ਚੰਡੀਗੜ੍ਹ, (ਰਮਨਜੀਤ ਸਿੰਘ)-ਸ਼ੁਰੂ ਤੋਂ ਹੀ ਬ੍ਰਾਹਮਣਾਂ ਤੇ ਬਾਣੀਆਂ ਦੀ ਪਾਰਟੀ ਵਜੋਂ ਦੇਖੀ ਜਾਂਦੀ ਭਾਜਪਾ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਵੱਡੀ ਆਬਾਦੀ ਸਿੱਖਾਂ ਵਿਚ ਵੀ ਖੁਦ ਨੂੰ ਸਥਾਪਿਤ ਕਰਨ ਦੇ ਤਹਿਤ ਕੰਮ ਕਰ ਰਹੀ ਹੈ। ਪੰਜਾਬ ਵਿਚ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਸਿੱਖ ਚਿਹਰੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਨਾ ਦੇ ਕੇ ਸਿੱਖ ਵੋਟ ਬੈਂਕ ਵਿਚ ਆਪਣੀ ਖੇਡ ਵਿਗਾੜ ਚੁੱਕੀ ਭਾਜਪਾ ਹਾਈਕਮਾਨ ਹੁਣ ਉਸੇ ਨਵਜੋਤ ਸਿੰਘ ਸਿੱਧੂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦੇ ਕੇ ਪਾਰਟੀ ਦਾ ਪੰਜਾਬ ਵਿਚ ਆਧਾਰ ਮਜ਼ਬੂਤ ਕਰਨ ਦੀ ਫਿਰਾਕ ਵਿਚ ਹੈ।
ਬ੍ਰਾਹਮਣ ਤੇ ਅਗਰਵਾਲ ਭਾਈਚਾਰਿਆਂ ਦੇ ਆਪਣੇ ਪਰੰਪਰਿਕ ਵੋਟ ਬੈਂਕ ਨੂੰ ਨਾਲ ਨਾਲ ਰੱਖਦਿਆਂ ਭਾਰਤੀ ਜਨਤਾ ਪਾਰਟੀ ਵਲੋਂ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਲਈ ਮਜ਼ਬੂਤੀ ਦੇ ਨਾਲ ਸਿੱਖ ਵੋਟਰਾਂ ਵਿਚ ਪਹੁੰਚ ਬਣਾਉਣ ਲਈ ਗਣਿਤ ਤਿਆਰ ਕੀਤਾ ਜਾ ਰਿਹਾ ਹੈ। ਜਿਥੇ ਇਕ ਪਾਸੇ ਪੰਜਾਬ ਭਾਜਪਾ ਦੇ ਵਰਕਰਾਂ ਦੇ ਇਕ ਧੜੇ ਵਲੋਂ ਸਿੱਧੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਤੇ ਅਗਲੇ ਸੀ. ਐੱਮ. ਦੇ ਤੌਰ 'ਤੇ ਪੇਸ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਭਾਜਪਾ ਹਾਈਕਮਾਨ ਵਿਚ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹਾ ਤੇ ਵੱਡਾ ਮੈਦਾਨ ਦੇਣ ਦੀ ਇੱਛਾ ਨਾਲ ਪੰਜਾਬ ਦੇ ਇੰਚਾਰਜ ਦੇ ਤੌਰ 'ਤੇ ਅਜ਼ਮਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੂੰ ਇਹ ਜ਼ਿੰਮੇਵਾਰੀ ਜਲਦੀ ਹੀ ਸੌਂਪੀ ਜਾ ਸਕਦੀ ਹੈ। ਉੱਧਰ, ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਜਾਣੇ-ਪਛਾਣੇ ਅੰਦਾਜ਼ ਵਿਚ ਰਾਜਨੀਤੀ ਵਿਚ ਹਲਚਲ ਵਧਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਇਕ ਵੱਡੇ ਸਮਾਰੋਹ ਦੀ ਅੰਮ੍ਰਿਤਸਰ ਵਿਚ ਤਿਆਰੀ ਕੀਤੀ ਜਾ ਰਹੀ ਹੈ। 2 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਹੈ ਤੇ ਇਸ ਵਾਰ ਅੰਮ੍ਰਿਤਸਰ ਵਿਚ ਉਨ੍ਹਾਂ ਦੇ ਸਮਰਥਕ ਇਹ ਦਿਨ ਵੱਡੇ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ।
