਰਵਾਨਾ ਨਹੀਂ ਹੋਵੇਗਾ।
ਡਿਵੀਜ਼ਨਲ ਕਮਿਸ਼ਨਰ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ, ਊਧਮਪੁਰ ਅਤੇ ਰਾਮਬਨ ਵਿੱਚ ਆਪਣੇ ਨਿਰਧਾਰਤ ਰਿਹਾਇਸ਼ੀ ਕੇਂਦਰਾਂ 'ਤੇ ਹੀ ਰੁਕਣ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਅਧਿਕਾਰੀਆਂ ਵੱਲੋਂ ਅਗਲੀਆਂ ਹਦਾਇਤਾਂ ਮਿਲਣ ਤੱਕ ਇਨ੍ਹਾਂ ਕੇਂਦਰਾਂ 'ਤੇ ਇੰਤਜ਼ਾਰ ਕਰਨਾ ਚਾਹੀਦਾ ਹੈ। ਅਧਿਕਾਰੀਆਂ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ।
ਲੱਦਾਖ ਸਰਕਾਰ ਦਾ ਵੱਡਾ ਫੈਸਲਾ: ਕੈਮੀਕਲ ਖਾਦ ਦੀ ਵਰਤੋਂ ਅਤੇ ਵਿਕਰੀ ’ਤੇ ਮੁਕੰਮਲ ਪਾਬੰਦੀ
NEXT STORY