ਪੁਣੇ- ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ 'ਗੇਟਸ ਮੈਡੀਕਲ ਰਿਸਰਚ ਇੰਸਟੀਚਿਊਟ' (Gates MRI) ਦੇ ਨਾਲ ਹੋਏ ਇਕ ਸਮਝੌਤੇ ਤਹਿਤ ਟੀਬੀ ਦੀ ਇਕ ਪ੍ਰਯੋਗਾਤਮਕ ਵੈਕਸੀਨ ਤਿਆਰ ਕਰੇਗਾ। ਜੇਕਰ ਇਸ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਪਿਛਲੇ 100 ਤੋਂ ਵੱਧ ਸਾਲਾਂ 'ਚ ਟੀਬੀ ਦੇ ਇਲਾਜ ਲਈ ਪਹਿਲਾ ਨਵਾਂ ਟੀਕਾ ਹੋਵੇਗਾ।
ਸੀਰਮ ਇੰਸਟੀਚਿਊਟ ਨੇ ਇਸ ਵੈਕਸੀਨ ਦੇ ਉਤਪਾਦਨ ਦੀ ਸਮਰੱਥਾ ਵਧਾਉਣ ਅਤੇ ਭਵਿੱਖ 'ਚ ਸਪਲਾਈ ਨੂੰ ਯਕੀਨੀ ਬਣਾਉਣ ਲਈ 100 ਮਿਲੀਅਨ ਡਾਲਰ (ਲਗਭਗ 830 ਕਰੋੜ ਰੁਪਏ) ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਸਮਝੌਤੇ ਦੇ ਤਹਿਤ, ਗੇਟਸ ਫਾਊਂਡੇਸ਼ਨ ਦੁਆਰਾ ਸਥਾਪਿਤ ਗੇਟਸ MRI ਵੈਕਸੀਨ ਬਣਾਉਣ ਲਈ ਲੋੜੀਂਦੀ ਤਕਨੀਕ ਅਤੇ ਜਾਣਕਾਰੀ ਸੀਰਮ ਇੰਸਟੀਚਿਊਟ ਨੂੰ ਟਰਾਂਸਫਰ ਕਰੇਗਾ।
ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਅਨੁਸਾਰ, ਟੀਬੀ ਦੁਨੀਆ ਭਰ 'ਚ ਮੌਤਾਂ ਦਾ ਇਕ ਮੁੱਖ ਕਾਰਨ ਹੈ। ਸਾਲ 2024 'ਚ ਲਗਭਗ 1.1 ਕਰੋੜ ਲੋਕ ਟੀਬੀ ਦਾ ਸ਼ਿਕਾਰ ਹੋਏ ਅਤੇ 12.3 ਲੱਖ ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ। ਭਾਰਤ, ਇੰਡੋਨੇਸ਼ੀਆ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ 'ਚ ਇਸ ਬੀਮਾਰੀ ਦਾ ਬੋਝ ਸਭ ਤੋਂ ਵੱਧ ਹੈ।
ਮਾਹਿਰਾਂ ਅਨੁਸਾਰ, ਇਹ ਨਵੀਂ ਵੈਕਸੀਨ (M72/AS01E) ਆਉਣ ਵਾਲੇ 25 ਸਾਲਾਂ 'ਚ 7.6 ਕਰੋੜ ਨਵੇਂ ਟੀਬੀ ਦੇ ਮਾਮਲਿਆਂ ਨੂੰ ਰੋਕ ਸਕਦੀ ਹੈ ਅਤੇ ਲਗਭਗ 85 ਲੱਖ ਲੋਕਾਂ ਦੀ ਜਾਨ ਬਚਾ ਸਕਦੀ ਹੈ। ਇਸ ਤੋਂ ਇਲਾਵਾ, ਇਹ ਟੀਬੀ ਪ੍ਰਭਾਵਿਤ ਪਰਿਵਾਰਾਂ ਦੇ 41.5 ਬਿਲੀਅਨ ਡਾਲਰ ਖਰਚ ਹੋਣ ਤੋਂ ਵੀ ਬਚਾਏਗੀ।
ਇਹ ਵੈਕਸੀਨ ਪਿਛਲੇ ਦੋ ਦਹਾਕਿਆਂ ਤੋਂ ਵਿਕਾਸ ਅਧੀਨ ਹੈ ਅਤੇ ਇਸ ਵੇਲੇ ਅੰਤਿਮ ਪੜਾਅ ਦੇ ਕਲੀਨਿਕਲ ਟਰਾਇਲ 'ਚ ਹੈ। ਇਸ ਦੇ ਉਤਪਾਦਨ 'ਚ GSK ਕੰਪਨੀ 'ਐਡਜੂਵੈਂਟ' ਦੀ ਸਪਲਾਈ ਕਰੇਗੀ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ। ਮੌਜੂਦਾ ਸਮੇਂ 'ਚ 'ਬੈਸੀਲ ਕੈਲਮੇਟ-ਗੁਏਰਿਨ' (BCG) ਹੀ ਇਕਲੌਤਾ ਟੀਕਾ ਹੈ ਜੋ ਟੀਬੀ ਦੇ ਵਿਰੁੱਧ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਦਿੱਤੀ ‘ਮਹਾਪ੍ਰਭੂ ਜਗਨਨਾਥ’ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ
NEXT STORY