ਧਰਮਸ਼ਾਲਾ- ਪਿਛਲੇ ਹਫ਼ਤੇ ਦਿੱਲੀ ਵਨ-ਡੇ 'ਚ ਅਰਧ-ਸੈਂਕੜਾ ਜੜਨ ਵਾਲੇ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਕੈਰੀਅਰ ਦੇ ਪਹਿਲੇ ਬੁਰੇ ਦੌਰ 'ਚੋਂ ਨਿਕਲਣ ਲਈ ਉਸ ਨੂੰ ਅਜਿਹੀ ਪਾਰੀ ਦੀ ਸਖ਼ਤ ਲੋੜ ਸੀ।
ਕੋਹਲੀ ਨੇ ਕਿਹਾ ਕਿ ਪਿਛਲੇ 2 ਮੈਚਾਂ 'ਚ ਮੈਂ ਸਪੱਸ਼ਟ ਸੋਚ ਨਾਲ ਉਤਰਿਆ। ਜੇਕਰ ਫਿਰ ਵੀ ਮੈਂ ਇਕੋ ਜਿਹਾ ਸ਼ਾਟ ਖੇਡ ਕੇ ਆਊਟ ਹੁੰਦਾ ਹਾਂ ਤਾਂ ਇਹ ਮੇਰੇ ਲਈ ਮਾਇਨੇ ਨਹੀਂ ਰੱਖਦਾ। ਘੱਟੋ-ਘੱਟ ਮੇਰੀ ਸੋਚ ਸਪੱਸ਼ਟ ਹੈ ਅਤੇ ਮੈਂ ਆਤਮਵਿਸ਼ਵਾਸ ਨਾਲ ਭਰਿਆ ਹਾਂ।
ਮਾਹਿਰਾਂ ਤੇ ਮੀਡੀਆ ਨੇ ਕੋਹਲੀ ਦੀ ਲਗਾਤਾਰ ਆਫ਼ ਸਟੰਪ ਤੋਂ ਬਾਹਰ ਮੂਵ ਕਰਦੀਆਂ ਗੇਂਦਾਂ 'ਤੇ ਵਿਕਟ ਪਿੱਛੇ ਕੈਚ ਫੜ੍ਹਾਉਣ ਲਈ ਆਲੋਚਨਾ ਕੀਤੀ। ਉਸ 'ਤੇ ਉਸ ਨੇ ਕਿਹਾ, ਇਹ ਅਜੀਬ ਗੱਲ ਹੈ। ਜਦੋਂ ਮੈਂ ਦੋ-ਤਿੰਨ ਪਾਰੀਆਂ 'ਚ ਦੌੜਾਂ ਨਹੀਂ ਬਣਾਉਂਦਾ ਤਾਂ ਲੋਕ ਮੈਨੂੰ ਕਹਿੰਦੇ ਹਨ ਕਿ ਤੈਨੂੰ ਵੱਡਾ ਸਕੋਰ ਬਣਾਉਣਾ ਹੈ। ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਪਿਛਲੇ 4-5 ਸਾਲਾਂ ਤੋਂ ਮੈਂ ਸਾਰੇ ਫਾਰਮੈੱਟਾਂ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ। ਮੈਂ ਦਿਖਾਵਾ ਨਹੀਂ ਕਰਦਾ। ਮੈਂ ਇੰਝ ਹੀ ਆਪਣੀ ਕ੍ਰਿਕਟ ਖੇਡਦਾ ਹਾਂ। ਲੋਕਾਂ ਨੂੰ ਕਦਰ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਮਸ਼ੀਨ ਨਹੀਂ, ਇਨਸਾਨ ਹਾਂ।
ਕੋਹਲੀ ਨੇ ਕਿਹਾ ਕਿ ਜਦੋਂ ਉਹ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਸੀ ਤਾਂ ਉਸ ਨੂੰ ਲੋਕਾਂ ਅਤੇ ਜ਼ਿੰਦਗੀ ਬਾਰੇ ਸਿੱਖਣ ਨੂੰ ਮਿਲਿਆ। ਬੁਰੇ ਵਕਤ 'ਚ ਪਤਾ ਚੱਲਦਾ ਹੈ ਕਿ ਕੌਣ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਅਤੇ ਕੌਣ ਤੁਹਾਡੀ ਖਿੱਲੀ ਉਡਾਉਣ ਲਈ ਤਿਆਰ ਹੈ। ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਲੋਕਾਂ ਨੂੰ ਪੂਰੀ ਤਰ੍ਹਾਂ ਬਦਲਦੇ ਹੋਏ ਦੇਖਿਆ। ਮੈਂ ਉਨ੍ਹਾਂ ਨੂੰ 360 ਡਿਗਰੀ ਘੁੰਮਦੇ ਦੇਖਿਆ ਅਤੇ ਇਸ ਨਾਲ ਮੈਨੂੰ ਅਸਲ 'ਚ ਕੋਈ ਹੈਰਾਨੀ ਨਹੀਂ ਹੋਈ। ਕੁੱਲ ਮਿਲਾ ਕੇ ਇਹ ਇਕ ਚੰਗਾ ਤਜੁਰਬਾ ਰਿਹਾ। ਹੁਣ ਮੈਂ ਜਿਆਦਾ ਮਜਬੂਤ ਮਹਿਸੂਸ ਕਰ ਰਿਹਾ ਹਾਂ।
ਭਾਰਤ ਨੇ ਪਿਛਲੇ 4 ਸਾਲਾਂ 'ਚ ਸਭ ਤੋਂ ਵੱਧ ਵਨ-ਡੇ ਜਿੱਤੇ
NEXT STORY