ਹੁਸ਼ਿਆਰਪੁਰ (ਘੁੰਮਣ)-ਸ਼ਨੀਵਾਰ ਦੁਪਹਿਰ ਸਥਾਨਕ ਫਗਵਾੜਾ ਰੋਡ 'ਤੇ ਰੇਲਵੇ ਕਰਾਸਿੰਗ ਦੇ ਕੋਲ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਆ ਰਹੀ ਰੇਲ ਗੱਡੀ ਹੇਠਾਂ ਆ ਕੇ ਕੱਟੇ ਜਾਣ ਨਾਲ ਇਕ ਨੌਜਵਾਨ ਵਪਾਰੀ ਵਿੱਕੀ ਅਰੋੜਾ (42) ਪੁੱਤਰ ਨਾਨਕ ਸਿੰਘ ਵਾਸੀ ਕ੍ਰਿਸ਼ਨਾ ਨਗਰ ਹੁਸ਼ਿਆਰਪੁਰ ਦੀ ਰਹੱਸਮਈ ਹਾਲਤ 'ਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਜਦੋਂ ਉਕਤ ਗੱਡੀ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਆ ਰਹੀ ਸੀ ਤਾਂ ਰੇਲਵੇ ਟਰੈਕ ਦੇ ਕੋਲ ਫੋਨ 'ਤੇ ਗੱਲ ਕਰ ਰਿਹਾ ਵਿੱਕੀ ਰੇਲ ਟਰੈਕ 'ਤੇ ਆ ਡਿੱਗਿਆ ਤੇ ਗੱਡੀ ਉਸਦੇ ਉੱਪਰੋਂ ਲੰਘ ਗਈ, ਜਿਸ ਦੇ ਸਿੱਟੇ ਵਜੋਂ ਉਸਦੇ ਸਰੀਰ ਦੇ ਦੋ ਟੁਕੜੇ ਹੋ ਗਏ।
ਰੇਲਵੇ ਪੁਲਸ ਅਨੁਸਾਰ ਮੁਢਲੀ ਜਾਂਚ 'ਚ ਇਹ ਆਤਮਹੱਤਿਆ ਦਾ ਮਾਮਲਾ ਜਾਪਦਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਵਿੱਕੀ ਅਰੋੜਾ ਸਥਾਨਕ ਬਸੀ ਖਵਾਜੂ ਸਥਿਤ ਪੁਰਾਣੀ ਸਬਜ਼ੀ ਮਡੀ ਵਿਚ ਕਾਰੋਬਾਰ ਕਰਦਾ ਸੀ। ਸੂਤਰਾਂ ਅਨੁਸਾਰ ਸਵੇਰੇ ਉਸਨੇ ਦੁਕਾਨ ਨਹੀਂ ਖੋਲ੍ਹੀ ਤੇ ਬਸੀ ਖਵਾਜੂ ਵਿਚ ਹੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਘਰ ਚਲਾ ਗਿਆ ਤੇ ਆਪਣਾ ਸਕੂਟਰ ਘਰ ਖੜ੍ਹਾ ਕਰਕੇ ਪੈਦਲ ਹੀ ਘਰੋਂ ਨਿੱਕਲ ਗਿਆ ਸੀ।
ਵਿੱਕੀ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਇਕ ਬੇਟਾ ਤੇ ਬੇਟੀ ਵੀ ਹੈ। ਨੌਜਵਾਨ ਵਪਾਰੀ ਦੀ ਇਸ ਦਰਦਨਾਕ ਮੌਤ ਦੀ ਖ਼ਬਰ ਫੈਲਦਿਆਂ ਹੀ ਬਸੀ ਖਵਾਜੂ ਤੇ ਕ੍ਰਿਸ਼ਨਾ ਨਗਰ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਵਿੱਕੀ ਅਰੋੜਾ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਅਜੇ ਤੱਕ ਪਹੇਲੀ ਬਣੀ ਹੋਈ ਹੈ।
ਪਰਸ ਝਪਟਣ ਵਾਲੇ ਮੋਟਰ ਸਾਈਕਲ ਸਵਾਰਾਂ ਨੂੰ ਗ੍ਰਿਫਤਾਰ ਕੀਤਾ
NEXT STORY