ਭਗਤਾ ਭਾਈ, (ਪਰਵੀਨ) - ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ ਪਿੰਡ ਦੀਆਂ ਕੁਝ ਔਰਤਾਂ ਨੇ ਇਕ ਪਤੀ-ਪਤਨੀ ਨੂੰ ਸ਼ਰੇਆਮ ਅੱਗ ਲਗਾ ਕੇ ਸਾੜ ਦਿੱਤਾ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਸੁਖਦੇਵ ਸਿੰਘ ਵਲੋਂ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਆਪਣੇ ਘਰ 'ਚ ਬਾਥਰੂਮ ਵਿਚ ਖੜ੍ਹਾ ਸੀ। ਗਲੀ 'ਚ ਕੋਈ ਔਰਤ ਜਾ ਰਹੀ ਸੀ, ਜੋ ਉਸ ਵੱਲ ਦੇਖ ਕੇ ਅੱਗੇ ਚਲੀ ਗਈ। ਕੁਝ ਦੇਰ ਬਾਅਦ ਉਹ ਕੁਝ ਹੋਰ ਔਰਤਾਂ ਨੂੰ ਨਾਲ ਲੈ ਕੇ ਆਈ, ਜਿਨ੍ਹਾਂ ਨੇ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਅਤੇ ਫਰਾਰ ਹੋ ਗਈਆਂ।
ਦੂਜੇ ਪਾਸੇ, ਪਿੰਡ ਦੇ ਕੁਝ ਪ੍ਰਮੁੱਖ ਵਿਅਕਤੀਆਂ ਦਾ ਕਹਿਣਾ ਸੀ ਕਿ ਸੁਖਦੇਵ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਜਿਸ ਨੇ ਗਲੀ 'ਚ ਜਾਂਦੀ ਇਕ ਔਰਤ ਨੂੰ ਮੰਦੇ ਸ਼ਬਦ ਬੋਲੇ। ਸਿੱਟੇ ਵਜੋਂ ਉਸ ਔਰਤ ਤੇ ਹੋਰ ਲੋਕਾਂ ਨੇ ਉਕਤ ਨੂੰ ਅਕਲ ਦੇਣ ਲਈ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਗੁੱਸੇ 'ਚ ਆਏ ਸੁਖਦੇਵ ਸਿੰਘ ਨੇ ਆਪਣੀ ਪਤਨੀ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਮਨਜੀਤ ਕੌਰ ਬਚਣ ਲਈ ਆਪਣੇ ਪਤੀ ਦੇ ਨਾਲ ਲੱਗ ਗਈ, ਜਿਸ ਕਾਰਨ ਦੋਵੇਂ ਹੀ ਅੱਗ ਦੀ ਲਪੇਟ 'ਚ ਆ ਗਏ। ਨੇੜਲੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭਗਤਾ ਭਾਈ ਪਹੁੰਚਾਇਆ, ਜਿਨ੍ਹਾਂ ਦੀ ਗੰਭੀਰ ਹਾਲਤ ਕਾਰਨ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਥਾਣਾ ਦਿਆਲਪੁਰਾ ਦੇ ਤਫਤੀਸ਼ੀ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ ਕਿਉਂਕਿ ਸ਼ਿਕਾਇਤਕਰਤਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਇਸ ਲਈ ਪੂਰੀ ਤਰ੍ਹਾਂ ਪੜਤਾਲ ਕਰਨ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਵੋਟਾਂ ਲਈ ਹੋਵੇਗੀ ਸਿੱਧੂ ਦੀ ਤਾਜਪੋਸ਼ੀ!
NEXT STORY