ਦੱਸਣਯੋਗ ਹੈ ਕਿ ਭਾਜਪਾ ਵਲੋਂ ਰਾਜ ਵਿਚ ਜਾਤੀ ਤੇ ਭੂਗੋਲਿਕ ਦੋਵਾਂ ਹੀ ਤਰੀਕਿਆਂ ਨਾਲ ਲੀਡਰਸ਼ਿਪ ਸੰਤੁਲਨ ਬਣਾਇਆ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਸਾਰੇ ਵਰਗਾਂ ਨੂੰ ਬਰਾਬਰਤਾ ਮਿਲੇ। ਭਾਜਪਾ ਵਲੋਂ ਆਪਣੇ ਕੋਟੇ ਦੇ ਮੰਤਰੀਆਂ ਵਿਚ ਅਨੁਸੂਚਿਤ ਜਾਤੀ, ਬ੍ਰਾਹਮਣ, ਅਗਰਵਾਲ ਭਾਈਚਾਰੇ ਨਾਲ ਸਬੰਧਤ ਨੇਤਾਵਾਂ ਨੂੰ ਮੰਤਰੀ ਅਹੁਦਿਆਂ 'ਤੇ ਬਿਠਾਇਆ ਹੋਇਆ ਹੈ। ਪੰਜਾਬ ਦੀ ਵੱਡੀ ਆਬਾਦੀ ਸਿੱਖ ਭਾਈਚਾਰੇ ਦੀ ਇਸ ਲੀਡਰਸ਼ਿਪ ਵਿਚ ਮਹੱਤਤਾ ਨਾਂਹ ਦੇ ਬਰਾਬਰ ਹੈ, ਜਦਕਿ ਭਾਜਪਾ ਦੀ ਸੱਤਾ 'ਚ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਹੀ ਜਾਤੀ ਸਮੀਕਰਨਾਂ ਨੂੰ ਦੇਖਦਿਆਂ ਕਈ ਸੀਟਾਂ 'ਤੇ ਅਗਰਵਾਲ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਤੇ ਇਨ੍ਹਾਂ ਦੇ ਨਤੀਜੇ ਵੀ ਚੰਗੇ ਮਿਲੇ ਸਨ।
ਇਸ ਸਭ ਨੂੰ ਦੇਖਦਿਆਂ ਪਾਰਟੀ ਦੇ ਅੰਦਰ ਇਸ ਸੰਭਾਵਨਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਲੀਡਰਸ਼ਿਪ ਵਿਚ ਕੋਈ ਵੱਡਾ ਪਰਿਵਰਤਨ ਕੀਤੇ ਬਿਨਾਂ, ਗਠਜੋੜ ਸਰਕਾਰ ਵਿਚ ਰਹਿੰਦਿਆਂ 2017 ਦੀਆਂ ਚੋਣਾਂ ਦੀ ਮਜ਼ਬੂਤ ਤਿਆਰੀ ਲਈ ਸਾਬਕਾ ਸੰਸਦ ਮੈਂਬਰ ਤੇ ਪਾਰਟੀ ਦੇ ਸਿੱਖ ਚਿਹਰੇ ਨਵਜੋਤ ਸਿੰਘ ਸਿੱਧੂ ਨੂੰ ਸੰਸਦ ਮੈਂਬਰ ਸ਼ਾਂਤਾ ਕੁਮਾਰ ਦੇ ਨਾਲ ਹੀ ਪੰਜਾਬ ਭਾਜਪਾ ਇੰਚਾਰਜ ਵਰਗੀ ਜ਼ਿੰਮੇਵਾਰੀ ਦਿੱਤੀ ਜਾਵੇ, ਜਿਸ ਨਾਲ ਸਿੱਧੂ ਜਿਥੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਖੁੱਲ੍ਹੇ ਤਰੀਕੇ ਨਾਲ ਕੰਮ ਕਰ ਸਕਣਗੇ, ਉੱਥੇ ਹੀ ਪਾਰਟੀ ਵਲੋਂ ਰਾਜ ਵਿਚ ਸਾਰੇ ਵਰਗਾਂ ਨੂੰ ਮਹੱਤਤਾ ਵੀ ਦਿੱਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਹਾਈਕਮਾਨ ਵਲੋਂ ਇਸ ਸਬੰਧ ਵਿਚ ਫੈਸਲਾ ਇਸੇ ਸਾਲ ਦੇ ਅੰਤ ਤੱਕ ਲੈ ਲਿਆ ਜਾਵੇਗਾ।
5.30 ਘੰਟੇ ਦੀ ਪੁੱਛਗਿਛ ਮਗਰੋਂ ਐਮ.ਪੀ. ਬੋਲੇ ਮੈਨੂੰ ਕੁਝ ਨਹੀਂ ਪਤਾ
NEXT STORY