ਮੋਗਾ-ਵਿਸ਼ਵ ਕਬੱਡੀ ਕੱਪ 2013 ਨੂੰ ਖੇਡਣ ਵਾਲਾ ਕੌਮਾਂਤਰੀ ਖਿਡਾਰੀ ਲਵਪ੍ਰੀਤ ਨੀਨਾ ਦਾ ਜਨਮ ਇਤਿਹਾਸਕ ਨਗਰੀ ਗੁਰੂਆਂ ਦੀ ਧਰਤੀ ਪਿੰਡ ਡਰੋਲੀ ਭਾਈ ਜ਼ਿਲਾ ਮੋਗਾ ਵਿਖੇ ਸੁਖਦਰਸ਼ਨ ਸਿੰਘ ਦੇ ਘਰ ਤੇ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1987 'ਚ ਹੋਇਆ। ਅਕਸਰ ਸਿਆਣੇ ਆਖਦੇ ਹਨ ਕਿ ਮਿਹਨਤਾਂ ਦੇ ਮੁੱਲ ਇਕ ਨਾ ਇਕ ਦਿਨ ਮੁੜ ਹੀ ਜਾਂਦੇ ਹਨ। ਬੱਸ ਇਨਸਾਨ ਨੂੰ ਆਪਣੀ ਹਿੰਮਤ ਅਤੇ ਦ੍ਰਿੜ ਇਰਾਦਿਆਂ ਨੂੰ ਬੁਲੰਦ ਕਰਕੇ ਆਪਣੀ ਮੰਜ਼ਿਲ ਪਾਉਣ ਦੇ ਰਸਤੇ ਤੇ ਟੇਢੇ-ਮੇਢੇ ਮੋੜ ਪਾਰ ਕਰਕੇ ਤੁਰਦੇ ਰਹਿਣਾ ਚਾਹੀਦਾ ਹੈ। ਰੱਬ ਆਪੇ ਹੀ ਤਖਤ ਬਿਠਾ ਦਿੰਦਾ ਹੈ। ਸਖਸ਼ੀਅਤ ਪੱਖੋਂ ਉੱਚਾ-ਲੰਮਾ, ਸੋਹਣਾ-ਸੁਨੱਖਾ ਗੱਭਰੂ ਹੈ। ਸੁਭਾਅ ਦਾ ਮਿੱਠਾ ਅਤੇ ਲੋੜਵੰਦਾ ਦੀ ਮਦਦ ਕਰਨ ਵਾਲਾ ਹੈ। ਪੜ੍ਹਾਈ ਦੌਰਾਨ ਹੀ ਨੀਨਾ ਨੈਸ਼ਨਲ ਸਟਾਈਲ ਕਬੱਡੀ ਖੇਡਣ ਲੱਗ ਪਿਆ। ਪਿੰਡ 'ਚ 35 ਲੋਕਾਂ ਦੀ ਟੀਮ ਬਣਾ ਕੇ ਪੰਜਾਬ ਸਟਾਈਲ ਕੱਬਡੀ ਖੇਡਦਾ ਸੀ। ਪਿੰਡ ਦੀ ਓਪਨ ਟੀਮ 'ਚ ਖੇਡਦਿਆਂ ਅਨੇਕਾਂ ਮੈਚ ਜਿੱਤੇ।
ਉਸਦਾ ਫੁਰਤੀਲਾਪਨ ਇਕ ਪ੍ਰਸਿੱਧ ਕਬੱਡੀ ਕੋਚ ਮੱਖਣ ਸਿੰਘ ਡੀ.ਪੀ. ਚੜਿੱਕ ਨੇ ਪਰਖ ਲਿਆ। ਜਗਰਾਓਂ ਦੇ ਕਬੱਡੀ ਟੂਰਨਾਮੈਂਟ 'ਚੋਂ ਨੀਨੇ ਦੀ ਟੀਮ ਲਗਾਤਾਰ ਤਿੰਨ ਸਾਲ ਜੇਤੂ ਰਹੀ। ਪੰਜਾਬ ਦਾ ਅਜਿਹਾ ਕੋਈ ਟੂਰਨਾਮੈਂਟ ਮੈਚ ਨੇ ਜੋ ਨੀਨੇ ਨੇ ਵੱਖਰਾ ਰਿਕਾਰਡ ਬਣਾ ਕੇ ਜਿੱਤਿਆ ਨਾ ਹੋਵੇ। 2009 'ਚ ਨੀਨਾ ਪਹਿਲਾਂ ਵਾਰ ਕੈਨੇਡਾ ਦੀ ਧਰਤੀ 'ਤੇ ਖੇਡਣ ਗਿਆ, ਜਿਥੇ ਉਸਨੇ ਆਪਣੀ ਖੇਡ ਦਾ ਪ੍ਰਦਰਸ਼ਨ ਬਹੁਤ ਵਧੀਆ ਢੰਗ ਨਾਲ ਕੀਤਾ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਉਸਤੋਂ ਬਾਅਦ ਨੀਨਾ ਦੋ ਵਾਰ ਫਿਰ ਕੈਨੇਡਾ ਦੀ ਧਰਤੀ 'ਤੇ ਧੂਮਾਂ ਪਾ ਕੇ ਆਇਆ। ਟੋਰਾਂਟੋ, ਕੈਲਗਰੀ, ਵੈਨਕੂਵਰ ਦੇ ਸਟੇਡੀਅਮਾਂ 'ਚ ਨੀਨਾਂ ਦਾ ਨਾਂ ਅੰਬਰਾਂ 'ਤੇ ਤਾਰਿਆਂ ਵਾਂਗ ਰੌਸ਼ਨ ਹੋ ਗਿਆ।
