ਨਵੀਂ ਦਿੱਲੀ, (ਏਜੰਸੀ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸੋਮਵਾਰ ਦੇਸ਼ ਦੇ 10 ਸੂਬਿਆਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਛੱਤੀਸਗੜ੍ਹ, ਉਤਰਾਖੰਡ, ਗੁਜਰਾਤ, ਦਿੱਲੀ ਤੇ ਕੇਰਲ ’ਚ ਪ੍ਰਦਰਸ਼ਨ ਕੀਤੇ। ਉੱਤਰ ਪ੍ਰਦੇਸ਼ ਦੇ ਆਗਰਾ ’ਚ ਮੁੱਖ ਚੋਣ ਕਮਿਸ਼ਨਰ ਦੇ ਘਰ ’ਤੇ ਕਾਲਖ ਮਲੀ ਗਈ। ਕਾਂਗਰਸੀ ਵਰਕਰਾਂ ਨੇ ਉੱਥੇ ਲਿਖਿਆ ‘ਗਿਆਨੇਸ਼ ਕੁਮਾਰ ਗੱਦਾਰ, ਵੋਟ ਚੋਰ।’
ਰਾਜਸਥਾਨ ਦੇ ਜੈਪੁਰ ’ਚ ਸ਼ਹੀਦੀ ਸਮਾਰਕ ਵਿਖੇ ਰੈਲੀ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਪੈਦਲ ਮਾਰਚ ਕੀਤਾ। ਪੁਲਸ ਨੇ ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਬੈਰੀਕੇਡ ਲਾਏ। ਪੁਲਸ ਨੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਸਮੇਤ ਪਾਰਟੀ ਕਾਰਕੁੰਨਾਂ ’ਤੇ ਪਾਣੀ ਦੀਆਂ ਵਾਛੜਾਂ ਸੁੱਟੀਆਂ। ਮੱਧ ਪ੍ਰਦੇਸ਼ ’ਚ ਸੂਬਾਈ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਦੀ ਅਗਵਾਈ ਹੇਠ ਵਰਕਰ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ। ਉੱਥੇ ਪੁਲਸ ਤੇ ਕਾਂਗਰਸੀ ਵਰਕਰਾਂ ’ਚ ਝੜਪ ਹੋਈ।
ਹਰਿਆਣਾ ਦੇ ਪਾਨੀਪਤ ’ਚ ਸਾਬਕਾ ਸੰਸਦ ਮੈਂਬਰ ਧਰਮਪਾਲ ਮਲਿਕ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਰਨਾਲ ’ਚ ਕਾਂਗਰਸੀ ਵਰਕਰਾਂ ਨੇ ਮਹਾਤਮਾ ਗਾਂਧੀ ਚੌਕ ਵਿਖੇ ਭਾਰੀ ਮੀਂਹ ਦੌਰਾਨ ਨਾਅਰੇਬਾਜ਼ੀ ਕੀਤੀ। ਭਿਵਾਨੀ ’ਚ ਗਿਆਨੇਸ਼ ਕੁਮਾਰ ਦਾ ਮੁਖੋਟਾ ਪਾਈ ਇਕ ਵਿਅਕਤੀ ਦੀ ਜ਼ੰਜੀਰਾਂ ਨਾਲ ਬੰਨ੍ਹ ਕੇ ਪਰੇਡ ਕਰਵਾਈ ਗਈ।
ਭਲਕੇ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ, ਚੋਣ ਕਮਿਸ਼ਨ ਨਾਲ ਜੁੜੇ ਮੁੱਦੇ ’ਤੇ ਹੋਵੇਗੀ ਚਰਚਾ
NEXT STORY