ਨਵੀਂ ਦਿੱਲੀ: ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨ ਬਾਰੇ ਪੇਸ਼ ਕੀਤੇ ਗਏ ਬਿੱਲ ਦਾ ਪੂਰਨ ਸਮਰਥਨ ਕਰਦਿਆਂ ਇਸ ਨੂੰ ਸਿਰਫ਼ ਇਕ ਨਾਂ ਬਦਲਣ ਦੀ ਪ੍ਰਕਿਰਿਆ ਨਹੀਂ, ਸਗੋਂ ਭਾਰਤੀ ਵਿਰਾਸਤ ਅਤੇ ਸੱਭਿਆਚਾਰਕ ਪਛਾਣ ਦੀ ਪੁਨਰ-ਸਥਾਪਨਾ ਕਰਾਰ ਦਿੱਤਾ ਹੈ। ਉਨ੍ਹਾਂ ਸਦਨ ਦੇ ਸਾਰੇ ਮੈਂਬਰਾਂ ਨੂੰ ਇਸ ਇਤਿਹਾਸਕ ਫ਼ੈਸਲੇ ਦਾ ਸਰਵਸੰਮਤੀ ਨਾਲ ਸਮਰਥਨ ਕਰਨ ਦੀ ਅਪੀਲ ਕੀਤੀ।
ਆਪਣੇ ਸੰਬੋਧਨ ਦੌਰਾਨ ਚੁੱਘ ਨੇ ਕਿਹਾ ਕਿ ਕੇਰਲਮ ਉਹ ਪਵਿੱਤਰ ਧਰਤੀ ਹੈ ਜਿਸ ਨੇ ਆਦਿ ਸ਼ੰਕਰਾਚਾਰੀਆ ਵਰਗੇ ਮਹਾਨ ਰਿਸ਼ੀ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਅਦਵੈਤ ਵੇਦਾਂਤ ਰਾਹੀਂ ਭਾਰਤ ਨੂੰ ਇੱਕ ਧਾਗੇ ਵਿਚ ਪਰੋਇਆ। ਉਨ੍ਹਾਂ ਕਿਹਾ ਕਿ ‘ਕੇਰਲ’ ਨਾਂ ਅੰਗਰੇਜ਼ਾਂ ਵੱਲੋਂ ਥੋਪਿਆ ਗਿਆ ਸੀ, ਜਦੋਂ ਕਿ ‘ਕੇਰਲਮ’ ਨਾਂ ਵਿਚ ਭਾਰਤ ਦੀ ਮਿੱਟੀ ਅਤੇ ਸੱਭਿਆਚਾਰ ਦੀ ਖ਼ੁਸ਼ਬੂ ਆਉਂਦੀ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕੇਰਲ ਦਾ ‘ਸਕੂਲ ਆਫ਼ ਮੈਥਸ’ ਨਿਊਟਨ ਤੋਂ ਹਜ਼ਾਰਾਂ ਸਾਲ ਪਹਿਲਾਂ ਗਣਿਤ ਦੇ ਸਿਧਾਂਤ ਵਿਕਸਿਤ ਕਰ ਚੁੱਕਾ ਸੀ।
ਚੁੱਘ ਨੇ ਕੇਰਲ ਦੇ ਵਿਕਾਸ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਯੂ.ਪੀ.ਏ. ਸਰਕਾਰ (2004-14) ਦੌਰਾਨ ਕੇਰਲ ਨੂੰ 46,300 ਕਰੋੜ ਰੁਪਏ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ (2014-24) ਦੌਰਾਨ ਇਹ ਰਾਸ਼ੀ ਵਧ ਕੇ 1,50,214 ਕਰੋੜ ਰੁਪਏ ਹੋ ਗਈ ਹੈ, ਜੋ ਕਿ ਪਿਛਲੇ 10 ਸਾਲਾਂ ਦੇ ਮੁਕਾਬਲੇ 509% ਦਾ ਵਾਧਾ ਹੈ।
ਤਰੁਣ ਚੁੱਘ ਨੇ ਕਿਹਾ ਕਿ ਇਹ ਕਦਮ ‘ਵਿਕਸਿਤ ਭਾਰਤ 2047’ ਦੇ ਸੰਕਲਪ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਜ਼ਾਦ ਭਾਰਤ ਵਿਚ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਮੋਢਿਆਂ 'ਤੇ ਲੱਦ ਕੇ ਘੁੰਮਣਾ ਸਹੀ ਨਹੀਂ ਹੈ ਅਤੇ ਇਨ੍ਹਾਂ ਕਲੰਕਾਂ ਨੂੰ ਮਿਟਾ ਕੇ ਸਮਾਜ ਨੂੰ ਉਸ ਦਾ ਆਤਮ-ਸਨਮਾਨ ਦਿਵਾਉਣਾ ਇਸ ਯਾਤਰਾ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਇਸ ਬਿੱਲ ਨੂੰ ਸਦਨ ਵਿਚ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ‘ਵਿਰਾਸਤ ਤੋਂ ਵਿਕਾਸ’ ਤੱਕ ਦੀ ਇਕ ਮਹੱਤਵਪੂਰਨ ਯਾਤਰਾ ਹੈ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ
NEXT STORY