ਸਭ ਤੋਂ ਵੱਧ ਨੀਨਾ ਕਬੱਡੀ ਦੇ ਚਹੇਤਿਆਂ ਦੀ ਖਿੱਚ ਦਾ ਕੇਂਦਰ ਉਦੋਂ ਬਣਿਆ ਜਦੋਂ ਨੀਨੇ ਦੀ ਸਿਲੈਕਸ਼ਨ ਵਿਸ਼ਵ ਕਬੱਡੀ ਕੱਪ 2013 'ਚ ਹੋਈ। ਕਬੱਡੀ ਕੱਪ 'ਚ ਨੀਨੇ ਨੇ ਆਪਣਾ ਜ਼ੋਰ ਇਸ ਤਰ੍ਹਾਂ ਅਜਮਾਇਆ ਕਿ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਨੀਨੇ ਦਾ ਪ੍ਰਦਰਸ਼ਨ ਕਾਬਲ-ਏ-ਤਾਰੀਫ ਸੀ। ਇਸ ਜੋਸ਼ੀਲੇ ਖਿਡਾਰੀ ਨੇ ਵਿਸ਼ਵ ਕਬੱਡੀ ਕੱਪ 2013 'ਚ ਵਿਰੋਧੀ ਟੀਮਾਂ 'ਤੇ ਧਾਵੀ ਰੂਪ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਅਖੀਰਲੇ ਮੈਚ 'ਚ ਨੀਨੇ ਤੇ ਉਸਦੇ ਸਾਥੀ ਖਿਡਾਰੀਆਂ ਨੇ ਪਾਕਿਸਤਾਨ ਦੀ ਟੀਮ ਦੇ ਖਿਡਾਰੀਆਂ ਨੂੰ ਆਪਣੀ ਹਿੱਕ ਦਾ ਜ਼ੋਰ ਦਿਖਾਦਿਆਂ ਹੋਇਆ ਵਿਸ਼ਵ ਕਬੱਡੀ ਕੱਪ ਆਪਣੇ ਦੇਸ਼ ਨੂੰ ਸਮਰਪਿਤ ਕੀਤਾ।
ਨੀਨਾ ਬਾਲੀਵੁੱਡ ਸਟਾਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੀ ਟੀਮ 'ਚ ਖੇਡ ਰਿਹਾ ਹੈ। ਉਹ ਆਪਣੀ ਖੇਡ ਦਾ ਵਧੀਆ ਜ਼ੋਰ ਦਿਖਾ ਰਿਹਾ ਹੈ। ਨੀਨੇ ਦੀ ਸਿਲੈਕਸ਼ਨ ਡਬਲਿਊ.ਡਬਲਿਊ.ਈ.'ਚ ਵੀ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ 'ਚ ਨੀਨੇ ਦੀ ਸੰਭਾਵਨਾ ਡਬਲਿਊ.ਡਬਲਿਊ.ਈ.'ਚ ਜੌਹਰ ਦਿਖਾਉਣ ਦੀ ਹੈ। ਨੀਨੇ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਆਪਣੇ ਸਿਹਤ ਦੇ ਨਾਲ-ਨਾਲ ਖੇਡਾਂ 'ਚ ਵੀ ਰੁਚੀ ਰੱਖਣੀ ਚਾਹੀਦੀ ਹੈ। ਪ੍ਰਮਾਤਮਾ ਨੀਨੇ ਨੂੰ ਇਸ ਤੋਂ ਵੀ ਉੱਚਾ ਮੁਕਾਮ ਬਖਸ਼ੇ ਅਤੇ ਉਹ ਆਪਣੇ ਪਰਿਵਾਰ, ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦਾ ਰਹੇ।
ਹੁਸ਼ਿਆਰਪੁਰ ਦੇ ਬਲਵੰਤ ਨੇ ਇੰਡੀਅਨ ਫੁੱਟਬਾਲ ਲੀਗ 'ਚ ਗੱਡੇ ਝੰਡੇ (ਵੀਡੀਓ)
NEXT STORY